ਖੁਦਕੁਸ਼ੀ ਨੋਟ ‘ਚ ਕੀਤਾ ਠੱਗੀ ਹੋਣ ਦਾ ਅਹਿਮ ਖੁਲਾਸਾ | Patiala
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਠੱਗੀ ਦਾ ਸ਼ਿਕਾਰ ਹੋਏ ਸਥਾਨਕ ਸਬਜ਼ੀ ਮੰਡੀ ਦੇ ਇੱਕ ਆੜ੍ਹਤੀ ਵੱਲੋਂ ਅੱਜ ਆਪਣੀ ਦੁਕਾਨ ਵਿੱਚ ਖੁਦ ਨੂੰ ਅੱਗ ਲਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆੜ੍ਹਤੀਏ ਨੇ ਖੁਦ ਨੂੰ ਸੰਗਲਾਂ ਨਾਲ ਬੰਨ੍ਹਣ ਤੋਂ ਬਾਅਦ ਅੱਗ ਲਗਾਈ ਤਾਂ ਜੋ ਬਚਣ ਦੀ ਕੋਈ ਗੁੰਜਾਇਸ਼ ਨਾ ਰਹੇ। ਪੁਲਿਸ ਨੂੰ ਬਰਾਮਦ ਹੋਏ ਖੁਦਕੁਸ਼ੀ ਨੋਟ ‘ਚ ਆੜ੍ਹਤੀਏ ਨੇ ਆਪਣੀ ਮੌਤ ਲਈ ਇੱਕ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਿੰਮੇਵਾਰ ਦੱਸਿਆ ਹੈ
ਜਾਣਕਾਰੀ ਅਨੁਸਾਰ ਤਰਨਜੀਤ ਸਿੰਘ ਚਾਵਲਾ (60) ਵਾਸੀ ਪਟਿਆਲਾ ਸਥਾਨਕ ਸਨੌਰ ਰੋਡ ‘ਤੇ ਸਥਿੱਤ ਆਧੁਨਿਕ ਸਬਜ਼ੀ ਮੰਡੀ ‘ਚ ਚਾਵਲਾ ਐਂਡ ਸੰਨਜ ਫਰੂਟ ਕੰਪਨੀ ਚਲਾਉਂਦਾ ਸੀ। ਉਸ ਨੇ ਅੱਜ ਸਵੇਰੇ ਆਪਣੀ ਦੁਕਾਨ ਨੂੰ ਅੰਦਰੋਂ ਜਿੰਦਾ ਲਗਾਕੇ ਦੁਕਾਨ ‘ਚ ਪਏ ਇੱਕ ਬੈਡ ਨਾਲ ਆਪਣੇ ਆਪ ਨੂੰ ਸੰਗਲਾਂ ਨਾਲ ਬੰਨ੍ਹ ਲਿਆ ਤੇ ਖੁਦ ਨੂੰ ਅੱਗ ਲਗਾ ਲਈ ਬੁਰੀ ਤਰ੍ਹਾਂ ਸੜ੍ਹਨ ਕਰਕੇ ਉਸ ਦੀ ਮੌਤ ਹੋ ਗਈ। (Patiala)
ਆਸੇ-ਪਾਸੇ ਦੇ ਦੁਕਾਨਦਾਰਾਂ ਨੂੰ ਇਸ ਘਟਨਾ ਦਾ ਪਤਾ ਦੁਕਾਨ ‘ਚੋਂ ਧੂੰਆਂ ਨਿਕਲਣ ‘ਤੇ ਲੱਗਿਆ ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਸਦਰ ਦੇ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਅਤੇ ਡੀਐਸਪੀ ਆਰ ਗੁਰਦੇਵ ਸਿੰਘ ਧਾਲੀਵਾਲ ਮੌਕੇ ‘ਤੇ ਪੁੱਜੇ। ਜਾਂਚ ਦੌਰਾਨ ਪੁਲਿਸ ਨੂੰ ਉਸਦੇ ਸਕੂਟਰ ਵਿੱਚੋਂ ਖੁਦਕੁਸ਼ੀ ਪੱਤਰ ਪ੍ਰਾਪਤ ਹੋਇਆ। ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਨੇ ਜਸਵੀਰ ਸਿੰਘ ਨਾਂਅ ਦੇ ਇੱਕ ਵਿਅਕਤੀ ਤੋਂ 15 ਲੱਖ ਰੁਪਏ ਲੈਣੇ ਸਨ ਜੋ ਕਿ ਉਹ ਵਾਪਸ ਨਹੀਂ ਕਰ ਰਿਹਾ ਸੀ।
ਇਹ ਵੀ ਪੜ੍ਹੋ : ਅੱਜ ਦੀ ਸਭ ਤੋਂ ਸ਼ਾਨਦਾਰ ਖ਼ਬਰ, ਜਾਗਦੇ ਜ਼ਮੀਰ ਦਾ ਇੰਜ ਦਿੱਤਾ ਸਬੂਤ
ਇਸ ਤੋਂ ਇਲਾਵਾ ਉਸ ਨੇ ਆਪਣੀ ਦੁਕਾਨ ਜਸਵੀਰ ਸਿੰਘ ਨੂੰ ਕਾਰੋਬਾਰ ਚਲਾਉਣ ਲਈ ਦਿੱਤੀ ਸੀ, ਪਰ ਉਸ ਨੇ ਉਸਦੀ ਦੁਕਾਨ ਦੱਬ ਲਈ ਤੇ ਉਲਟਾ ਉਸ ਉੱਪਰ ਕੇਸ ਵੀ ਕਰ ਦਿੱਤਾ । ਜਿਸ ਕਾਰਨ ਉਹ ਅਜਿਹਾ ਕਦਮ ਉਠਾਉਣ ਲਈ ਮਜ਼ਬੂਰ ਹੋਇਆ ਹੈ। ਥਾਣਾ ਸਦਰ ਪੁਲਿਸ ਵੱਲੋਂ ਜਸਵੀਰ ਸਿੰਘ ਪੁੱਤਰ ਮਿੰਦਰ ਸਿੰਘ ਵਾਸੀ ਪਟਿਆਲਾ, ਉਸ ਦੀ ਪਤਨੀ ਅਤੇ ਉਸਦੇ ਮਾਤਾ-ਪਿਤਾ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।