ਤਾਲਿਬਾਨ ਨੇ ਹਮਲੇ ਲਈ ਅਮਰੀਕੀ ਫੌਜ ਨੂੰ ਜਿੰਮੇਵਾਰ ਠਹਿਰਾਇਆ
ਅਫਗਾਨਿਸਤਾਨ, (ਏਜੰਸੀ)। ਅਫਗਾਨਿਸਤਾਨ ‘ਚ ਉਤਰੀ ਸ਼ਹਿਰ ਕੁੰਡੁਜ ਦੇ ਨੇੜੇ ਅਫਗਾਨ ਸੁਰੱਖਿਆ ਬਲਾਂ ਵੱਲੋਂ ਵੀਰਵਾਰ ਨੂੰ ਚਲਾਏ ਗਏ ਇੱਕ ਅਭਿਆਨ ਦੌਰਾਨ ਕੀਤੇ ਗਏ ਹਵਾਈ ਹਮਲੇ ‘ਚ ਮਹਿਲਾਵਾਂ ਅਤੇ ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਕੁੰਡੁਜ ਦੇ ਗਵਰਨਰ ਦੇ ਬੁਲਾਰੇ ਨੇਮਾਤੁੱਲਾਹ ਤਿਮੋਰੀ ਨੇ ਕਿਹਾ ਕਿ ਕੁੰਡੁਜ ਸ਼ਹਿਰ ਦੇ ਬਾਹਰੀ ਚਾਰਦਾਰਾ ਜ਼ਿਲ੍ਹੇ ‘ਚ ਅਫਗਾਨ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਹਵਾਈ ਹਮਲੇ ‘ਚ 14 ਜਣਿਆਂ ਦੀ ਮੌਤ ਹੋ ਗਈ। (Airstrikes)
ਤਾਲਿਬਾਨ ਨੇ ਹਮਲੇ ‘ਚ 28 ਨਾਗਰਿਕਾਂ ਦੇ ਮਾਰੇ ਜਾਣ ਦੀ ਗੱਲ ਕਹੀ | Air Attack
ਅਫਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਮੁਹੰਮਦ ਰਾਦਮਾਨਿਸ਼ ਨੇ ਕਈ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਪਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਰਾਦਮਾਨਿਸ਼ ਨੇ ਕਿਹਾ ਕਿ ਇਹ ਅਜੇ ਤੱਕ ਸ਼ਪੱਸ਼ਟ ਨਹੀਂ ਹੋ ਸਕਿਆ ਕਿ ਹਮਲਾ ਅਫਗਾਨ ਹਵਾਈ ਫੌਜ ਨੇ ਕੀਤਾ ਜਾਂ ਅਮਰੀਕੀ ਲੜਾਕੂ ਜਹਾਜ਼ ਨੇ। ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਮਲੇ ‘ਚ 28 ਨਾਗਰਿਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਬਿਆਨ ਅਨੁਸਾਰ ਹਮਲੇ ‘ਚ ਮਾਰੇ ਗਏ ਲੋਕਾਂ ‘ਚ ਮਹਿਲਾਵਾਂ ਅਤੇ ਬੱਚੇ ਜ਼ਿਆਦਾ ਹਨ। ਤਾਲਿਬਾਨ ਨੇ ਇਸ ਹਮਲੇ ਲਈ ਅਮਰੀਕੀ ਫੌਜ ਨੂੰ ਜਿੰਮੇਵਾਰ ਠਹਿਰਾਇਆ ਹੈ।