ਅਮੀਨੋ ਐਸਿਡਾਂ ਦੀ ਪੈਦਾਵਾਰ ਲਈ ਪੰਜਾਬੀ ਯੂਨੀਵਰਸਿਟੀ ਨੇ ਲੱਭੀ ਇੱਕ ਵਿਸ਼ੇਸ਼ ਪ੍ਰਕਿਰਿਆ/ਪ੍ਰਣਾਲ਼ੀ

Punjabi-Univercity
ਪਟਿਆਲਾ : ਨਿਗਰਾਨ ਪ੍ਰੋ. ਬਲਜਿੰਦਰ ਕੌਰ, ਖੋਜਾਰਥੀ ਅੰਸ਼ੁਲਾ ਸ਼ਰਮਾ।

ਕੈਂਸਰ ਸਮੇਤ ਵੱਡੀਆਂ ਬਿਮਾਰੀਆਂ ਦੀਆਂ ਦਵਾਈਆਂ ਵਿੱਚ ਮਹੱਤਵ ਰੱਖਦੇ ਹਨ ਅਮੀਨੋ ਐਸਿਡ ( Punjabi University )

  • ਖੋਜ ਦੇ ਨਤੀਜੇ ਕੌਮਾਂਤਰੀ ਵਿਗਿਆਨ ਰਸਾਲਿਆਂ ਵਿੱਚ ਹੋਏ ਪ੍ਰਕਾਸ਼ਿਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਗੁਰਦਿਆਂ ਦੀ ਪੱਥਰੀ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਯੂਰੀਆ ਸਰਕਲ ਸੰਬੰਧੀ ਵਿਕਾਰ ਆਦਿ ਦੇ ਇਲਾਜ ਲਈ ਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾ ਸਕਣ ਦੀਆਂ ਸੰਭਾਵਨਾਵਾਂ ਰੱਖਣ ਵਾਲ਼ੇ ਅਮੀਨੋ ਐਸਿਡਾਂ ਦੀ ਵੱਡੇ ਪੱਧਰ ਉੱਤੇ ਪੈਦਾਵਾਰ ਕਰਨ ਲਈ ਪੰਜਾਬੀ ਯੂਨੀਵਰਸਿਟੀ ( Punjabi University ) ਦੀ ਇੱਕ ਖੋਜ ਰਾਹੀਂ ਇੱਕ ਵਿਸ਼ੇਸ਼ ਪ੍ਰਕਿਰਿਆ ਲੱਭੀ ਗਈ ਹੈ।

ਬਾਇਓਟੈਕਨੌਲਜੀ ਵਿਭਾਗ ਤੋਂ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਅੰਸ਼ੁਲਾ ਸ਼ਰਮਾ ਵੱਲੋਂ ਕੀਤੀ ਇਸ ਖੋਜ ਰਾਹੀਂ ਸਾਹਮਣੇ ਆਇਆ ਹੈ ਕਿ ਅਮੀਨੋ ਐਸਿਡਾਂ ਦਾ ਵੱਡੇ ਪੱਧਰ ਉੱਤੇ ਉਤਪਾਦਨ ਕਰਨ ਲਈ ਰੀਕੌਂਬੀਨੈਂਟ ਲੈਕਟਿਕ ਐਸਿਡ ਬੈਕਟੀਰੀਆ ਸਟਰੇਨ ਵਰਤੇ ਜਾ ਸਕਦੇ ਹਨ। ਅੱਗੇ ਇਨ੍ਹਾਂ ਐਸਿਡਾਂ ਦੀ ਵਰਤੋਂ ਭੋਜਨ ਅਤੇ ਪੀਣ ਵਾਲੇ ਵੱਖ-ਵੱਖ ਕਿਸਮ ਦੇ ਵਿਸ਼ੇਸ਼ ਪਦਾਰਥਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤੀ ਜਾ ਸਕਦੀ ਹੈ। ( Punjabi University )

