ਚਾਰਾਂ ਦੇ ਸਿਰਾਂ ਤੇ ਮਾਰੀਆਂ ਗਈਆਂ ਗੋਲੀਆਂ, ਵਿਜੇ ਨਗਰ ਵਿੱਚ ਪੰਜ ਦਿਨ ਪਹਿਲਾਂ ਹੋਈ ਸੀ ਵਾਰਦਾਤ
ਪੁਲਿਸ ਦੇ ਸਵਾਲਾਂ ਵਿੱਚ ਉਲਝਿਆ ਅਰੋਪੀ, ਖੁੱਲ ਗਈ ਪੂਰੀ ਵਾਰਦਾਤ
ਰੋਹਤਕ ਸੱਚ ਕਹੂੰ/ਨਵੀਨ ਮਲਿਕ । ਬੁੱਧਵਾਰ ਨੂੰ ਸ਼ਹਿਰ ਦੇ ਵਿਜੇ ਨਗਰ ਦੀ ਬਾਗ ਵਾਲੀ ਗਲੀ ਵਿੱਚ ਹੋਏ ਚੌਹਰੇ ਹੱਤਿਆ ਕਾਂਡ ਦਾ ਖੁਲਾਸਾ ਹੋ ਗਿਆ । 19 ਸਾਲਾਂ ਦੇ ਅਭਿਸ਼ੇਕ ਉਰਫ਼ ਮੋਨੂੰ ਨੇ ਹੀ ਆਪਣੇ ਮਾਤਾ ਪਿਤਾ, ਭੈਣ ਅਤੇ ਨਾਨੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਪੁਲਿਸ ਨੇ ਅਰੋਪੀ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀ ਰਾਹੁਲ ਸ਼ਰਮਾ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਵਿਜੇ ਨਗਰ ਨਿਵਾਸੀ ਪ੍ਰਦੀਪ ਉਰਫ਼ ਬਬਲੂ, ਉਸਦੀ ਪਤਨੀ ਬਬਲੀ , ਬੇਟੀ ਨੇਹਾ ਅਤੇ ਸੱਸ ਰੌਸ਼ਨੀ ਦੇਵੀ ਨੂੰ ਪੰਜ ਦਿਨ ਪਹਿਲਾਂ ਗੋਲੀ ਮਾਰ ਦਿੱਤੀ ਸੀ। ਪ੍ਰਦੀਪ, ਬਬਲੀ ਅਤੇ ਰੌਸ਼ਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋ ਕਿ ਨੇਹਾ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ ਸੀ। ਦੋ ਦਿਨਾਂ ਬਾਅਦ ਨੇਹਾ ਦੀ ਵੀ ਇਲਾਜ਼ ਦੌਰਾਨ ਪੀਜੀਆਈ ਵਿੱਚ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਦੀਪ ਦੇ ਸਾਲੇ ਪ੍ਰਵੀਨ ਦੇ ਬਿਆਨ ’ਤੇ ਅਨਪਛਾਤੇ ਹਮਲਾਵਾਰਾਂ ਦੇ ਖਿਲਫ਼ ਹੱਤਿਆ ਸਹਿਤ ਵੱਖ ਵੱਖ ਧਾਰਾਂ ਦੇ ਤਹਿਤ ਕੇਸ ਦਰਜ਼ ਕੀਤਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋ ਹੀ ਲੱਗ ਰਿਹਾ ਸੀ ਕਿ ਹੱਤਿਆਕਾਂਡ ਨੂੰ ਅੰਜਾਮ ਕਿਸੇ ਕਰੀਬੀ ਨੇ ਹੀ ਦਿੱਤਾ ਹੈ ਅਤੇ ਇਸੇ ਅਧਾਰ ’ਤੇ ਪੁਲਿਸ ਜਾਂਚ ਵਿੱਚ ਜੁੱਟੀ ਸੀ। ਮਾਮਲੇ ਵਿੱਚ ਅਭਿਸ਼ੇਕ ਵਾਰ ਵਾਰ ਆਪਣੇ ਬਿਆਨ ਬਦਲ ਰਿਹਾ ਸੀ, ਜਿਸ ਕਾਰਨ ਪੁਲਿਸ ਟੀਮ ਨੂੰ ਸ਼ੱਕ ਹੋਇਆ ਅਤੇ ਪੁੱਛਤਾਛ ਕੀਤੀ ਤਾਂ ਪੂਰੇ ਮਾਮਲੇ ਦਾ ਪਰਦਾਫ਼ਾਸ਼ ਹੋਇਆ। ਬੁੱਧਵਾਰ ਦੁਪਹਿਰ ਨੂੰ ਪੁਲਿਸ ਨੇ ਅਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ 10 ਦਿਨਾਂ ਲਈ ਰਿਮਾਂਡ ’ਤੇ ਭੇਜਣ ਦੀ ਮੰਗ ਕੀਤੀ।
ਅਭਿਸ਼ੇਕ ਨੇ ਘੜੀ ਸੀ ਇਹ ਕਹਾਣੀ
