ਮੌੜ ਮੰਡੀ: ਸੜਕ ਹਾਦਸੇ ‘ਚ ਪਤੀ ਪਤਨੀ ਸਮੇਤ ਚਾਰ ਦੀ ਮੌਤ

Accident, Car and Canter, Maur Mandi, Four Deaths , Three family members, top news

ਮ੍ਰਿਤਕਾਂ ‘ਚ ਤਿੰਨ ਇੱਕੋ ਪਰਿਵਾਰ ਦੇ

ਰਾਕੇਸ਼ ਗਰਗ, ਮੌੜ ਮੰਡੀ: ਇੱਥੋਂ ਨੇੜਲੀ ਅਕਾਲ ਅਕੈਡਮੀ ਭਾਈ ਦੇਸਾ ਨੇੜੇ ਬਾਅਦ ਦੁਪਹਿਰ ਬਠਿੰਡਾ-ਮਾਨਸਾ ਰੋਡ ‘ਤੇ ਮੌੜ ਮੰਡੀ ਦੇ ਲਾਗੇ ਪੈਂਦੇ ਪਿੰਡ ਘੁੰਮਣ ਕਲਾਂ ਕੋਲ ਇੱਕ ਮਾਰੂਤੀ ਅਲਟੋ ਤੇ ਕੈਂਟਰ ਦਰਮਿਆਨ ਆਹਮੋ ਸਾਹਮਣੇ ਹੋਈ ਜਬਰਦਸਤ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ । ਚਸ਼ਮਦੀਦਾਂ ਦੇ ਦੱਸਣ ਮੁਤਾਬਿਕ ਕਾਰ ਮਾਲਕ ਇੱਕ ਟਰੈਕਟਰ ਨੂੰ ਪਾਸ ਕਰਨ ਲੱਗਾ ਤਾਂ ਸਾਹਮਣੇ ਤੋਂ  ਆ ਰਹੇ ਅਣਪਛਾਤੇ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕੈਂਟਰ ਕਾਰ ਨੂੰ ਦੂਰ ਤੱਕ ਘਸੀਟਦੇ ਹੋਏ ਲੈ ਗਿਆ ।  ਇਸ ਘਟਨਾ ਦਾ ਪਤਾ ਲਗਦੇ ਹੀ 108  ਐਬੂਲੈਂਸ ਅਤੇ ਸਹਾਰਾ ਕਲੱਬ ਦੀਆਂ ਐਬੂਲੈਸਾਂ ਮੌਕੇ ‘ਤੇ ਪਹੁੰਚ ਗਈਆਂ ਸਨ।

ਜਾਣਕਾਰੀ ਅਨੁਸਾਰ ਪਿੰਡ ਮੌੜ ਖੁਰਦ ਵਾਸੀ ਹਰਵਿੰਦਰ ਸਿੰਘ ਉਰਫ ਪਾਲ (55),  ਉਸਦੀ ਪਤਨੀ ਬਲਜੀਤ ਕੌਰ (50) ਅਤੇ ਉਸਦਾ ਭਰਾ ਸੁਰਿੰਦਰ ਸਿੰਘ (45) ਤੇ ਉਹਨਾਂ  ਦੀ ਗੁਆਂਢਣ  ਗੁਰਦੇਵ ਕੌਰ ਪਤਨੀ ਬਲਵੀਰ ਸਿੰਘ ਚਾਰੋ ਅਲਟੋ ਕਾਰ ਨੰ: ਡੀ.ਐਲ 9ਸੀ ਐਲ 3366 ‘ਤੇ ਫਲੇੜੀ ਵਿਖੇ  ਆਪਣੀ ਇੱਕ ਰਿਸ਼ਤੇਦਾਰ ਔਰਤ ਦੇ ਅੰਤਿਮ ਸਸਕਾਰ ਤੋਂ ਵਾਪਸ ਆ ਰਹੇ ਸਨ।  ਜਦ ਉਨ੍ਹਾਂ ਦੀ ਕਾਰ ਘੁੰਮਣ ਕਲਾਂ ਅਤੇ ਭਾਈ ਦੇਸਾ ਦੇ ਵਿਚਕਾਰ ਪਹੁੰਚੀ ਤਾਂ ਸਾਹਮਣੇ ਤੋ ਆ ਰਹੇ ਕੈਂਟਰ ਨਾਲ ਜਾ ਟੱਕਰ ਹੋ ਗਈ

ਘਟਨਾਂ ਦਾ ਪਤਾ ਲੱਗਦੇ ਹੀ ਨੇੜੇ ਖੇਤ ਵਿੱਚ ਝੋਨਾਂ ਲਗਾ ਰਹੇ ਕਿਸਾਨਾਂ ਤੇ ਮਜਦੂਰਾਂ ਨੇ ਕਾਰ ਸਵਾਰਾਂ ਨੂੰ ਗੱਡੀ ਵਿਚੋਂ ਕੱਢਿਆ, ਜਿਹਨਾਂ ਵਿੱਚੋ ਹਰਵਿੰਦਰ ਸਿੰਘ, ਸੁਰਿੰਦਰ ਸਿੰਘ ਦੋਹੇਂ ਭਰਾਵਾਂ ਅਤੇ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਕੌਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਹਰਵਿੰਦਰ ਸਿੰਘ ਪਾਲ ਅਤੇ ਉਸਦੀ ਪਤਨੀ ਬਲਜੀਤ ਕੌਰ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ  ਤੋ ਇਲਾਵਾ 80 ਸਾਲਾ ਬਜੁਰਗ ਬਾਪ ਛੱਡ ਗਏ । ਦੂਜੇ ਪਾਸੇ ਬਜੁਰਗ ਦੇ ਦੂਸਰਾ ਲੜਕਾ ਸੁਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਪੁੱਤਰ ਨੂੰਹ ਛੱਡ ਗਿਆ ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਹੀ ਸਨ ।