ਵਿਗਿਆਨਕ ਸਾਹਿਤ ਵਿੱਚ ਪਹਿਲੀ ਵਾਰ ਰਿਪੋਰਟ ਹੋਈ ਇਹ ਪ੍ਰਕਿਰਿਆ 

ਖੋਜਾਰਥੀ ਅੰਸ਼ੁਲਾ ਸ਼ਰਮਾ ਨੇ ਦੱਸਿਆ ਕਿ ਫ਼ੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਔਫ਼ਿਸ (ਐੱਫ਼.ਡੀ.ਏ.) ਵੱਲੋਂ ਐੱਲ ਐਲਾਨੀਨ ਨਾਮਕ ਅਮੀਨੋ ਐਸਿਡ ਨੂੰ ਵੱਖ-ਵੱਖ ਮਕਸਦਾਂ ਲਈ ਭੋਜਨ ਵਿੱਚ ਮਿਲਾ ਸਕਣ ਬਾਰੇ ਮਾਨਤਾ ਪ੍ਰਾਪਤ ਹੈ। ਭਾਵ ਇਸ ਨੂੰ ‘ਫ਼ੂਡ ਐਡਿਟਿਵ’ ਵਜੋਂ ਵਰਤਿਆ ਜਾ ਸਕਦਾ ਹੈ। ਭੋਜਨ ਦੀਆਂ ਵੱਖ-ਵੱਖ ਵਿਸ਼ੇਸ਼ ਕਿਸਮਾਂ ਵਿੱਚ ਇਸ ਦੇ ਰਲ਼ਾਅ ਨਾਲ਼ ਤਿਆਰ ਹੋਏ ਵਿਸ਼ੇਸ਼ ਪਦਾਰਥ ਵੱਖ-ਵੱਖ ਮਕਸਦਾਂ ਲਈ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।

Punjabi-Univercity
ਪਟਿਆਲਾ : ਨਿਗਰਾਨ ਪ੍ਰੋ. ਬਲਜਿੰਦਰ ਕੌਰ, ਖੋਜਾਰਥੀ ਅੰਸ਼ੁਲਾ ਸ਼ਰਮਾ।

ਮੁੱਖ ਤੌਰ ਉੱਤੇ ਇਸ ਨੂੰ ਘੱਟ-ਕੈਲਰੀ ਵਾਲ਼ੇ ਕੁਦਰਤੀ ਮਿੱਠੇ ਵਜੋਂ ਅਤੇ ਚਰਬੀ (ਫੈਟ) ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਇਸ ਦੇ ਗੁਣ ਮੋਟਾਪੇ ਨੂੰ ਘਟਾਉਣ ਜਾਂ ਠੀਕ ਕਰਨ ਦੀ ਯੋਗਤਾ ਰੱਖਦੇ ਹਨ। ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਯੂਰੀਆ ਸਰਕਲ ਸੰਬੰਧੀ ਵਿਕਾਰ, ਪ੍ਰੋਸਟੈਟਿਕ ਹਾੲਪਿਰਪਲਸੀਆ, ਹਾਈਪੋਗਲਾਈਸੀਮੀਆ, ਗੁਰਦੇ ਦੀਆਂ ਪੱਥਰੀਆਂ ਆਦਿ ਦੇ ਇਲਾਜ ਲਈ ਦਵਾਈਆਂ ਦੇ ਨਿਰਮਾਣ ਵਿੱਚ ਇਸ ਦੀ ਵਿਸ਼ੇਸ਼ ਮਹੱਤਤਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸੂਬੇ ਅੰਦਰ ਹਰੇਕ ਵਿਅਕਤੀ ਤੱਕ ਮਿਆਰੀ ਸਿਹਤ ਸੇਵਾਵਾਂ ਕਰਾਂਗੇ ਪੁੱਜਦੀਆਂ : ਸਿਹਤ ਮੰਤਰੀ

