ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਨੂੰ ਕੁੱਟ ਕੇ ਭੱਜਣ ਵਾਲੇ ਆਏ ਪੁਲਿਸ ਅੜਿੱਕੇ
Bathinda Crime News: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਬੀੜ ਤਲਾਬ ਏਰੀਏ ’ਚ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮਾਂ ਨੇ ਓਵਰ ਬ੍ਰਿਜ ਤੋਂ ਛਾਲ ਮਾਰੀ ਸੀ, ਜਿਸ ਕਾਰਨ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਪ੍ਰੇਮ ਕੁਮਾਰ ਵਾਸੀ ਬੀੜ ਤਲਾਬ ਬਸਤੀ ਦੇ ਬਿਆਨਾਂ ’ਤੇ ਥਾਣਾ ਸਦਰ ਬਠਿੰਡਾ ’ਚ ਮਾਮਲਾ ਦਰਜ਼ ਕੀਤਾ ਗਿਆ ਹੈ।
ਵੇਰਵਿਆਂ ਮੁਤਾਬਿਕ ਪ੍ਰੇਮ ਕੁਮਾਰ ਵਾਸੀ ਬੀੜ ਤਲਾਬ ਬਸਤੀ ਨੰਬਰ 06, ਜੋ ਰੇਲਵੇ ’ਚ ਨੌਕਰੀ ਕਰਦਾ ਹੈ ਤੇ ਸਮਾਜ ਸੇਵਾ ਦਾ ਕੰਮ ਕਰਦਾ ਹੈ ਪ੍ਰੇਮ ਕੁਮਾਰ ਆਪਣੇੇ ਇਲਾਕੇ ’ਚ ਵਿਕਦੇ ਨਸ਼ੇ ਦਾ ਵਿਰੋਧ ਕਰਦਾ ਸੀ, ਜਿਸਦੀ ਰੰਜਿਸ਼ ਤਹਿਤ ਬੀਤੀ ਰਾਤ ਪਵਨ ਉਰਫ ਸੁਖੀ ਪੁੱਤਰ ਵਿਸ਼ਨੂੰ, ਚਿੰਟੂ ਉਰਫ ਬਾਜਾ ਪੁੱਤਰ ਬਾਬੂ ਲਾਲ, ਸੋਨੂੰ ਉਰਫ ਕਲਯੁੱਗ, ਨਰਿੰਦਰ ਉਰਫ ਕਾਕੂ ਪੁੱਤਰ ਮੋਹਨਾ, ਅਜੈ ਉਰਫ ਬਿੱਲੂ ਪੁੱਤਰ ਦਰਸ਼ਨ, ਹਨੀ ਉਰਫ ਬੀਜੀ, ਬਲਵਿੰਦਰ ਸਿੰਘ ਉਰਫ ਬੂਬਮ ਪੁੱਤਰ ਵੀਰ ਸਿੰਘ ਵਾਸੀਆਨ ਬਸਤੀ ਨੰਬਰ 6 ਬੀੜ ਤਲਾਬ ਬਸਤੀ ਆਦਿ ਨੇ ਪ੍ਰੇਮ ਕੁਮਾਰ ਨੂੰ ਉਸ ਵੇਲੇ ਘੇਰ ਕੇ ਕੁੱਟਿਆ ਜਦੋਂ ਪ੍ਰੇਮ ਕੁਮਾਰ ਲੰਘੀ ਰਾਤ ਕਰੀਬ ਪੌਣੇ 9 ਵਜੇ ਆਪਣੇ ਘਰ ਵੱਲ ਜਾ ਰਿਹਾ ਸੀ। ਮੁਲਜ਼ਮ ਪ੍ਰੇਮ ਕੁਮਾਰ ਦੀ ਰਾਡਾ ਅਤੇ ਕਿਰਪਾਨਾਂ ਆਦਿ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ: Gold theft: ਚੋਰ ਦਿਨ-ਦਿਹਾੜੇ ਘਰ ’ਚੋਂ ਦੋ ਤੋਲੇ ਸੋਨਾ ਲੈ ਫੁਰਰ
ਸ਼ਿਕਾਇਤ ਮਿਲਣ ’ਤੇ ਡੀਐਸਪੀ ਬਠਿੰਡਾ ਦਿਹਾਤੀ ਹਿਨਾ ਗੁਪਤਾ ਦੀ ਅਗਵਾਈ ’ਚ ਮੁੱਖ ਅਫ਼ਸਰ ਥਾਣਾ ਸਦਰ ਬਠਿੰਡਾ ਅਨੁਭਵ ਜੈਨ ਅਤੇ ਇੰਚਾਰਜ ਸੀਆਈਏ ਸਟਾਫ 1 ਅਤੇ 2 ਬਠਿੰਡਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਤਕਨੀਕੀ ਅਤੇ ਖੁਫੀਆ ਸੂਚਨਾ ਦੇ ਆਧਾਰ ’ਤੇ ਮੁਕੱਦਮੇ ’ਚ ਨਾਮਜ਼ਦ ਮੁਲਜ਼ਮਾਂ ਪਵਨ, ਜਤਿੰਦਰ ਕੁਮਾਰ, ਸੋਨੂੰ, ਨਰਿੰਦਰ, ਅਜੈ, ਹਨੀ ਅਤੇ ਬਲਵਿੰਦਰ ਸਿੰਘ ਨੂੰ 12 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਕੁੱਝ ਮੁਲਜ਼ਮਾਂ ਨੇ ਪੁਲ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਾਰਨ ਚਾਰ ਜਣੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਤੋਂ ਨਸ਼ਾ ਤਸਕਰੀ ਆਦਿ ਬਾਰੇ ਵਧੇਰੇ ਪੁੱਛਗਿੱਛ ਕੀਤੀ ਜਾ ਸਕੇ। Bathinda Crime News