ਦਿੱਲੀ ਜਿੱਤਣ ਮਗਰੋਂ ਬਠਿੰਡਾ ਲੋਕ ਸਭਾ ਹਲਕੇ ‘ਚ ਆਪ ਦੀਆਂ ਸਰਗਰਮੀਆਂ ਤੇਜ਼

AAP

ਮੀਟਿੰਗਾਂ ‘ਚ ਹੋਣ ਲੱਗੇ 2022 ਦੀਆਂ ਚੋਣ ਤਿਆਰੀਆਂ ਦੇ ਚਰਚੇ

ਬਠਿੰਡਾ/ਮਾਨਸਾ, (ਸੁਖਜੀਤ ਮਾਨ) ਆਮ ਆਦਮੀ ਪਾਰਟੀ (AAP) ਦੀ ਦਿੱਲੀ ਜਿੱਤ ਮਗਰੋਂ ਪੰਜਾਬ ਦੀ ਸਿਆਸਤ ‘ਚ ਵੀ ਹਲਚਲ ਪੈਦਾ ਹੋਈ ਹੈ ਪਾਰਟੀ ਦੇ ਇਕੱਠਾਂ ‘ਚ ਹੁਣ ਤੋਂ ਹੀ 2022 ਦੀਆਂ ਤਿਆਰੀਆਂ ਲਈ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀਆਂ ਕੁੱਲ 9 ਵਿਧਾਨ ਸਭਾ ਸੀਟਾਂ ‘ਚੋਂ 5 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ ਇਸ ਜਿੱਤ ਮਗਰੋਂ ਪਾਰਟੀ ‘ਚ ਖੁਦਮੁਖਤਿਆਰੀ ਦੇ ਉੱਠੇ ਰੌਲੇ ਮਗਰੋਂ ਦੋ ਵਿਧਾਇਕ ਆਪ ਤੋਂ ਪਾਸੇ ਹੋ ਗਏ ਇਸ ਕਾਰਨ ਵਰਕਰ ਵੀ ਥੋੜ੍ਹੇ ਢਿੱਲੇ ਪੈ ਗਏ ਸਨ ਪਰ ਹੁਣ ਇੱਕ ਵਾਰ ਫਿਰ ਆਪ ਦੇ ਖੇਮੇ ‘ਚ ਰੌਣਕ ਪਰਤੀ ਹੈ

ਵੇਰਵਿਆਂ ਮੁਤਾਬਿਕ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ, ਹਲਕਾ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਮੌੜ ਮੰਡੀ ਤੋਂ ਜਗਦੇਵ ਸਿੰਘ ਕਮਾਲੂ, ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਨੇ ਜਿੱਤ ਹਾਸਿਲ ਕੀਤੀ ਸੀ ਪਾਰਟੀ ‘ਚ ਪੈਦਾ ਹੋਈ ਆਪਸੀ ਖਿੱਚੋਤਾਣ ਦੌਰਾਨ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਖਹਿਰਾ ਧੜੇ ਨਾਲ ਖੜ੍ਹ ਗਏ