ਇਸ ਤੋਂ ਇਲਾਵਾ ਇਸ ਨੂੰ ਵਾਲ਼ਾਂ ਅਤੇ ਚਮੜੀ ਦੇ ਕੰਡੀਸ਼ਨਿੰਗ ਏਜੰਟ ਵਜੋਂ ਵੀ ਵਰਤਿਆ ਜਾਂਦਾ ਹੈ। ਸ਼ਿੰਗਾਰ ਸਮੱਗਰੀ ਅਤੇ ਨਿੱਜੀ ਦੇਖਭਾਲ ਦੇ ਵੱਖ-ਵੱਖ ਉਤਪਾਦਾਂ ਲਈ ਵੀ ਇਸ ਦੀ ਵਰਤੋਂ ਹੋ ਸਕਦੀ ਹੈ। ਆਮ ਤੌਰ ਉੱਤੇ ਸ਼ਿੰਗਾਰ ਸਮੱਗਰੀ (ਕਾਸਮੈਟਿਕਸ) ਵਿੱਚ ਹਾਨੀਕਾਰਕ ਸਿੰਥੈਟਿਕ ਰਸਾਇਣ ਹੁੰਦੇ ਹਨ ਜੋ ਮਨੁੱਖਾਂ ਵਿੱਚ ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦਾ ਹੈ। ਪਰ ਜੈਵਿਕ ਤਰੀਕੇ ਨਾਲ਼ ਪ੍ਰਾਪਤ ਕੀਤੇ ਮਿਸ਼ਰਣਾਂ ਦੀ ਵਰਤੋਂ ਜਿਵੇਂ ਕਿ ਐੱਲ ਐਲਾਨੀਨ ਦੀ ਵਰਤੋਂ ਨਾਲ਼ ਅਜਿਹੇ ਉਤਪਾਦਾਂ ਵਿੱਚ ਪੈਦਾ ਹੋਣ ਵਾਲੇ ਦੁਰਪ੍ਰਭਾਵਾਂ ਨੂੰ ਘਟਾਇਆ ਜਾ ਖਤਮ ਕੀਤਾ ਜਾ ਸਕਦਾ ਹੈ।

ਖੋਜ ਦੌਰਾਨ ਇੱਕ ਵਿਸ਼ੇਸ਼ ਤਰ੍ਹਾਂ ਦਾ ਬੈਕਟੀਰੀਆ ਪੈਦਾ ਕੀਤਾ ਗਿਆ ( Punjabi University)

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਏਨੇ ਜ਼ਿਆਦਾ ਲਾਭਾਂ ਦੀਆਂ ਸੰਭਾਵਨਾਵਾਂ ਵਾਲੇ ਇਨ੍ਹਾਂ ਅਮੀਨੋ ਐਸਿਡਾਂ ਦੇ ਮਾਮਲੇ ਵਿੱਚ ਮੁੱਖ ਅੜਚਣ ਇਹ ਹੈ ਕਿ ਮਾਈਕ੍ਰੋਬਾਇਲੀ ਤੌਰ ਉੱਤੇ ਤਿਆਰ ਐੱਲ ਐਲਾਨੀਨ ਦੀ ਉਪਲੱਬਧਤਾ ਵਿੱਚ ਘਾਟ ਹੈ। ਢੁਕਵੀਂ ਪ੍ਰਕਿਰਿਆ ਈਜਾਦ ਨਾ ਹੋਣ ਕਾਰਨ ਕਾਰਨ ਇਸ ਦੀ ਪੈਦਾਵਾਰ ਸੀਮਤ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ਵਿੱਚ ਅਜਿਹੀ ਫਰਮੈਂਟੇਸ਼ਨ ਪ੍ਰਕਿਰਿਆ ਦੀ ਖੋਜ ਕੀਤੀ ਗਈ ਹੈ ਜਿਸ ਨਾਲ਼ ਇਸ ਦਾ ਵੱਡੇ ਪੱਧਰ ਉੱਤੇ ਉਤਪਾਦਨ ਸੰਭਵ ਹੈ। ਉਨ੍ਹਾਂ ਕਿਹਾ ਕਿ ਜੇ ਸਰਲ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਇਸ ਖੋਜ ਦੌਰਾਨ ਇੱਕ ਵਿਸ਼ੇਸ਼ ਤਰ੍ਹਾਂ ਦਾ ਬੈਕਟੀਰੀਆ ਪੈਦਾ ਕੀਤਾ ਗਿਆ ਹੈ ਜੋ ਅਮੀਨੋ ਐਸਿਡਾਂ ਦੀ ਪੈਦਾਵਾਰ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ।

