ਘਰ ‘ਚ ਅੱਗ ਲੱਗਣ ਤੋਂ ਬਾਅਦ ਸਿਲੰਡਰਾਂ ਦੇ ਹੋਏ ਧਮਾਕੇ

ਅੱਗ ਬਝਾਉਣ ਵਾਲੇ ਫਾਇਰ ਬਿਗ੍ਰੇਡ ਦੇ ਤਿੰਨ ਮੁਲਾਜ਼ਮ ਹੋਏ ਜ਼ਖ਼ਮੀ

ਅੱਗ ਲੱਗਣ ਕਾਰਨ ਘਰ ਦਾ ਹੋਇਆ 10 ਲੱਖ ਤੋਂ ਵੱਧ ਦਾ ਨੁਕਸਾਨ

ਪੁਲਿਸ ਮੁਲਾਜ਼ਮ ਦੇ ਘਰ ਰੱਖੇ ਹੋਏ ਸਨ 5 ਸਿਲੰਡਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸਥਾਨਕ ਸ਼ਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਅਚਾਨਕ ਅੱਗ ਲੱਗਣ ਤੋਂ ਬਾਅਦ ਘਰ ਅੰਦਰ ਪਏ ਸਿਲੰਡਰ ਫਟਣ ਕਰਕੇ ਅੱਗ ਬਝਾਉਣ ਗਏ ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਏ। ਇਸ ਤੋਂ ਇਲਾਵਾ ਅੱਗ ਕਾਰਨ ਘਰ ਅੰਦਰ ਲੱਖਾਂ ਰੁਪਏ ਦੇ ਨੁਕਸਾਨ ਵੀ ਹੋ ਗਿਆ।

ਇਨ੍ਹਾਂ ਜਖ਼ਮੀ ਮੁਲਾਜ਼ਮਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਹੈ। ਜਾਣਕਾਰੀ ਅਨੁਸਾਰ ਪੁਰਾਣੀ ਸਬਜ਼ੀ ਮੰਡੀ ਨੇੜੇ ਥਾਣਾ ਕੋਤਵਾਲੀ ਵਿਖੇ ਲੱਗੇ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਦੇ ਘਰ ਅੱਜ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ।  ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਤੁਰੰਤ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਤੰਗ ਗਲੀ ਵਿੱਚ ਘਰ ਹੋਣ ਕਾਰਨ ਜਦੋਂ ਫਾਇਰ ਬਿਗ੍ਰੇਡ ਦੇ ਦੋ ਮੁਲਾਜ਼ਮ ਘਰ ਅੰਦਰ ਦਾਖਲ ਹੋਏ।

ਜਦੋਂ ਉਹ ਅੱਗ ਬੁਝਾ ਰਹੇ ਸਨ ਇਸ ਦੌਰਾਨ ਹੀ ਇੱਕ ਸਿਲੰਡਰ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ ਅਤੇ ਉਹ ਉਸ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੇ ਮੂੰਹ ਅਤੇ ਬਾਹਾਂ ਅੱਗ ਨਾਲ ਝੁਲਸ ਗਏ । ਇਸ ਤੋਂ ਬਾਅਦ ਇੱਕ ਹੋਰ ਤੀਜਾ ਫਾਇਰ ਬ੍ਰਿਗੇਡ ਮੁਲਾਜ਼ਮ ਘਰ ਅੰਦਰ ਦਾਖਲ ਹੋਇਆ ਤਾ ਉੱਥੇ ਪਿਆ ਦੂਜਾ ਸਿਲੰਡਰ ਵੀ ਅੱਗ ਨਾਲ ਫੱਟ ਗਿਆ ਜਿਸ ਨਾਲ ਤੀਜਾ ਮੁਲਾਜ਼ਮ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਬੁਝਾਉਣ ਸਮੇਂ ਲਪੇਟ ਵਿੱਚ ਆਉਣ ਕਾਰਨ ਸੀਨੀਅਰ ਫਾਇਰ ਅਫਸਰ ਮਦਨ ਗੋਪਾਲ, ਲੀਡਿੰਗ ਫਾਇਰ ਮੈਨ ਅਮਰਜੀਤ ਸਿੰਘ ਅਤੇ ਫਾਇਰ ਮੈਨ ਰਜਿੰਦਰ ਸਿੰਘ ਕਾਫੀ ਜਖ਼ਮੀ ਹੋ ਗਏ।

ਇਨ੍ਹਾਂ ਵੱਲੋਂ ਫਿਰ ਵੀ ਪੂਰੀ ਬਹਾਦਰੀ ਨਾਲ ਘਰ ਅੰਦਰ ਪਏ ਤਿੰਨ ਹੋਰ ਸਿਲੰਡਰਾਂ ਨੂੰ ਬਾਹਰ ਕੱਢ ਲਿਆ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਇਨ੍ਹਾਂ ਜਖ਼ਮੀ ਮੁਲਾਜ਼ਮਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਇਲਾਜ ਅਧੀਨ ਹਨ। ਸੁਆਲ ਇਹ ਪੀ ਪੈਦਾ ਹੋ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਘਰ 5 ਸਿਲੰਡਰ ਕਿਸ ਲਈ ਰੱਖੇ ਹੋਏ ਸਨ? ਅੱਗ ਲੱਗਣ ਅਤੇ ਧਮਾਕੇ ਕਾਰਨ ਘਰ ਦਾ ਕਾਫੀ ਹਿੱਸਾ ਸੜ ਗਿਆ ਅਤੇ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਤੇ ਇੰਚਾਰਜ਼ ਰਾਹੁਲ ਕੌਸਲ ਦਾ ਕਹਿਣਾ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।