25 ਜੁਲਾਈ ਦੀ ਸੂਬਾ ਪੱਧਰੀ ਰੈਲੀ ਦੀ ਜਗ੍ਹਾਂ ਹੁਣ 25 ਨੂੰ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਪੁਤਲੇ ਫੂਕਣਗੇ ਮੁਲਾਜ਼ਮ ਤੇ ਪੈਨਸ਼ਨ
ਸੱਚ ਕਹੂੰ ਨਿਊਜ, ਪਟਿਆਲਾ
ਆਪਣੇ ਹੀ ਕੀਤੇ ਵਾਅਦਿਆਂ ਤੋਂ ਵਾਰ ਵਾਰ ਮੁਕਰਨ ਅਤੇ ਮੌਜੂਦਾ ਸਮੇਂ ਕੁੰਭਕਰਨੀ ਨੀਂਦ ਵਿੱਚ ਸੁੱਤੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ‘ਪਟਿਆਲਾ ਆਓ ਸਰਕਾਰ ਜਗਾਓ’ ਤਹਿਤ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਮੌਸਮ ਦੇ ਹਲਾਤਾਂ ਨੂੰ ਦੇਖਦਿਆਂ ਫੇਬਦਲ ਕਰ ਦਿੱਤਾ ਹੈ। ਹੁਣ 25 ਜੁਲਾਈ ਨੂੰ ਸੂਬਾ ਪੱਧਰੀ ਰੈਲ਼ੀ ਦੀ ਬਜਾਏ ਮੁਲਾਜ਼ਮ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਮੈਂਬਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣਗੇ ਤੇ ਪਟਿਅਲਾ ਵਿਖੇ ਅਗਲੀ ਸੂਬਾ ਪੱਧਰੀ ਰੈਲੀ ਦਾ ਐਲਾਨ ਕਰਨਗੇ। ਇਹ ਮਤਾ ਅੱਜ ਪਟਿਆਲਾ ਵਿਖੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ ਜ਼ੋਨ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਸ ਸਬੰਧੀ ਨਿਰਮਲ ਸਿੰਘ ਧਾਲੀਵਾਲ, ਹਰਭਜਨ ਸਿੰਘ ਪਿਲਖਣੀ, ਉੱਤਮ ਸਿੰਘ ਬਾਗੜੀ, ਗੁਰਦੇਵ ਸਿੰਘ ਰੋਪੜ, ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ, ਬਜ਼ੁਰਗਾਂ ਤੇ ਮੁਲਾਜ਼ਮਾਂ ਦਾ ਕੋਈ ਫਿਕਰ ਨਹੀਂ ਹੈ ਤੇ ਮੁਲਾਜ਼ਮਾਂ ਨਾਲ ਹਰ ਵਾਰ ਲਾਰਾ ਲਾਓ ਨੀਤੀ ਅਪਣਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਬਾਵਜੂਦ ਕੈਬਿਨਟ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਮੁਲਾਜ਼ਮ ਵਰਗ ਬਹੁਤ ਗੁੱਸੇ ਵਿਚ ਹੈ। ਆਗੂਆਂ ਨੇ ਕਿਹਾ ਕਿ ਮੌਸਮ ਤੇ ਬਾਰਸ਼ ਕਾਰਨ ਸੂਬੇ ‘ਚ ਪੈਦਾ ਹੋਏ ਹਾਲਾਤਾਂ ਕਰਕੇ ਮੁਲਾਜ਼ਮ ਵਰਗ ਦੀਆਂ ਡਿਊਟੀਆਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ ਤੇ ਪਾਣੀ ਤੇ ਹੜ੍ਹਾਂ ਦੀ ਸਥਿਤੀ ਕਰਕੇ ਸੂਬਾ ਪੱਧਰੀ ਰੈਲੀ ਅੱਗੇ ਪਾ ਦਿੱਤੀ ਗਈ ਹੈ। ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਭਰੋਸੇ ‘ਤੇ ਮੁਲਤਵੀ ਕੀਤਾ ਮਰਨ ਵਰਤ ਵਰਗਾਂ ਕਰੜਾ ਸਘੰਰਸ਼ ਕਰਨ ਨੂੰ ਮੁੜ ਮਜ਼ਬੂਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।