ਕਾਰਨ ਦੱਸੋ ਨੋਟਿਸ ਦੇ ਜਵਾਬ ਤੋਂ ਪਾਰਟੀ ਅਸੰਤੁਸ਼ਟ
- ਸਾਰੇ ਅਹੁਦਿਆਂ ਤੇ ਜਿੰਮੇਵਾਰੀਆਂ ਤੋਂ ਕੀਤਾ ਫਾਰਗ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਸਵੇਤਾ ਜਿੰਦਲ ਨੂੰ ਆਪਣੇ ਮੁਬਾਇਲ ਦੇ ਮਾਮਲੇ ’ਚ ਥਾਣਾ ਤ੍ਰਿਪੜੀ ਅੱਗੇ ਧਰਨਾ ਲਗਾਉਣਾ ਮਹਿੰਗਾ ਪੈ ਗਿਆ। ਪਾਰਟੀ ਵੱਲੋਂ ਸਵੇਤਾ ਜਿੰਦਲ ਨੂੰ ਪਾਰਟੀ ਆਹੁਦੇ ਦੀ ਦੁਰਵਰਤੋਂ ਕਰਨ ਸਮੇਤ ਪੁਲਿਸ ਅਧਿਕਾਰੀਆਂ ’ਤੇ ਬੇਲੋੜਾ ਦਬਾਓ ਪਾਉਣ ਦੀ ਗੱਲ ਆਖਦਿਆ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਸਵੇਤਾ ਜਿੰਦਲ ਵੱਲੋਂ ਥਾਣਾ ਤ੍ਰਿਪੜੀ ਅੱਗੇ ਆਪਣੇ ਮੁਬਾਇਲ ਫੋਨ ਦੇ ਮਾਮਲੇ ਵਿੱਚ ਧਰਨਾ ਪ੍ਰਰਦਸ਼ਨ ਕੀਤਾ ਗਿਆ ਸੀ ਤੇ ਸਵੇਤਾ ਜਿੰਦਲ ਵੱਲੋਂ ਕਥਿਤ ਦੋਸ਼ ਲਾਇਆ ਗਿਆ ਸੀ।
ਇਹ ਖਬਰ ਵੀ ਪੜ੍ਹੋ : Sunam News: ਐਕਸਾਈਜ ਵਿਭਾਗ ਵੱਲੋਂ ਵੱਖ-ਵੱਖ ਏਰੀਏ ’ਚ ਕੀਤੀ ਚੈਕਿੰਗ
ਕਿ ਉਸ ਵੱਲੋਂ ਆਪਣਾ ਮੋਬਾਇਲ ਫੋਨ ਇੱਕ ਦੁਕਾਨਦਾਰ ਨੂੰ ਠੀਕ ਕਰਨ ਲਈ ਦਿੱਤਾ ਸੀ ਪਰ ਉਕਤ ਦੁਕਾਨਦਾਰ ਵੱਲੋਂ ਉਸਦੇ ਫੋਨ ’ਚ ਉਸ ਦੀ ਸਹਿਮਤੀ ਤੋਂ ਬਿਨਾ ਕੁਝ ਅਜਿਹਾ ਡਾਊਨਲੋਡ ਕਰ ਦਿੱਤਾ ਕਿ ਉਸਦੇ ਮੁਬਾਇਲ ’ਚ ਪਿਆ ਸਾਰਾ ਡਾਟਾ ਡਿਲੀਟ ਹੋ ਗਿਆ। ਉਸ ਨੇ ਕਿਹਾ ਕਿ ਉਸ ਵੱਲੋਂ ਇਸ ਸਬੰਧੀ ਥਾਣਾ ਤ੍ਰਿਪੜੀ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਮਾਮਲੇ ਨੂੰ ਇੱਕ ਮਹੀਨੇ ਤੋਂ ਲਟਕਾਇਆ ਜਾ ਰਿਹਾ ਸੀ। ਉਸ ਵੱਲੋਂ ਅੱਕ ਕੇ ਹੀ ਧਰਨਾ ਦਿੱਤਾ ਗਿਆ। ਇਸ ਸਾਰੇ ਮਾਮਲੇ ਸਬੰਧੀ ਪਾਰਟੀ ਵੱਲੋਂ ਸਵੇਤਾ ਜਿੰਦਲ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਸੀ।
ਅੱਜ ਪਾਰਟੀ ਵੱਲੋਂ ਜਾਰੀ ਕੀਤੇ ਪੱਤਰ ਮੁਤਾਬਿਕ ‘ਤੁਸੀਂ ਆਪਣੇ ਪਾਰਟੀ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਦਾ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਹੇ ਹੋ, ਇਸ ਲਈ ਇਹ ਸਿੱਟਾ ਕੱਢਿਆ ਗਿਆ ਹੈ ਕਿ ਤੁਸੀਂ ਇੱਕ ਦੁਕਾਨਦਾਰ ਨੂੰ ਧਮਕਾਉਣ ਅਤੇ ਡਰਾਉਣ ਲਈ ਆਪਣੀ ਪਾਰਟੀ ਪੋਸਟ ਦੀ ਦੁਰਵਰਤੋਂ ਕੀਤੀ ਅਤੇ ਉਸ ਵਿਰੁੱਧ ਕਾਰਵਾਈ ਕਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ’ਤੇ ਬੇਲੋੜਾ ਪ੍ਰਭਾਵ ਪਾਇਆ। ਇਸ ਤੋਂ ਇਲਾਵਾ ਤੁਹਾਡੇ ਵੱਲੋਂ ਅਧਿਕਾਰੀਆਂ ’ਤੇ ਦਬਾਅ ਪਾਉਣ ਲਈ ਸੀਨੀਅਰ ਪਾਰਟੀ ਨੇਤਾਵਾਂ ਦੇ ਦਖਲ ਦੀ ਮੰਗ ਕੀਤੀ।
ਹਾਲਾਂਕਿ ਇਸ ਤੋਂ ਬਚਣ ਦੀ ਸਪੱਸ਼ਟ ਸਲਾਹ ਦਿੱਤੀ ਗਈ ਸੀ। ਪਾਰਟੀ ਨੇ ਤੁਹਾਡੇ ਇਸ ਕਦਮ ਨੂੰ ਪਾਰਟੀ ਦੇ ਸੰਵਿਧਾਨ, ਕਦਰਾਂ-ਕੀਮਤਾਂ ਤੇ ਅਨੁਸ਼ਾਸਨ ਦੀ ਉਲੰਘਣਾ ਪਾਇਆ ਹੈ, ਜਿਸ ਤਹਿਤ ਤੁਹਾਨੂੰ ਆਮ ਆਦਮੀ ਪਾਰਟੀ ਵਿੱਚ ਸਾਰੇ ਅਹੁਦਿਆਂ, ਫਰਜ਼ਾਂ ਅਤੇ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਸਵੇਤਾ ਜਿੰਦਲ ਦੇ ਇਹ ਮੁਅੱਤਲੀ ਹੁਕਮ ਪਾਰਟੀ ਦੇ ਆਗੂ ਹਰਚੰਦ ਸਿੰਘ ਬਰਸਟ ਵੱਲੋਂ ਜਾਰੀ ਕੀਤੇ ਗਏ ਹਨ।
ਲੋਕਲ ਆਗੂ ਨੇ ਹੀ ਸਾਡੇ ਖਿਲਾਫ ਸਾਜਿਸ਼ ਰਚੀ
ਇਸ ਮਾਮਲੇ ਸਬੰਧੀ ਜਦੋਂ ਸਵੇਤਾ ਜਿੰਦਲ ਨਾਲ ਗੱਲ ਕੀਤੀ ਗਈ ਤਾਂ ਅੱਗੋਂ ਉਨ੍ਹਾਂ ਦੇ ਪਤੀ ਨੇ ਆਖਿਆ ਕਿ ਉਹਨਾਂ ਨੂੰ ਮੁਅੱਤਲੀ ਬਾਰੇ ਜਾਣਕਾਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਦਿਨਾਂ ਬਾਅਦ ਉਹ ਇਸ ਫੈਸਲੇ ਸਬੰਧੀ ਆਪਣਾ ਪੱਖ ਰੱਖਣਗੇ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਇਸ ਸਾਰੇ ਮਾਮਲੇ ਸਬੰਧੀ ਲੋਕਲ ਆਗੂ ਵੱਲੋਂ ਹੀ ਉਨ੍ਹਾਂ ਖਿਲਾਫ ਸਾਜਿਸ਼ ਰਚੀ ਗਈ ਹੈ ਜਿਸ ਤਹਿਤ ਹੀ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਕਤ ਦੁਕਾਨਦਾਰ ਵੱਲੋਂ ਲਿਖਤੀ ਤੌਰ ’ਤੇ ਆਪਣੀ ਗਲਤੀ ਮੰਨੀ ਹੈ।