ਘਟਨਾ ਤੋ ਬਾਅਦ ਅਰੋਪੀ ਅਭਿਸ਼ੇਕ ਉਰਫ਼ ਮੋਨੂੰ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੈਂ ਆਪਣੇ ਦੋਸਤਾਂ ਨਾਲ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ ਸੀ। ਦੁਪਹਿਰ 2 ਵਜੇ ਤੋਂ ਬਾਅਦ ਘਰੇ ਵਾਪਸ ਆਇਆ ਤਾਂ ਘਰ ਦਾ ਮੇਨ ਗੇਟ ਬਿਨਾਂ ਕੁੰਡੀ ਲਗਾਏ ਬੰਦ ਪਿਆ ਸੀ। ਥੱਲੇ ਵਾਲੇ ਕਮਰੇ ਵਿੱਚ ਗਿਆ ਤਾਂ ਦਰਵਾਜਾ ਬੰਦ ਪਿਆ ਸੀ । ਉੱਪਰ ਵਾਲੇ ਕਮਰੇ ਦਾ ਵੀ ਦਰਵਾਜਾ ਬੰਦ ਮਿਲਿਆ। ਮੈਂ ਦੋਵੇਂ ਦਰਵਾਜੇ ਜੋਰ ਜੋਰ ਨਾਲ ਖੜਕਾਏ। ਮੰਮੀ ਪਾਪਾ ਸਮੇਤ ਘਰ ਦੇ ਹੋਰ ਮੈਂਬਰਾਂ ਦੇ ਨੰਬਰਾਂ ’ਤੇ ਫੋਨ ਵੀ ਮਿਲਾਇਆ, ਪਰ ਕੋਈ ਜਵਾਬ ਨਹੀਂ ਮਿਲਿਆ। ਮੇਰੇ ਮਨ ਵਿੱਚ ਬਹੁਤ ਡਰ ਪੈਦਾ ਹੋ ਗਿਆ ਤਾਂ ਮੈਂ ਆਪਣੇ ਸਾਂਪਲਾ ਵਾਲੇ ਮਾਮੇ ਨੂੰ ਫੋਨ ਮਿਲਾਇਆ ਅਤੇ ਪੂਰੀ ਗੱਲ ਦੱਸੀ। ਮਾਮੇ ਨੇ ਦਰਵਾਜ਼ਾ ਤੋੜਣ ਦੀ ਸਲਾਹ ਦਿੱਤੀ। ਮੈਂ ਕਿਸੇ ਤਰ੍ਹਾਂ ਦਰਵਾਜ਼ੇ ਦੇ ਲਾੱਕ ਨੂੰ ਤੋੜਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਪਰਿਵਾਰ ਵਾਲਿਆਂ ਨੂੰ ਵੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੇਰੀ ਭੈਣ ਜ਼ੋਰ ਜ਼ੋਰ ਦੀ ਸਾਂਹ ਲੈ ਰਹੀ ਸੀ ਜਿਸਨੂੰ ਤੁਰੰਤ ਪੀਜੀਆਈ ਲੈ ਕੇ ਗਿਆ। ਫਿਰ ਮਾਮੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਇਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ।
ਸਵਾਲ ਪੁੱਛਣ ਤੇ ਖੁੱਲ੍ਹੀਆਂ ਕਈ ਪਰਤਾਂ
ਅਭਿਸ਼ੇਕ ਨੇ ਪੁਲਿਸ ਨੂੰ ਗੁਮਰਾਹ ਕਰਨ ਦਾ ਬਹੁਤ ਯਤਨ ਕੀਤਾ, ਪਰ ਜਦੋਂ ਪੁਲਿਸ ਨੇ ਉਸ ਤੋਂ ਸਵਾਲ ਪੁੱਛੇ ਤਾਂ ਉਹ ਉਲਝ ਗਿਆ ਅਤੇ ਪੁਲਿਸ ਨੂੰ ਇਸ ਬਾਰੇ ਕੁਝ ਸੀਸੀਟੀਵੀ ਫੁਟੇਜ ਵੀ ਮਿਲੀਆਂ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਮਾਮਲੇ ਦੇ ਸ਼ੱਕੀਆ ਤੋਂ ਆਹਮਣੇ ਸਾਹਮਣੇ ਪੁੱਛਤਾਛ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ।
ਬੇਟੀ ਦੇ ਨਾਮ ਕਰ ਦਿੱਤੀ ਸੀ ਸਾਰੀ ਪ੍ਰਾਪਰਟੀ
ਚੌਹਰੇ ਹੱਤਿਆਕਾਂਡ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਪ੍ਰਦੀਪ ਉਰਫ ਬਬਲੂ ਨੇ ਆਪਣੀ ਸਾਰੀ ਪ੍ਰਾਪਰਟੀ ਆਪਣੀ ਬੇਟੀ ਨੇਹਾ ਦੇ ਨਾਮ ਕਰ ਰੱਖੀ ਸੀ, ਜਿਸ ਕਰਕੇ ਅਭਿਸ਼ੇਕ ਪਰਿਵਾਰ ਨਾਲ ਨਰਾਜ਼ ਸੀ। ਇਹ ਵੀ ਦੱਸਿਆ ਗਿਆ ਹੈ ਕਿ ਮਾਮਲੇ ਵਿੱਚ ਕੋਈ ਹੋਰ ਵੀ ਸ਼ਾਮਲ ਹੋ ਸਕਦਾ ਹੈ, ਜਿਸਨੇ ਅਭਿਸ਼ੇਕ ਨੂੰ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