ਕੇਜਰੀ ਨੇ ਮਜੀਠੀਆ ਤੋਂ ਮੰਗੀ ਮਾਫ਼ੀ
- ਕੇਜਰੀਵਾਲ ਦੇ ਵਕੀਲ ਨੇ ਮਾਫ਼ੀ ਵਾਲੀ ਚਿੱਠੀ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕੀਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੁਕਦੇ ਹੋਏ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਹੈ। ਅਰਵਿੰਦ ਕੇਜਰੀਵਾਲ ਵੱਲੋਂ ਬਕਾਇਦਾ ਲਿਖਤੀ ਤੌਰ ‘ਤੇ ਮਾਫ਼ੀ ਮੰਗਦੇ ਹੋਏ ਬਿਕਰਮ ਮਜੀਠੀਆ ‘ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਵਾਪਸ ਲੈ ਕੇ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ ਕੇਜਰੀਵਾਲ ਦੇ ਵਕੀਲਾਂ ਨੇ ਮੁਆਫ਼ੀ ਵਾਲਾ ਪੱਤਰ ਅੱਜ ਵੀਰਵਾਰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ। ਮਾਫ਼ੀ ਮੰਗੇ ਜਾਣ ‘ਤੇ ਬਿਕਰਮ ਮਜੀਠੀਆ ਨੇ ਵੀ ਮਾਣ-ਹਾਨੀ ਦਾ ਮਾਮਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ‘ਤੇ ਅਰਵਿੰਦ ਕੇਜਰੀਵਾਲ ਵੱਲੋਂ ਕਾਫ਼ੀ ਜ਼ਿਆਦਾ ਗੰਭੀਰ ਦੋਸ਼ ਲਾਏ ਗਏ ਸਨ, ਜਿਸ ਨਾਲ ਨਾ ਸਿਰਫ਼ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਇਆ ਸੀ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਨਾਲ ਜੂਝਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ ਲਈ ਕਿਹਾ ਸੀ।
ਇਸੇ ਕਾਰਨ ਉਨ੍ਹਾਂ ਨੇ ਸਾਲ 2016 ਵਿੱਚ ਅੰਮ੍ਰਿਤਸਰ ਅਦਾਲਤ ਵਿੱਚ ਮਾਣ ਹਾਨੀ ਦਾ ਕੇਸ ਕੀਤਾ ਸੀ। ਮਜੀਠੀਆ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਆਪ ਲੀਡਰ ਅਸ਼ੀਸ਼ ਖੇਤਾਨ ਦੀ ਮੌਜੂਦਗੀ ਵਿੱਚ ਅਰਵਿੰਦ ਕੇਜਰੀਵਾਲ ਦੇ ਵਕੀਲਾਂ ਨੇ ਮੁਆਫ਼ੀ ਨਾਮੇ ਨੂੰ ਪੇਸ਼ ਕੀਤਾ। ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੇ ਕਾਫ਼ੀ ਗੰਭੀਰ ਦੋਸ਼ ਰੈਲੀ ਅਤੇ ਕਾਨਫਰੰਸ ਦੌਰਾਨ ਮਜੀਠੀਆ ‘ਤੇ ਲਾਏ ਸਨ, ਜਿਸ ਕਾਰਨ ਉਹ ਆਪਣੇ ਸਾਰੇ ਬਿਆਨ ਵਾਪਸ ਲੈਂਦੇ ਹੋਏ ਮਾਫ਼ੀ ਮੰਗਦੇ ਹਨ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਮਾਫ਼ੀ ਮੰਗੇ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹੇ, ਇਸ ਲਈ ਹੁਣ ਜਦੋਂ ਮੌਕੇ ਦੇ ਇੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਫ਼ੀ ਮੰਗ ਲਈ ਹੈ ਤਾਂ ਉਹ ਆਪਣਾ ਕੇਸ ਵਾਪਸ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹੋ ਜਿਹੀ ਗੰਦੀ ਅਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਕਿਸੇ ਨੂੰ ਸਮਾਜ ਵਿੱਚ ਭੈੜਾ ਪੇਸ਼ ਕਰੇ।
ਕੰਵਰ ਸੰਧੂ ਤੇ ਸੁਖਪਾਲ ਖਹਿਰਾ ਵੱਲੋਂ ਕੇਜਰੀਵਾਲ ਦਾ ਸਟੈਂਡ ਰੱਦ
ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਫ਼ੀ ਮੰਗਣਾ ਗਲ਼ਤ ਹੈ ਇਸ ਮਾਮਲੇ ‘ਚ ਸਾਡੇ ਨਾਲ ਕੇਜਰੀਵਾਲ ਨੇ ਕੋਈ ਰਾਇ ਨਹੀਂ ਕੀਤੀ ਅਸੀਂ ਨਸ਼ਾ ਤਸੱਕਰੀ ਖਿਲਾਫ਼ ਸੰਘਰਸ਼ ਜਾਰੀ ਰੱਖਾਂਗੇ ਆਪ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਸੱਚਾਈ ਦੇ ਰਸਤੇ ‘ਤੇ ਚੱਲਦਿਆਂ ਮਾਣਹਾਨੀ ਦੇ ਕੇਸ ਤੋਂ ਨਹੀਂ ਡਰਨਾ ਚਾਹੀਦਾ।