ਪਟਿਆਲਾ ਰੈਲੀ ’ਚ ਸਰਕਾਰੀ ਬੱਸਾਂ ਭੇਜਣ ’ਤੇ ਵਿਰੋਧੀਆਂ ਨੇ ਚੁੱਕੇ ਸੁਆਲ
- 1200 ਦੇ ਕਰੀਬ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੋਵੇਗੀ ਵਰਤੋਂ
- ਵੱਖ ਵੱਖ ਜ਼ਿਲ੍ਹਿਆਂ ’ਚ ਬੱਸਾਂ ਦੀ ਵੰਡ ਵਾਲਾ ਪੱਤਰ ਵੀ ਵਾਇਰਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਨੂੰ ਮਿਆਰੀ ਰੂਪ ਦੇਣ ਦੀ ਪਟਿਆਲਾ ਤੋਂ ਕੀਤੀ ਜਾ ਰਹੀ ਸ਼ੁਰੂਆਤ ਸਮੇਤ ਪਟਿਆਲਾ ਦੇ ਐਵੀਏਸ਼ਨ ਕਲੱਬ ਨੇੜੇ ਕੀਤੇ ਜਾ ਰਹੇ ਵੱਡੇ ਸਮਾਗਮ ਲਈ ਵੱਡੇ ਪੱਧਰ ’ਤੇ ਤਿਆਰੀਆਂ ਆਰੰਭੀਆਂ ਹੋਈਆਂ ਹਨ। ਐਵੀਏਸ਼ਨ ਕਲੱਬ ਵਿਖੇ ਕੀਤੇ ਜਾ ਰਹੇ ਸਮਾਗਮ ’ਤੇ ਪੁੱਜਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਲਈ ਸਰਕਾਰੀ ਬੱਸਾਂ ਦੇ ਵੀ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਇਸ ਸਮਾਗਮ ਲਈ ਲੋਕਾਂ ਦੇ ਇਕੱਠ ਲਈ 1200 ਦੇ ਕਰੀਬ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ’ਤੇ ਵਿਰੋਧੀਆਂ ਪਾਰਟੀਆਂ ਨੇ ਸੁਆਲ ਚੁੱਕੇ ਹਨ ਜਾਣਕਾਰੀ ਅਨੁਸਾਰ ਪਟਿਆਲਾ ਦੇ ਐਵੀਏਸ਼ਨ ਕਲੱਬ ਨੇੜੇ ਪਏ ਖਾਲੀ ਥਾਂ ’ਚ ਕੀਤੀ ਜਾ ਰਹੀ ਰੈਲੀ ਸਬੰਧੀ ਪਟਿਆਲਾ ਦੇ ਵਿਧਾਇਕ ਅਤੇ ਮੰਤਰੀ ਡਟੇ ਹੋਏ ਹਨ, ਜਿਸ ਥਾਂ ’ਤੇ ਰੈਲੀ ਹੋਣੀ ਹੈ, ਉੱਥੇ ਵੀ ਸਾਫ਼-ਸਫ਼ਾਈ ਸਮੇਤ ਰਸਤੇ ਤਿਆਰ ਕੀਤੇ ਜਾ ਰਹੇ ਹਨ। ਇਸ ਸਮਾਗਮ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਲਿਆਉਣ ਲਈ ਸਰਕਾਰੀ ਲਾਰੀਆਂ ਨੂੰ ਪਹਿਲਾਂ ਵਾਂਗ ਹੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਸਮਾਗਮ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਅੰਦਰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਬੱਸਾਂ ਨੂੰ ਡਿਊਟੀ ਦਿੱਤੀ ਗਈ ਹੈ, ਉਹ ਪੱਤਰ ਵੀ ਵਾਇਰਲ ਹੋ ਰਿਹਾ ਹੈ। ਇਸ ਪੱਤਰ ਵਿੱਚ ਬਕਾਇਦਾਂ ਸਰਕਾਰੀ ਬੱਸਾਂ ਨੂੰ ਸਟੇਸ਼ਨ ਵੰਡੇ ਗਏ ਹਨ ਕਿ ਉਹ ਕਿੱਥੋਂ ਕਿੱਥੋਂ ਲੋਕਾਂ ਨੂੰ ਲੈ ਚੱਲਣਗੀਆਂ। (AAP Volunteers)
