‘ਸ਼ਰਧਾਲੂਆਂ ਤੇ ਪੂਜਨੀਕ ਗੁਰੂ ਜੀ ਦੇ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਝੂਠ ਦਾ ਪੁਲੰਦਾ’
ਫਰੀਦਕੋਟ (ਸੱਚ ਕਹੂੰ ਨਿਊਜ਼)। ਪੰਜਾਬ ਪੁਲਿਸ ਨੇ ਬੇਅਦਬੀ ਮਾਮਲੇ ‘ਚ ਪੂਜਨੀਕ ਗੁਰੂ ਜੀ ਦਾ ਨਾਂਅ ਜੋੜ ਕੇ ਜਾਂਚ ਦੇ ਨਾਂਅ ‘ਤੇ ਸਿਰਫ਼ ਇੱਕ ਝੂਠ ਦਾ ਪੁਲੰਦਾ ਹੀ ਤਿਆਰ ਕੀਤਾ ਹੈ। ਇਹ ਵਿਚਾਰ ਪ੍ਰਗਟ ਕਰਦੇ ਹੋਏ ਡੇਰਾ ਸੱਚਾ ਸੌਦਾ (Dera Sacha sauda) ਦੀ ਸਾਧ-ਸੰਗਤ ਨੇ ਭਾਰੀ ਰੋਸ ਪ੍ਰਗਟ ਕੀਤਾ ਹੈ। ਸਾਲ 2015 ‘ਚ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਬੀਤੇ ਸੋਮਵਾਰ ਨੂੰ ਗ੍ਰਿਫ਼ਤਾਰ ਪੰਜ ਡੇਰਾ ਸ਼ਰਧਾਲੂਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਉਨ੍ਹਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।
ਅਦਾਲਤ ‘ਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਦੱਸਿਆ ਕਿ ਉਕਤ ਮਾਮਲਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸ਼ਰਧਾਲੂਆਂ ਖਿਲਾਫ਼ ਪੁਲਿਸ ਵੱਲੋਂ ਘੜੀ ਗਈ ਝੂਠੀ ਕਹਾਣੀ ਹੈ, ਜੋ ਅਦਾਲਤ ‘ਚ ਬਿਲਕੁਲ ਨਹੀਂ ਟਿਕੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਡੇਰਾ ਸ਼ਰਧਾਲੂਆਂ ਖਿਲਾਫ਼ ਕੋਈ ਦੋਸ਼ ਬਣਦਾ ਹੀ ਨਹੀਂ ਹੈ, ਜਿਸ ‘ਚ ਸ਼ਰਧਾਲੂਆਂ ਨੂੰ ਬੇਵਜ੍ਹਾ ਫਸਾਇਆ ਗਿਆ ਹੈ।
ਦੱਸਿਆ ਜਾਂਦਾ ਹੈ ਕਿ 4 ਜੁਲਾਈ ਨੂੰ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਸੱਤ ਡੇਰਾ ਸ਼ਰਧਾਲੂਆਂ ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ‘ਚ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਦੋ ਸ਼ਰਧਾਲੂਆਂ ਨੂੰ ਪਹਿਲਾਂ ਹੀ ਸੀਬੀਆਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾ ਚੁੱਕੀ ਸੀ, ਜਿਨ੍ਹਾਂ ਨੂੰ ਅਦਾਲਤ ਨੇ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ।
ਪੁਲਿਸ ਸ਼ਰੇਆਮ ਡੇਰਾ ਸ਼ਰਧਾਲੂਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ : ਹਰਚਰਨ ਸਿੰਘ
ਓਧਰ ਡੇਰਾ ਸ਼ਰਧਾਲੂ ਹਰਚਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਸ਼ਰੇਆਮ ਡੇਰਾ ਸ਼ਰਧਾਲੂਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਡੇਰਾ ਸ਼ਰਧਾਲੂਆਂ ਦਾ ਇਨ੍ਹਾਂ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਕਿਸੇ ਰੰਜ਼ਿਸ ਤਹਿਤ ਹੋ ਰਿਹਾ ਹੈ। ਹਰਚਰਨ ਸਿੰਘ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਦਾ ਝੂਠ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਇੱਕ ਹੀ ਮਾਮਲੇ ਦੀ ਜਾਂਚ ਦੋ ਏਜੰਸੀਆਂ ਕਿਵੇਂ ਕਰ ਸਕਦੀਆਂ ਹਨ? ਉਨ੍ਹਾਂ ਕਿਹਾ ਕਿ ਪੁਲਿਸ ਦਾ ਇੱਕੋ-ਇੱਕ ਮਕਸਦ ਸ਼ਰਧਾਲੂਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਮਾਮਲੇ ‘ਚ ਉਲਝਾ ਕੇ ਸਮਾਜਿਕ ਭਲਾਈ ਦੇ ਕਾਰਜਾਂ ਤੋਂ ਹਟਾਉਣਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