ਅਕਾਲੀ-ਭਾਜਪਾ ਅਤੇ ਕਾਂਗਰਸ ਸਣੇ ਲੋਕ ਇਨਸਾਫ਼ ਪਾਰਟੀ ਦੇ 80 ਵਿਧਾਇਕਾਂ ਤੋਂ ਅੱਗੇ ਰਹੇ ਆਪ ਦੇ 20 ਵਿਧਾਇਕ
ਪਿਛਲੇ 3 ਸਾਲ ਦੌਰਾਨ 43 ਮੀਟਿੰਗਾਂ ਦੌਰਾਨ ਵਿਧਾਨ ਸਭਾ ਪੁੱਜੇ 2481 ਸੁਆਲਾਂ ਵਿੱਚੋਂ 1246 ਸੁਆਲ ਆਪ ਵਿਧਾਇਕਾਂ ਦੇ
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਵਿੱਚ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਆਪਣੀਆਂ ਸਾਰੀਆਂ ਵਿਰੋਧੀ ਪਾਰਟੀਆਂ ‘ਤੇ ਵਿਧਾਨ ਸਭਾ ਅੰਦਰ ਸੁਆਲ ਲਗਾਉਣ ਦੇ ਮਾਮਲੇ ਵਿੱਚ ਭਾਰੀ ਰਹੀ ਹੈ। ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦਾ ਮੁਕਾਬਲਾ ਬਾਕੀ ਸਾਰੀ ਵਿਰੋਧੀ ਪਾਰਟੀਆਂ ਦੇ 80 ਵਿਧਾਇਕ ਨਹੀਂ ਕਰ ਸਕੇ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ 3 ਸਾਲਾਂ ਦੌਰਾਨ ਪੁੱਜੇ 2481 ਸੁਆਲਾਂ ਵਿੱਚੋਂ 1246 ਸੁਆਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਹੀ ਲਗਾਏ ਗਏ ਹਨ। ਜਦੋਂ ਕਿ ਬਾਕੀ ਰਹਿੰਦੇ 1235 ਸੁਆਲ ਕਾਂਗਰਸ ਅਤੇ ਅਕਾਲੀ-ਭਾਜਪਾ ਸਣੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਏ ਗਏ ਹਨ। ਹਾਲਾਂਕਿ ਦਾਖਾ ਸੀਟ ਖ਼ਾਲੀ ਹੋਣ ਤੋਂ ਬਾਅਦ ਹੁਣ ਵਿਧਾਇਕਾਂ ਦੀ ਗਿਣਤੀ ਆਮ ਆਦਮੀ ਪਾਰਟੀ ਕੋਲ 19 ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਛੱਡ ਕੇ ਬਾਕੀ ਪਾਰਟੀਆਂ ਦੇ ਵਿਧਾਇਕਾਂ ਦੇ ਰਹੇ ਸੁਆਲ, ਸਿਰਫ਼ 1235 ਸੁਆਲ ਹੀ ਪੁੱਜੇ
ਜਾਣਕਾਰੀ ਅਨੁਸਾਰ ਸਾਲ 2017 ਵਿੱਚ 20 ਵਿਧਾਇਕਾਂ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੋਏ ਵਿਧਾਨ ਸਭਾ ਦੇ ਅੰਦਰ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਵੀ ਖੋਂਹਦੇ ਹੋਏ ਖ਼ੁਦ ਹਾਸਲ ਕਰ ਲਿਆ ਸੀ।ਪੰਜਾਬ ਵਿਧਾਨ ਸਭਾ ਵਿੱਚ 2017 ਤੋਂ ਬਾਅਦ 2019 ਤੱਕ ਸਾਰੀਆਂ ਪਾਰਟੀ ਦੇ ਵਿਧਾਇਕਾਂ ਵੱਲੋਂ 2481 ਸੁਆਲ ਵਿਧਾਨ ਸਭਾ ਨੂੰ ਸਦਨ ਦੀ ਕਾਰਵਾਈ ਦੌਰਾਨ ਲਗਾਉਣ ਲਈ ਦਿੱਤੇ ਗਏ ਹਨ। ਇਨਾਂ 2481 ਸੁਆਲਾਂ ਵਿੱਚੋਂ 51 ਫੀਸਦੀ ਦਰ ਨਾਲ ਸਭ ਤੋਂ ਜਿਆਦਾ 1246 ਸੁਆਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲਗਾਏ ਹਨ। ਇਥੇ ਹੀ 79 ਵਿਧਾਇਕਾਂ ਵਾਲੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਸਿਰਫ਼ 853 ਸੁਆਲ ਲਗਾਏ ਗਏ ਹਨ, ਜਦੋਂ ਕਿ ਵਿਧਾਇਕਾਂ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ 304 ਸੁਆਲ ਲਾਏ ਗਏ ਹਨ। ਇਥੇ ਹੀ 3 ਵਿਧਾਇਕਾਂ ਤੋਂ 2 ਵਿਧਾਇਕ ਵਾਲੀ ਪਾਰਟੀ ਬਣੀ ਭਾਜਪਾ ਵੱਲੋਂ 62 ਸੁਆਲ ਇਨ੍ਹਾਂ ਤਿੰਨ ਸਾਲਾਂ ਦੌਰਾਨ ਲਗਾਏ ਗਏ ਹਨ।
ਇਥੇ ਹੀ ਵਿਧਾਨ ਸਭਾ ਸਦਨ ਦੇ ਅੰਦਰ ਅਤੇ ਸਦਨ ਤੋਂ ਬਾਹਰ ਸਭ ਤੋਂ ਜ਼ਿਆਦਾ ਹੰਗਾਮਾ ਕਰਨ ਵਾਲੀ ਲੋਕ ਇਨਸਾਫ਼ ਪਾਰਟੀ ਦੇ ਦੋਵੇਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਵਲੋਂ ਸਿਰਫ਼ 16 ਸੁਆਲ ਹੀ ਲਗਾਏ ਗਏ ਹਨ। ਜਿਹੜੇ ਕਿ ਬਹੁਤ ਹੀ ਜ਼ਿਆਦਾ ਘੱਟ ਹਨ। ਕਾਂਗਰਸੀ ਵਿਧਾਇਕਾਂ ਹਿੱਸੇ ਸਿਰਫ਼ 11 ਸੁਆਲ ਆਮ ਆਦਮੀ ਪਾਰਟੀ ਤੋਂ ਬਾਅਦ ਅਕਾਲੀ ਦਲ ਦੇ ਹਰ ਵਿਧਾਇਕ ਦੇ ਹਿੱਸੇ 22 ਸੁਆਲ ਆ ਰਹੇ ਹਨ। ਇਥੇ ਹੀ ਭਾਜਪਾ ਪ੍ਰਤੀ ਵਿਧਾਇਕ 21 ਸੁਆਲ ਤਾਂ ਲੋਕ ਇਨਸਾਫ਼ ਪਾਰਟੇ ਪ੍ਰਤੀ ਵਿਧਾਇਕ 8 ਸੁਆਲ ਹਨ। ਇਥੇ ਹੀ ਸਭ ਤੋਂ ਜ਼ਿਆਦਾ 79 ਵਿਧਾਇਕਾਂ ਵਾਲੀ ਕਾਂਗਰਸ ਪਾਰਟੀ ਨੂੰ ਪ੍ਰਤੀ ਵਿਧਾਇਕ ਸਿਰਫ਼ 11 ਸੁਆਲ ਹੀ ਆ ਰਹੇ ਹਨ। ਜਿਸ ਅਨੁਸਾਰ ਕਾਂਗਰਸ ਪਾਰਟੀ ਪ੍ਰਤੀ ਵਿਧਾਇਕ ਸੁਆਲ ਲਗਾਉਣ ਦੇ ਮਾਮਲੇ ਵਿੱਚ ਚੌਥੇ ਨੰਬਰ ‘ਤੇ ਹੈ।
ਜ਼ਿਆਦਾਤਰ ਸੁਆਲਾਂ ਨੂੰ ‘ਅਨਸਟਾਰ’ ਕਰਦੇ ਹੋਏ ਭੇਜਿਆ ਜਾਂਦਾ ਐ ਘਰ ਜੁਆਬ
ਵਿਧਾਨ ਸਭਾ ਦੀ ਹਰ ਬੈਠਕ ਵਿੱਚ 20 ਸਟਾਰ ਅਤੇ 20 ਅਨਸਟਾਰ ਸੁਆਲ ਹੀ ਲੱਗ ਸਕਦੇ ਹਨ। ਇਸ ਤੋਂ ਜ਼ਿਆਦਾ ਆਉਣ ਵਾਲੇ ਸਾਰੇ ਸੁਆਲਾਂ ਨੂੰ ਅਨਸਟਾਰ ਦੀ ਕੈਟਾਗਿਰੀ ਵਿੱਚ ਪਾਉਂਦੇ ਹੋਏ ਸਦਨ ਦੀ ਕਾਰਵਾਈ ਤੋਂ ਬਾਅਦ ਵਿਧਾਇਕਾਂ ਨੂੰ ਉਨ੍ਹਾਂ ਸੁਆਲ ਦੇ ਜਵਾਬ ਉਨ੍ਹਾਂ ਦੇ ਘਰ ਭੇਜ ਦਿੱਤੇ ਜਾਂਦੇ ਹਨ। ਅਨਸਟਾਰ ਸੁਆਲ ਸਦਨ ਵਿੱਚ ਨਹੀਂ ਆਉਣ ਤੋਂ ਬਾਅਦ ਜ਼ਿਆਦਾਤਰ ਸੁਆਲ ਦੇ ਜੁਆਬ ਵਿਧਾਇਕਾਂ ਕੋਲ ਪੁੱਜ ਜਾਂਦੇ ਹਨ ਅਤੇ ਫਿਰ ਵੀ ਜੇਕਰ ਸੁਆਲ ਦੇ ਜੁਆਬ ਨਾ ਮਿਲਣ ਤਾਂ ਉਸ ਮਾਮਲੇ ਵਿੱਚ ਵਿਧਾਨ ਸਭਾ ਦੀ ਸੁਆਲ ਅਤੇ ਰੈਫਰੈਂਸ ਕਮੇਟੀ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਵਿਧਾਇਕਾਂ ਨੂੰ ਜੁਆਬ ਦੇਣਾ ਯਕੀਨੀ ਬਣਾਉਂਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।