ਇਹ ਵੀ ਪੜ੍ਹੋ : ਡਿੱਗਦੀ ਘਰੇਲੂ ਬੱਚਤ ਤੇ ਮਹਿੰਗਾਈ ਨਾਲ ਡੋਲਦੀ ਅਰਥਵਿਵਸਥਾ
ਇਹ ਵੀ ਕਿਹਾ ਗਿਆ ਹੈ ਕਿ ਮੁੱਖ ਰੂਟ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਪੰਜਾਬ ਸਰਕਾਰ ਵੱਲੋਂ ਆਪਣੇ ਸਮਾਗਮਾਂ ਉੱਪਰ ਪ੍ਰਾਈਵੇਟ ਬੱਸਾਂ ਦੀ ਥਾਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਪਿਛਲੇ ਦਿਨੀਂ ਅੰਮਿ੍ਰਤਸਰ ਵਿਖੇ ਹੋਏ ਸਮਾਗਮ ਵਿੱਚ ਵੀ ਸੈਂਕੜੇ ਸਰਕਾਰੀ ਬੱਸਾਂ ’ਚ ਆਮ ਆਦਮੀ ਪਾਰਟੀ ਦੇ ਵਰਕਰ ਪੁੱਜੇ ਸਨ। ਵਿਰੋਧੀਆਂ ਵੱਲੋਂ ਸੁਆਲ ਚੁੱਕੇ ਜਾ ਰਹੇ ਹਨ ਕਿ ਸਰਕਾਰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਬਣਦਾ ਤੇਲ ਅਤੇ ਖਰਚ ਮੁਹੱਈਆ ਨਹੀਂ ਕਰਵਾ ਰਹੀ, ਸਗੋਂ ਆਪਣੇ ਸੁਆਰਥ ਲਈ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। (AAP Volunteers)
ਕੱਚੇ ਕਾਮਿਆਂ ਨੇ ਕਿਹਾ, ਰੈਲੀ ’ਚ ਨਹੀਂ ਲੈ ਕੇ ਜਾਵਾਂਗੇ ਬੱਸਾਂ | AAP Volunteers
ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾ ਉਪ ਪ੍ਰਧਾਨ ਹਰਕੇਸ ਵਿੱਕੀ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 2 ਅਕਤੂਬਰ ਨੂੰ ਰੈਲੀ ਵਿੱਚ ਬੱਸਾਂ ਲੈ ਕੇ ਨਹੀਂ ਜਾਣਗੇ, ਸਗੋਂ ਪਬਲਿਕ ਲਈ ਰੂਟਾਂ ’ਤੇ ਬੱਸਾਂ ਚਲਾਉਣਗੇ । ਉਨ੍ਹਾਂ ਕਿਹਾ ਕਿ ਕੱਚੇ ਕਾਮੇ ਕਿਸੇ ਵੀ ਸਿਆਸੀ ਰੈਲੀ ਵਿੱਚ ਬੱਸਾਂ ਲੈ ਕੇ ਸ਼ਾਮਲ ਨਹੀਂ ਹੋਣਗੇ ਅਤੇ 2 ਅਕਤੂਬਰ ਨੂੰ ਮੁੱਖ ਮੰਤਰੀ ਦਾ ਪਟਿਆਲਾ ਪੁੱਜਣ ’ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ।
ਚੇਅਰਮੈਨ ਵੱਲੋਂ ਕੁਝ ਵੀ ਬੋਲਣ ਤੋਂ ਇਨਕਾਰ | AAP Volunteers
ਇਸ ਮਾਮਲੇ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਰੈਲੀ ਲਈ ਲਾਈਆਂ ਸਰਕਾਰੀ ਬੱਸਾਂ ਦੇ ਮਾਮਲੇ ’ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। (AAP Volunteers)