ਢੀਂਡਸਿਆਂ ਨੂੰ ਨੋਟਿਸ ਭੇਜਣ ਲਈ Akali Dal ਨਹੀਂ ਕੱਢ ਸਕਿਆ ‘ਮਹੂਰਤ’

Sukhbir badal
The strange decision of the Akali Dal

ਪਿਛਲੀ 11 ਜਨਵਰੀ ਨੂੰ ਲਿਆ ਗਿਆ ਸੀ ਫੈਸਲਾ, 9 ਦਿਨ ਬੀਤਣ ਦੇ ਬਾਵਜੂਦ ਨਹੀਂ ਭੇਜਿਆ ਗਿਆ ਨੋਟਿਸ

ਢੀਂਡਸਾ ਪਰਿਵਾਰ ਕਰ ਰਿਹਾ ਐ ਅਕਾਲੀ ਦਲ ‘ਤੇ ਲਗਾਤਾਰ ਵਾਰ, ਚੁੱਪ ਬੈਠ ਗਿਆ ਐ ਅਕਾਲੀ ਦਲ

ਨੋਟਿਸ ਵਿੱਚ ਦੋਸ਼ ਪੱਤਰ ਕੀਤਾ ਜਾਏਗਾ ਸ਼ਾਮਲ, ਬਣਾਈ ਜਾ ਰਹੀ ਐ ਪੂਰੀ ਸੂਚੀ

ਚੰਡੀਗੜ, (ਅਸ਼ਵਨੀ ਚਾਵਲਾ)। ਆਪਣੀ ਹੀ ਜੱਦੀ ਪਾਰਟੀ ਦੇ ਖ਼ਿਲਾਫ਼ ਜੰਗ ਛੇੜਨ ਵਾਲੇ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਕਾਰਨ ਦੱਸੋ ਨੋਟਿਸ ਭੇਜਣ ਲਈ ਸ਼੍ਰੋਮਣੀ ਅਕਾਲੀ ਦਲ (Akali Dal ) ਹੁਣ ਤੱਕ ਕੋਈ ਮਹੂਰਤ ਹੀ ਨਹੀਂ ਕੱਢ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ 11 ਜਨਵਰੀ ਨੂੰ ਇਨਾਂ ਦੋਵਾਂ ਢੀਂਡਸਿਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ ਸੀ ਇਸ ਫੈਸਲੇ ਨੂੰ ਲਏ ਹੋਏ 9 ਦਿਨ ਬੀਤ ਚੁੱਕੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਨਾਂ ਦੋਹਾਂ ਨੂੰ ਨੋਟਿਸ ਹੀ ਜਾਰੀ ਨਹੀਂ ਕਰ ਸਕਿਆ।

ਇਸ ਨੋਟਿਸ ਲਈ ਕੋਈ ਮਹੂਰਤ ਕੱਢਣਾ ਬਾਕੀ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਦੇਰੀ ਹੋ ਰਹੀਂ ਹੈ, ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ। ਪਾਰਟੀ ਵੱਲੋਂ ਸਿਰਫ਼ ਇੰਨਾਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਨੋਟਿਸ ਭੇਜ ਦਿੱਤਾ ਜਾਏਗਾ। ਦੂਜੇ ਪਾਸੇ ਢੀਂਡਸਾ ਪਰਿਵਾਰ ਦੇ ਸਾਰੇ ਮੈਂਬਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਹਮਲੇ ਤੇਜ ਕਰ ਦਿੱਤੇ ਗਏ ਹਨ ਅਤੇ ਸਭ ਤੋਂ ਵੱਡਾ ਨਿਸ਼ਾਨਾ ਸੁਖਬੀਰ ਬਾਦਲ ਨੂੰ ਹੀ ਲਗਾਤਾਰ ਬਣਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬਗਾਵਤ ਕਰਕੇ ਬਾਦਲ ਪਰਿਵਾਰ ‘ਤੇ ਹਮਲੇ ਕੀਤੇ ਜਾ ਰਹੇ ਹਨ। ਪਿਛਲੇ ਇੱਕ ਮਹੀਨੇ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਮੁਹਿੰਮ ਵਿੱਚ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਸੁਖਬੀਰ ਬਾਦਲ ਨੂੰ ਉਮੀਦ ਸੀ ਕਿ ਪਰਮਿੰਦਰ ਢੀਂਡਸਾ ਉਨਾਂ ਤੋਂ ਬਗਾਵਤ ਨਹੀਂ ਕਰਨਗੇ ਪਰ ਪਰਮਿੰਦਰ ਢੀਂਡਸਾ ਵੱਲੋਂ ਵੀ ਬਗਾਵਤ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਹੇਠ 11 ਜਨਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ। ਜਿਥੇ ਕਿ ਇਹ ਫੈਸਲਾ ਕੀਤਾ ਜਾਣਾ ਸੀ ਕਿ ਇਨਾਂ ਦੋਵਾਂ ਢੀਂਡਸਿਆਂ ਖ਼ਿਲਾਫ਼ ਕੋਈ ਕਾਰਵਾਈ ਕਰਨੀ ਹੈ ਜਾਂ ਫਿਰ ਹੋਰ ਇੰਤਜ਼ਾਰ ਕਰਨਾ ਹੈ।