ਜਦੋਂਕਿ ਹਲਕਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੈਪਟਨ ਦੀ ਹਾਜ਼ਰੀ ‘ਚ ਕਾਂਗਰਸ ਦਾ ਪੱਲਾ ਫੜ੍ਹ ਲਿਆ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਜਿੱਤ ਮਗਰੋਂ ਹੁਣ ਆਪ ਵਿਰੋਧੀ ਖੇਮਿਆਂ ‘ਚ ਸਿਆਸੀ ਭੂਚਾਲ ਆਇਆ ਹੋਇਆ ਹੈ ਪਾਰਟੀ ਤੋਂ ਪਿਛਾਂਹ ਹਟੇ ਆਗੂ ਵੀ ਨੇੜੇ ਲੱਗਣ ਦੀਆਂ ਵਿਉਂਤਾਂ ਘੜਨ ਲੱਗੇ ਨੇ ਉਂਜ ਪਾਰਟੀ ਦੇ ਵਰਕਰਾਂ ‘ਚ ਇਹ ਚਰਚਾ ਭਾਰੂ ਹੈ ਕਿ ਰੁੱਸਿਆਂ ਨੂੰ ਭਾਵੇਂ ਮੁੜ ਪਾਰਟੀ ‘ਚ ਸ਼ਾਮਿਲ ਕਰ ਲਿਆ ਜਾਵੇ ਪਰ 2022 ਦੀਆਂ ਟਿਕਟਾਂ ਦੇ ਕੇ ਨਾ ਨਿਵਾਜਿਆ ਜਾਵੇ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਜਦੋਂ ਕੇਜਰੀਵਾਲ ਨੇ ਮਜੀਠੀਏ ਤੋਂ ਮੁਆਫ਼ੀ ਮੰਗੀ ਸੀ ਤਾਂ ਅਸੀਂ ਉਸਦਾ ਰੋਸ ਜਤਾਇਆ ਤਾਂ ਪਾਰਟੀ ਦੇ ਕੁੱਝ ਆਗੂਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਉਨ੍ਹਾਂ ਆਖਿਆ ਕਿ ਜੇ ਕੁੱਝ ਕਹਾਂਗੇ ਹੀ ਨਹੀਂ ਤਾਂ ਸੁਧਾਰ ਕਿਵੇਂ ਹੋਵੇਗਾ

ਪੰਜਾਬ ਵਾਸੀ 2022 ਦੀਆਂ ਚੋਣਾਂ ਦੀ ਉਡੀਕ ‘ਚ : ਵਿਧਾਇਕਾ ਰੂਬੀ

ਹਲਕਾ ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਕਾਂਗਰਸ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ 2022 ਦੀਆ ਚੋਣਾਂ ‘ਚ ਦਿੱਲੀ ਦੇ ਨਤੀਜਿਆਂ ਨੂੰ ਦੁਹਰਾਉਣਗੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਦਲਿਤਾਂ ਉੱਪਰ ਲਗਾਤਾਰ ਅੱਤਿਆਚਾਰ ਹੋ ਰਹੇ ਹਨ, ਸੂਬੇ ‘ਚ ਕਿਸਾਨ ਅਤੇ ਬੇਰੋਜਗਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਵਿਧਾਇਕਾ ਨੇ ਕਿਹਾ ਕਿ ਦਿੱਲੀ ਦੀ ਜਿੱਤ ਤੋਂ ਬਾਅਦ ਸੂਬੇ ਦੇ ਲੋਕ 2022 ਦੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਤੇ ਸੂਬਾ ਸਰਕਾਰ ਦੇ ਤਾਨਾਸ਼ਾਹ ਰਵੱਈਏ ਦਾ ਜਵਾਬ ਦੇਣ ਲਈ ਤਿਆਰ ਹਨ

ਪੰਜਾਬ ਦੇ ਲੋਕ ਦਿੱਲੀ ਵਰਗੀਆਂ ਸਹੂਲਤਾਂ ਪਾਉਣ ਲਈ ਕਾਹਲੇ : ਪ੍ਰੋ. ਬਲਜਿੰਦਰ ਕੌਰ

ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਆਪਣੇ ਹਲਕੇ ‘ਚ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਰਕਰਾਂ ਨੂੰ ਦਿੱਲੀ ‘ਚ ਹੋਈ ਜਿੱਤ ਦੀ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੇ ਲੋਕ ਵੀ ਦਿੱਲੀ ਵਰਗੀਆਂ ਸਹੂਲਤਾਂ ਪਾਉਣ ਲਈ ਕਾਹਲੇ ਹੋ ਰਹੇ ਹਨ ਕਿਉਂਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਕੋਈ ਵੀ ਸਹੂਲਤਾਂ ਦੇਣ ਦੀ ਬਜਾਏ ਵਾਰ-ਵਾਰ ਬਿਜਲੀ ਦੇ ਰੇਟਾਂ ‘ਚ ਵਾਧਾ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ

ਪੰਜਾਬ ਦੇ ਮਸਲੇ ਪੰਜਾਬ ‘ਚ ਵਿਚਾਰੇ ਜਾਣ : ਕਮਾਲੂ

ਹਲਕਾ ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਦਿੱਲੀ ‘ਚ ਪਾਰਟੀ ਨੇ ਵਧੀਆ ਕੰਮ ਕੀਤਾ ਤਾਂ ਮੁੜ ਫਿਰ ਜਿੱਤ ਮਿਲੀ ਪੰਜਾਬ ਇਕਾਈ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਨੇ ਕਿ ਛੋਟੇਪੁਰ ਸਮੇਤ ਹੋਰ ਨਾਰਾਜ ਬੈਠੇ ਆਗੂਆਂ ਨੂੰ ਨਾਲ ਲੈ ਕੇ ਮਿਹਨਤ ਕੀਤੀ ਜਾਵੇ ਤਾਂ ਜੋ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹੁਣ ਵੀ ਪਾਰਟੀ ‘ਚ ਇੱਕ ਵਰਕਰ ਵਜੋਂ ਵਿਚਰਨ ਲਈ ਤਿਆਰ ਹਨ ਪਰ ਪਾਰਟੀ ਦੇ ਪੰਜਾਬ ਦੇ ਮਸਲੇ ਪੰਜਾਬ ਪੱਧਰ ‘ਤੇ ਹੀ ਵਿਚਾਰੇ ਜਾਣ

ਵਿਧਾਇਕ ਮਾਨਸ਼ਾਹੀਆ ਨੇ ਕਿਹਾ ‘ ਨੋ ਕੁਮੈਂਟ’

ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸਭ ਵਿਧਾਇਕਾਂ ਨੇ ਆਪਣੀ ਗੱਲਬਾਤ ਖੁੱਲ੍ਹ ਕੇ ਕੀਤੀ ਪਰ ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਲੋਕ ਸਭਾ ਚੋਣਾਂ ਮੌਕੇ ਕਾਂਗਰਸ ‘ਚ ਸ਼ਾਮਿਲ ਹੋ ਚੁੱਕੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸਿਰਫ ‘ ਨੋ ਕੁਮੈਂਟ’ ਹੀ ਆਖਿਆ

ਰੁੱਸੇ ਹੋਏ ਵਰਕਰ ਵੀ ਹੁਣ ਨਾਲ ਜੁੜੇ : ਪ੍ਰਿੰ. ਬੁੱਧਰਾਮ

ਹਲਕਾ ਬੁਢਲਾਡਾ ਤੋਂ ਵਿਧਾਇਕ ਅਤੇ ਆਪ ਦੀ ਕੋਰ ਕਮੇਟੀ ਪੰਜਾਬ ਇਕਾਈ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦਾ ਕਹਿਣਾ ਹੈ ਕਿ ਪਾਰਟੀ ਨਾਲੋਂ ਰੁੱਸੇ ਹੋਏ 75 ਫੀਸਦੀ ਵਰਕਰ ਫਿਰ ਜੁੜ ਗਏ ਹਨ ਉਨ੍ਹਾਂ ਆਖਿਆ ਕਿ ਵਰਕਰਾਂ ਨੇ ਉਨ੍ਹਾਂ ਨੂੰ ਮਿਲਕੇ ਆਖਿਆ ਹੈ ਕਿ ਜੇ ਰੁੱਸੇ ਹੋਏ ਆਗੂ ਵਾਪਿਸ ਆਉਂਦੇ ਨੇ ਆਉਣ ਦਿਓ ਪਰ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਜਾਵੇ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਰੁੱਸੇ ਲੀਡਰਾਂ ਨੂੰ ਪਾਰਟੀ ‘ਚ ਵਾਪਸੀ ‘ਤੇ ਟਿਕਟ ਨਹੀਂ ਮਿਲੇਗੀ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਨਾਲ ਲੋਕਾਂ ਨੇ ਕੰਮ ਦੀ ਰਾਜਨੀਤੀ ਦਾ ਨਤੀਜ਼ਾ ਵੇਖ ਲਿਆ ਹੈ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਉਮੀਦ ਹੈ ਕਿ ਸਿਹਤ ਅਤੇ ਸਿੱਖਿਆ ਆਦਿ ਦੇ ਖੇਤਰ ‘ਚ ਸੁਧਾਰ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।