ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

Heroin
ਲੁਧਿਆਣਾ ਵਿਖੇ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤੇ ਗਏ ਤਸਕਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ਼ ਅਧਿਕਾਰੀ।

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ’ਚ ਸਪੈਸ਼ਲ ਟਾਸਕ ਫੋਰਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦਿਆਂ ਉਨਾਂ ਦੇ ਕਬਜ਼ੇ ’ਚੋਂ ਕਰੋੜਾਂ ਰੁਪਏ ਦੀ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। (Heroin) ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਸਕਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਐਸਟੀਐਫ਼ ਰੇਂਜ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਵੱਲੋਂ ਮੁਖ਼ਬਰੀ ’ਤੇ ਕੁਲਦੀਪ ਸਿੰਘ ਉਰਫ਼ ਬੱਬੂ ਵਾਸੀ ਕੋਕਰੀ ਕਲਾਂ (ਮੋਗਾ) ਤੇ ਬੇਅੰਤ ਸਿੰਘ ਉਰਫ਼ ਬਚੀ ਵਾਸੀ ਪਿੰਡ ਹਾਂਸ (ਲੁਧਿਆਣਾ) ਖਿਲਾਫ਼ ਥਾਣਾ ਐਸ.ਟੀ.ਐਫ਼. ਮੁਹਾਲੀ ਵਿਖੇ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : 8 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ

ਉਨਾਂ ਅੱਗੇ ਦੱਸਿਆ ਕਿ ਦੇਵਿੰਦਰ ਕੁਮਾਰ ਉੱਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਹਾਜ਼ਰੀ ’ਚ ਉਕਤਾਨ ਦੇ ਕਬਜ਼ੇ ਵਾਲੀ ਕਾਰ ਦੀ ਤਲਾਸੀ ਦੌਰਾਨ 1 ਕਿੱਲੋ 405 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦੋਵਾਂ ਨੂੰ ਗਿ੍ਰਫਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕੁਲਦੀਪ ਸਿੰਘ ਉਰਫ਼ ਬੱਬੂ ਨੇ ਮੰਨਿਆ ਕਿ ਖੁਦ ਨਸ਼ੇ ਦੇ ਆਦੀ ਹੋਣ ਕਰਕੇ ਉਹ ਨਸ਼ਾ (Heroin) ਦੀ ਤਸਕਰੀ ਕਰਨ ਦਾ ਹੀ ਧੰਦਾ ਕਰਦਾ ਹੈ ਅਤੇ ਆਪਣੇ ਦੋਸਤ ਬੇਅੰਤ ਸਿੰਘ ਉਰਫ਼ ਬਚੀ ਨਾਲ ਮਿਲ ਕੇ ਮੋਗਾ ਤੋਂ ਸਸਤੇ ਭਾਅ ’ਤੇ ਖ੍ਰੀਦ ਕਰਕੇ ਅੱਗੇ ਮਹਿੰਗੇ ਭਾਅ ਹੈਰੋਇਨ ਦੀ ਤਸਕਰੀ ਕਰਦਾ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਦੋਵਾਂ ਨੇ ਪੁੱਛਗਿੱਤ ਦੌਰਾਨ ਇਹ ਵੀ ਮੰਨਿਆ ਹੈ ਕਿ ਉਹ ਪਿਛਲੇ 3-4 ਸਾਲਾਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਬਰਾਮਦ ਹੋਈ ਹੈਰੋਇਨ ਦੀ ਬਜਾਰੀ ਕੀਮਤ ਤਕਰੀਬਨ 7 ਕਰੋੜ ਰੁਪਏ ਹੈ।