ਦੋਹਾਂ ਆਗੂਆਂ ਨੂੰ ਨੋਟਿਸ ਭੇਜਣ ਦਾ ਐਲਾਨ ਕਰ ਦਿੱਤਾ ਗਿਆ।

ਕੋਰ ਕਮੇਟੀ ਦੀ ਮੀਟਿੰਗ ਵਿੱਚ ਇਨਾਂ ਦੋਵਾਂ ਢੀਂਡਸਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ ਹੀ ਪਾਰਟੀ ਤੋਂ ਬਾਹਰ ਕੱਢਣ ਤੱਕ ਦਾ ਫੈਸਲਾ ਲਿਆ ਗਿਆ। ਇਸ ਲਈ ਬਕਾਇਦਾ ਦੋਸ਼ ਪੱਤਰ ਜਾਰੀ ਕਰਕੇ ਦੋਹਾਂ ਆਗੂਆਂ ਨੂੰ ਨੋਟਿਸ ਭੇਜਣ ਦਾ ਐਲਾਨ ਕਰ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਸੀ ਕਿ ਦੋਹਾਂ ਢੀਂਡਸਿਆ ਨੂੰ ਆਪਣੇ ਇਸ ਨੋਟਿਸ ਦਾ ਜੁਆਬ 15 ਦਿਨਾਂ ਦੇ ਅੰਦਰ ਦੇਣਾ ਪਏਗਾ। ਕੋਰ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਇੰਜ ਲਗ ਰਿਹਾ ਸੀ ਕਿ ਤੁਰੰਤ ਹੀ ਢੀਂਡਸਿਆਂ ਨੂੰ ਨੋਟਿਸ ਜਾਰੀ ਕਰਕੇ ਜੁਆਬ ਤਲਬ ਕਰ ਲਿਆ ਜਾਏਗਾ ਪਰ ਇਸ ਫੈਸਲੇ ਨੂੰ ਲਏ ਹੁਣ 9 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਇਨਾਂ ਨੂੰ ਭੇਜਣ ਲਈ ਦੋਸ਼ ਪੱਤਰਾਂ ਸਣੇ ਨੋਟਿਸ ਹੀ ਤਿਆਰ ਨਹੀਂ ਕਰ ਸਕਿਆ।

ਜਲਦ ਭੇਜ ਦਿੱਤਾ ਜਾਏਗਾ ਨੋਟਿਸ : ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਮੰਨਿਆ ਕਿ ਨੋਟਿਸ ਅਜੇ ਤੱਕ ਨਹੀਂ ਭੇਜਿਆ ਜਾ ਸਕਿਆ ਹੈ ਪਰ ਜਲਦ ਹੀ ਨੋਟਿਸ ਭੇਜ ਦਿੱਤਾ ਜਾਏਗਾ, ਇਸ ਸਬੰਧੀ ਕਾਰਵਾਈ ਜਾਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here