Electricity Revolution in Punjab: ਪੰਜਾਬ ਸਰਕਾਰ ਵੱਲੋਂ ਬਿਜਲੀ ਸੈਕਟਰ ਵਿੱਚ ਵੱਡੇ ਬਦਲਾਅ ਲਿਆਂਦੇ ਜਾ ਰਹੇ ਹਨ : ਡਾ. ਬਲਬੀਰ ਸਿੰਘ
Electricity Revolution in Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ 245 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਿਧੀਵਤ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਕੀਤਾ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸੈਕਟਰ ਵਿੱਚ ਵੱਡੇ ਬਦਲਾਅ ਲਿਆਂਦੇ ਜਾ ਰਹੇ ਹਨ, ਤਾਂ ਜੋ ਹਰ ਘਰ, ਹਰ ਖੇਤ ਅਤੇ ਹਰ ਉਦਯੋਗ ਨੂੰ ਨਿਰੰਤਰ ਤੇ ਉੱਚ-ਗੁਣਵੱਤਾ ਵਾਲੀ ਬਿਜਲੀ ਉਪਲੱਬਧ ਹੋ ਸਕੇ।
Read Also : Punjab Farmers: ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ੋਰਦਾਰ ਰੋਸ ਧਰਨਾ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਹੁਣ ਉਸੇ ਤਰ੍ਹਾਂ ਬਿਜਲੀ ਖੇਤਰ ਵਿੱਚ ‘ਬਿਜਲੀ ਕ੍ਰਾਂਤੀ’ ਨੂੰ ਤੇਜ਼ ਰਫਤਾਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਤੋਂ ਬਿਨਾਂ ਨਾ ਘਰ ਚੱਲਦਾ ਹੈ, ਨਾ ਖੇਤੀ ਤੇ ਨਾ ਹੀ ਉਦਯੋਗ। ਸਮਾਜ ਅਤੇ ਅਰਥਵਿਵਸਥਾ ਦੇ ਹਰੇਕ ਪੱਖ ਨੂੰ ਚਲਾਉਣ ਲਈ ਬਿਜਲੀ ਸਭ ਤੋਂ ਮਹੱਤਵਪੂਰਨ ਸਰੋਤ ਹੈ।
Electricity Revolution in Punjab
ਉਨ੍ਹਾਂ ਕਿਹਾ ਕਿ 245 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਅੱਪਗ੍ਰੇਡ ਕੀਤਾ ਜਾਵੇਗਾ। ਇਸ ਵਿੱਚ ਪੁਰਾਣੀਆਂ ਤੇ ਜਰਜ਼ਰ ਬਿਜਲੀ ਲਾਈਨਾਂ ਦੀ ਮੁਰੰਮਤ, ਨਵੀਆਂ ਲਾਈਨਾਂ ਦੀ ਉਸਾਰੀ, ਉੱਚ ਸਮਰੱਥਾ ਵਾਲੇ ਨਵੇਂ ਟਰਾਂਸਫਾਰਮਰ ਲਾਉਣਾ ਸ਼ਾਮਲ ਹੈ। ਇਸ ਨਾਲ ਨਾ ਸਿਰਫ ਪਾਵਰ ਕੱਟ ਖਤਮ ਹੋਣਗੇ, ਸਗੋਂ ਵੋਲਟੇਜ ਫਲਕਚੂਏਸ਼ਨ ਤੋਂ ਵੀ ਮੁਕਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਨੂੰ ਆਮ ਜਨਤਾ ਦੀ ਮੁੱਢਲੀ ਲੋੜ ਸਮਝਦੀ ਹੈ ਅਤੇ ਇਸਨੂੰ ਸਧਾਰਨ ਤੇ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਮੌਜ਼ੂਦ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਕੰਮਾਂ ਦੀ ਗਤੀ ਤੇਜ਼ ਰੱਖੀ ਜਾਵੇਗੀ ਤਾਂ ਜੋ ਨਤੀਜੇ ਜਲਦੀ ਸਾਹਮਣੇ ਆ ਸਕਣ। ਇਸ ਮੌਕੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ , ਜਸਬੀਰ ਗਾਂਧੀ ਤੋਂ ਇਲਾਵਾ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।