ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਕੁਲਵੰਤ ਕੋਟਲੀ, ਮੋਹਾਲੀ: ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ‘ਚ ਮੋਹਾਲੀ ਤੋਂ ਗਏ ਸੈਕਟਰ 70 ਦੇ ਵਸਨੀਕ ਨੌਜਵਾਨ ਸਿਮਰਨਜੀਤ ਸਿੰਘ (ਉਮਰ 20 ਸਾਲ) ਦਾ ਬੀਤੇ ਦਿਨੀਂ ਕਿਸੇ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਮਰਨਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਭੰਗੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਟਾਇਰ ਅਧਿਕਾਰੀ ਹਨ ਅਤੇ ਸਿਮਰਨਜੀਤ ਸਿੰਘ ਦੇ ਕਤਲ ਦੀ ਖਬਰ ਆਉਣ ਤੇ ਸਿੱਖਿਆ ਬੋਰਡ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸਿਮਰਨਜੀਤ ਸਿੰਘ ਪਿਛਲੇ ਸਾਲ ਹੀ ਆਪਣੀ ਵੱਡੀ ਭੈਣ (ਜੋ ਸੈਕਰਾਮੈਂਟੋ ਵਿਖੇ ਰਹਿੰਦੀ ਹੈ) ਦੇ ਕੋਲ ਗਿਆ ਸੀ ਅਤੇ ਉਥੇ ਦੱਖਣੀ ਸੈਕਰਾਮੈਟੋਂ ਵਿੱਚ ਸਥਿਤ ਚੈਵਗਨ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ। 26 ਜੁਲਾਈ ਦੀ ਰਾਤ ਨੂੰ 11 ਵਜੇ ਦੇ ਕਰੀਬ ਗੈਸ ਸਟੇਸ਼ਨ ‘ਤੇ ਬਣੀ ਦੁਕਾਨ (ਜਿਸ ਵਿੱਚ ਸਿਮਰਨਜੀਤ ਸਮੇਤ ਤਿੰਨ ਵਿਅਕਤੀ ਮੌਜ਼ੂਦ ਸਨ) ਤੋਂ ਕੁਝ ਸਾਮਾਨ ਖਰੀਦਿਆ ਅਤੇ ਪੈਸੇ ਦੇ ਕੇ ਬਾਹਰ ਜਾ ਕੇ ਪਾਰਕਿੰਗ ਵਿੱਚ ਖੜ੍ਹ ਗਏ ਸਨ।ਇਸ ਦੌਰਾਨ ਉਨ੍ਹਾਂ ਨੂੰ ਉਥੇ ਖੜ ਕੇ ਸ਼ਰਾਬ ਪੀਣ ਤੋਂ ਰੋਕਣ ਲਈ ਉਨ੍ਹਾਂ ਕੋਲ ਗਏ ਇੱਕ ਕਰਮਚਾਰੀ ਨਾਲ ਉਨ੍ਹਾਂ ਦੀ ਥੋੜ੍ਹੀ ਬਹਿਸ ਹੋਈ ਅਤੇ ਉਹ ਕਰਮਚਾਰੀ ਭੱਜ ਕੇ ਗੈਸ ਸਟੇਸ਼ਨ ਵਿੱਚ ਵੜਿਆ ਕਿ ਉਹ ਪੁਲਿਸ ਬੁਲਾਉਂਦਾ ਹੈ।
ਇਸੇ ਦੌਰਾਨ ਆਪਣੇ ਕਿਸੇ ਕੰਮ ਲਈ ਬਾਹਰ ਨਿਕਲੇ ਸਿਮਰਨਜੀਤ ਸਿੰਘ ਤੇ ਉਕਤ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਛਾਤੀ ਵਿੱਚ ਕਈ ਗੋਲੀਆਂ ਵੱਜੀਆਂ ਅਤੇ ਹਸਪਤਾਲ ਲਿਜਾਣ ‘ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਸਿਮਰਨਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਭੰਗੂ ਅਤੇ ਉਨ੍ਹਾਂ ਦੀ ਪਤਨੀ ਇਸ ਵੇਲੇ ਨਿਊਜ਼ੀਲੈਂਡ ਵਿੱਚ ਆਪਣੀ ਛੋਟੀ ਬੇਟੀ ਕੋਲ ਗਏ ਹੋਏ ਹਨ ਅਤੇ ਸੈਕਟਰ 70 ਵਿਚਲੀ ਉਨ੍ਹਾਂ ਦੀ ਰਿਹਾਇਸ਼ ‘ਤੇ ਕੋਈ ਨਹੀਂ ਹੈ।
ਪੁਲਿਸ ਨੇ ਕਾਤਲ ਨੂੰ ਕੀਤਾ ਗ੍ਰਿਫ਼ਤਾਰ
ਇਸੇ ਦੌਰਾਨ ਸਕਾਰਮੈਂਟੋ ਦੀ ਪੁਲੀਸ ਵੱਲੋਂ ਸਿਮਰਨਜੀਤ ਸਿੰਘ ਭੰਗੂ ਦੇ ਕਤਲ ਦੇ ਦੋਸ਼ ‘ਚ ਅੱਜ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਸਿਮਰਨਜੀਤ ਸਿੰਘ ਦੇ ਮਾਪਿਆਂ ਦੇ ਵਿਦੇਸ਼ ‘ਚ ਹੋਣ ਕਾਰਨ ਇਹ ਜਾਣਕਾਰੀ ਹਾਸਲ ਨਹੀਂ ਹੋ ਪਾਈ ਕਿ ਉਸ ਦਾ ਅੰਤਮ ਸਸਕਾਰ ਮੁਹਾਲੀ ਵਿੱਚ ਹੋਵੇਗਾ ਜਾਂ ਫਿਰ ਅਮਰੀਕਾ ‘ਚ ਹੀ ਉਸਦੀਆਂ ਅੰਤਿਮ ਰਸਮਾਂ ਮੁਕੰਮਲ ਕੀਤੀਆਂ ਜਾਣਗੀਆਂ।