ਆਪ ਲੀਡਰ ਪ੍ਰਦੀਪ ਛਾਬੜਾ ਨਹੀਂ ਰਹੇ, ਦੋ ਸਾਲ ਤੋਂ ਚੱਲ ਰਿਹਾ ਸੀ ਇਲਾਜ

Pradeep-Chhabra
AAP Leader Pradeep Chhabra

ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪ੍ਰਦੀਪ ਛਾਬੜਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਵਿੱਚ ਖੜ੍ਹਾ ਕਰਨ ਅਤੇ ਜਿਆਦਾ ਐੱਮਸੀ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦਿੱਗਜ ਸਿਆਸੀ ਲੀਡਰ ਪ੍ਰਦੀਪ ਛਾਬੜਾ (AAP Leader Pradeep Chhabra) ਨਹੀਂ ਰਹੇ ਹਨ। ਪ੍ਰਦੀਪ ਛਾਬੜਾ ਦਾ ਪਿਛਲੇ ਦੋ ਸਾਲ ਤੋਂ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਉਹ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਪ੍ਰਦੀਪ ਛਾਬੜਾ ਦੇ ਅਚਾਨਕ ਦੇਹਾਂਤ ਹੋਣ ਨਾਲ ਨਾ ਸਿਰਫ ਆਮ ਆਦਮੀ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਸਗੋਂ ਇਸ ਨਾਲ ਕਾਂਗਰਸ ਪਾਰਟੀ ਵੀ ਕਾਫੀ ਜਿਆਦਾ ਘਾਟਾ ਮਹਿਸੂਸ ਕਰ ਰਹੀ ਹੈ ਕਿਉਂਕਿ ਪ੍ਰਦੀਪ ਛਾਬੜਾ ਭਾਵੇਂ ਹੀ ਇਹਨਾਂ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਸਨ ਪਰ ਪਿਛਲੇ 15-20 ਸਾਲਾਂ ਤੋਂ ਉਹ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਲਈ ਹੀ ਕੰਮ ਕਰਦੇ ਆ ਰਹੇ ਸਨ।

ਇਹ ਵੀ ਪੜ੍ਹੋ: ਵੱਡੇ ਭਰਾ ਨੇ ਜ਼ਮੀਨੀ ਵਿਵਾਦ ’ਚ ਛੋਟੇ ਭਰਾ ਦਾ ਕੀਤਾ ਕਤਲ

ਪ੍ਰਦੀਪ ਛਾਬੜਾ (AAP Leader Pradeep Chhabra) ਨੇ ਨਾ ਸਿਰਫ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਸਗੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਵੀ ਅਹਿਮ ਸਾਥੀਆਂ ਵਿੱਚੋਂ ਪਹਿਲੀ ਲਿਸਟ ਵਿੱਚ ਆਉਂਦੇ ਸਨ। ਕਾਂਗਰਸ ਪਾਰਟੀ ਵਿੱਚ ਰਹਿੰਦੇ ਹੋਏ ਹੀ ਪ੍ਰਦੀਪ ਛਾਬੜਾ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਵੀ ਰਹਿ ਚੁੱਕੇ ਹਨ। ਕੁਝ ਸਾਲ ਪਹਿਲਾਂ ਪ੍ਰਦੀਪ ਛਾਬੜਾ ਨੂੰ ਕਾਂਗਰਸ ਪਾਰਟੀ ਵੱਲੋਂ ਪ੍ਰਧਾਨਗੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਜਿਸ ਤੋਂ ਨਾਰਾਜ਼ ਹੋ ਕੇ ਪ੍ਰਦੀਪ ਛਾਬੜਾ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਦੀਪ ਛਾਬੜਾ ਨੇ ਹੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਨਗਰ ਨਿਗਮ ਵਿੱਚ ਪਹੁੰਚਣ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਹਨਾਂ ਦੇ ਚਲਦੇ ਹੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਆਪਣਾ ਮੇਅਰ ਤੱਕ ਬਣਾ ਸਕੀ ਹੈ। ਪ੍ਰਦੀਪ ਛਾਬੜਾ ਪਿਛਲੇ ਡੇਢ ਦੋ ਸਾਲ ਤੋਂ ਬਿਮਾਰ ਚੱਲ ਰਹੇ ਸਨ ਅਤੇ ਜਿਸ ਕਾਰਨ ਉਹਨਾਂ ਦੀ ਇਹਨਾਂ ਦਿਨਾਂ ਦੌਰਾਨ ਸਰਗਰਮੀ ਵੀ ਕੁਝ ਘੱਟ ਗਈ ਸੀ। ਪੀਜੀਆਈ ਵਿਖੇ ਇਲਾਜ ਚੱਲਣ ਦੌਰਾਨ ਮੰਗਲਵਾਰ ਸ਼ਾਮ ਨੂੰ ਪ੍ਰਦੀਪ ਛਾਬੜਾ ਦੇ ਦੇਹਾਂਤ ਦੀ ਖਬਰ ਆਈ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਸਸਕਾਰ ਮੌਕੇ ਆਪਣੀ ਹਾਜ਼ਰੀ ਵੀ ਲਗਾਈ।