ਦੀਵਾਲੀ ਤੋਂ ਬਾਅਦ ਹੋਵੇਗਾ ਕਿਸਾਨਾਂ ਦਾ ਮਸਲਾ ਹੱਲ਼,  ਰਾਜਨਾਥ ਸਿੰਘ ਨੇ ਕੀਤੀ ਕਿਸਾਨ ਆਗੂ ਨਾਲ ਫੋਨ ‘ਤੇ ਗੱਲ

Rajnath, Tribute, Martyrs

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ

ਦੀਵਾਲੀ ਤੋਂ ਬਾਅਦ ਰਾਜਨਾਥ ਸਿੰਘ ਦੇ ਘਰ ਹੋਵੇਗੀ ਕਿਸਾਨ ਆਗੂਆਂ ਦੀ ਮੀਟਿੰਗ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਦੀਵਾਲੀ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਸਾਰੇ ਮਾਮਲੇ ਦਾ ਹੱਲ ਕੱਢਣ ਨੂੰ ਤਿਆਰ ਹੈ। ਇਸ ਲਈ ਖ਼ੁਦ ਰਾਜਨਾਥ ਸਿੰਘ ਨੇ ਕਿਸਾਨ ਆਗੂ ਨਾਲ 20 ਮਿੰਟ ਤੋਂ ਜਿਆਦਾ ਸਮਾਂ ਫੋਨ ‘ਤੇ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਹੈ। ਦੀਵਾਲੀ ਤੋਂ ਬਾਅਦ ਦਿੱਲੀ ਵਿਖੇ ਗ੍ਰਹਿ ਮੰਤਰੀ ਰਾਜਨਾਥ ਦੀ ਕੋਠੀ ਵਿਖੇ ਹੀ ਕਿਸਾਨਾਂ ਨਾਲ ਮੀਟਿੰਗ ਹੋਏਗੀ, ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਮੌਜੂਦ ਰਹਿਣਗੇ। ਜਿਸ ਕਾਰਨ ਹੁਣ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਜਲਦ ਹੀ ਗੱਲਬਾਤ ਨਾਲ ਹੱਲ ਹੋ ਸਕਦਾ ਹੈ।

ਦਿੱਲੀ ਵਿਖੇ ਕਿਸਾਨ ਲੀਡਰਾਂ ਦੀ ਮੀਟਿੰਗ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਤੈਅ ਕਰਵਾਈ ਹੈ। ਸੁਰਜੀਤ ਕੁਮਾਰ ਜਿਆਣੀ ਦਿੱਲੀ ਵਿਖੇ ਕਿਸਾਨਾਂ ਦੇ ਮਾਮਲੇ ਦਾ ਹੱਲ ਕੱਢਣ ਲਈ ਗਏ ਹੋਏ ਸਨ ਅਤੇ ਉਨ੍ਹਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਹੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੀਟਿੰਗ ਕੀਤੀ ਹੈ। ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਉਨ੍ਹਾਂ ਦੀ ਚੰਗੇ ਤਰੀਕੇ ਨਾਲ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਹੋਈ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਲੀਡਰ ਬਲਬੀਰ ਰਾਜੇਵਾਲ ਨਾਲ ਕਾਫ਼ੀ ਦੇਰ ਫੋਨ ‘ਤੇ ਗਲਬਾਤ ਕਰਦੇ ਹੋਏ ਮਾਮਲੇ ਦਾ ਹੱਲ ਕੱਢਣ ਲਈ ਵਾਅਦਾ ਤੱਕ ਕਰ ਦਿੱਤਾ ਹੈ।

ਗ੍ਰਹਿ ਮੰਤਰੀ ਵੱਲੋਂ ਖ਼ੁਦ ਕਿਸਾਨ ਆਗੂ ਨੂੰ ਕਿਹਾ ਗਿਆ ਕਿ ਉਹ ਮੀਟਿੰਗ ਲਈ ਦਿੱਲੀ ਵਿਖੇ ਦੀਵਾਲੀ ਤੋਂ ਬਾਅਦ ਆਉਣ ਅਤੇ ਮੀਟਿੰਗ ਵਿੱਚ ਹਰ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਬਲਬੀਰ ਸਿੰਘ ਰਾਜੇਵਾਲ ਦੀ ਮੰਗ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮੀਟਿੰਗ ਲਈ ਸੱਦਾ ਲਿਖਤੀ ਰੂਪ ਵਿੱਚ ਦੇਣ ਦੀ ਗੱਲ ਵੀ ਸਵੀਕਾਰ ਕਰ ਲਈ ਹੈ। ਇਸ ਨਾਲ ਹੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਪੰਜਾਬ ਵਿੱਚ ਰੇਲ ਮੁੜ ਪਟੜੀ ‘ਤੇ ਦੌੜਦੀ ਨਜ਼ਰ ਆਵੇਗੀ।

Pakistan, Na Pak, Rajnath Singh

ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਮੀਟਿੰਗ ਵਿੱਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਕਦੇ ਵੀ ਕਿਸਾਨਾਂ ਨਾਲ ਮੀਟਿੰਗ ਤੋਂ ਪਿੱਛੇ ਨਹੀਂ ਹਟੇ ਅਤੇ ਹੁਣ ਵੀ ਉਹ ਮੀਟਿੰਗ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸਾਨ ਦਿੱਲੀ ਆ ਕੇ ਮੀਟਿੰਗ ਕਰਨਾ ਚਾਹੁੰਦੇ ਹਨ ਤਾਂ ਉਹ ਇੱਕ ਵਾਰ ਨਹੀਂ ਸਗੋਂ ਜਿੰਨੇ ਮਰਜ਼ੀ ਵਾਰ ਕਿਸਾਨ ਕਹਿਣ, ਉਨੀਂ ਵਾਰ ਮੀਟਿੰਗ ਕਰਨ ਲਈ ਤਿਆਰ ਹਨ। ਜਿਆਣੀ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਮੌਕੇ ਪੰਜਾਬ ਦੇ ਭਾਜਪਾ ਲੀਡਰ ਵੀ ਮੌਕੇ ‘ਤੇ ਮੌਜੂਦ ਰਹਿਣਗੇ ਤਾਂ ਕਿ ਗੱਲਬਾਤ ਨੂੰ ਸਿਰੇ ਲਗਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.