ਇਹ ਵੀ ਪੜ੍ਹੋ : IND Vs PAK: ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੁਕਿਆ, ਭਾਰਤ ਦਾ ਸਕੋਰ 147/2

ਇਸ ਤੋਂ ਇਲਾਵਾ ਇਸ ਖੋਜ ਰਾਹੀਂ ਐੱਲ ਐਲਾਨੀਨ ਅਮੀਨੋ ਐਸਿਡ ਦੇ ਰਲ਼ਾਅ ਨਾਲ਼ ਪੈਦਾ ਹੋਣ ਵਾਲੇ ਵੱਖ-ਵੱਖ ਪਦਾਰਥਾਂ ਦੇ ਵਿਸ਼ੇਸ਼ ਗੁਣਾਂ ਬਾਰੇ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਖੋਜ ਰਾਹੀਂ ਲੱਭੀ ਗਈ ਫਰਮੈਂਟੇਸ਼ਨ ਪ੍ਰਕਿਰਿਆ ਐੱਲ-ਐਲਨਾਇਨ ਦੇ ਮਾਮਲੇ ਵਿੱਚ ਰਸਾਇਣਕ-ਅਧਾਰਿਤ ਪ੍ਰਕਿਰਿਆਵਾਂ ਨਾਲ਼ੋਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਰਾਹੀਂ ਪ੍ਰਾਪਤ ਨਤੀਜੇ ਵਿਗਿਆਨਕ ਸਾਹਿਤ ਵਿੱਚ ਪਹਿਲੀ ਵਾਰ ਰਿਪੋਰਟ ਹੋਏ ਹਨ। ਅਧਿਐਨ ਦੇ ਇਹ ਨਤੀਜੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਗਿਆਨ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਖੋਜ ਰਾਹੀਂ ਵਿਕਸਤ ਕੀਤਾ ਗਿਆ ਰੀਕੌਂਬੀਨੈਂਟ ਪੀਡੀਓਕੋਕਸ ਐਸਿਡਿਲੈਕਟੀ ਬੀਡੀ 16 ਸਟ੍ਰੇਨ ਆਪਣੀ ਬੇਮਿਸਾਲ ਫਰਮੈਂਟੇਟਿਵ ਉਤਪਾਦਕਤਾ ਦੇ ਕਾਰਨ,ਭਵਿੱਖ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਰੱਖਦਾ ਹੈ, ਜੋ ਗੁਣ ਅਤੇ ਗਿਣਤੀ ਦੇ ਲਿਹਾਜ਼ ਨਾਲ਼ ਐੱਲ ਐਲਾਨੀਨ ਮਾਰਕੀਟ ਦੇ ਵਿਸ਼ਵਵਿਆਪੀ ਵਿਸਥਾਰ ਵਿੱਚ ਮਦਦਗਾਰ ਹੋਵੇਗਾ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਬਾਰੇ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਵਿਗਿਆਨ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੁਣਵੱਤਾ ਭਰਪੂਰ ਖੋਜਾਂ ਕੌਮਾਂਤਰੀ ਪੱਧਰ ਉੱਤੇ ਪੰਜਾਬੀ ਯੂਨੀਵਰਸਿਟੀ ( Punjabi University ) ਦਾ ਨਾਂਅ ਰੌਸ਼ਨ ਕਰਦੀਆਂ ਹਨ।