ਗੁੱਸੇ ਵਿੱਚ ਆਏ ਸ਼ਹਿਰ ਵਾਸੀਆਂ ਨੇ ਦੁਕਾਨਾਂ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ
(ਸਤੀਸ਼ ਜੈਨ) ਰਾਮਾਂ ਮੰਡੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਹਰ ਰੋਜ਼ ਪੋਲ ਖੋਲ੍ਹਦੀ ਨਜ਼ਰ ਜਾ ਰਹੀ ਹੈ। ਤਾਜ਼ਾ ਘਟਨਾ ’ਚ ਐਤਵਾਰ ਰਾਤ ਕਰੀਬ 8.15 ਵਜੇ ਬੈਂਕ ਬਾਜ਼ਾਰ ਸਥਿਤ ਤਰੁਣ ਕਲੈਕਸ਼ਨ ਨਾਮਕ ਰੇਡੀਮੇਡ ਕੱਪੜੇ ਦੀ ਦੁਕਾਨ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। (Robbed)
ਜਾਣਕਾਰੀ ਦਿੰਦਿਆਂ ਪੀੜਤ ਸੋਨੂੰ ਨੇ ਦੱਸਿਆ ਕਿ ਬੀਤੀ ਰਾਤ ਦੋ ਅਣਪਛਾਤੇ ਵਿਅਕਤੀ ਸਕੂਟਰ ’ਤੇ ਸਵਾਰ ਹੋ ਕੇ ਗਾਹਕ ਬਣ ਕੇ ਉਸ ਕੋਲ ਆਏ ਅਤੇ ਜਦੋਂ ਉਹ ਉਨ੍ਹਾਂ ਨੂੰ ਕੱਪੜੇ ਦਿਖਾਉਣ ਲੱਗੇ ਤਾਂ ਉਨ੍ਹਾਂ ਨੇ ਪਿਸਤੌਲ ਤਾਣ ਲਈ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਗੱਲੇ ’ਚ ਪਈ ਨਗਦੀ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਸ਼ਹਿਰ ਵਾਸੀਆਂ ਨੇ ਸੋਮਵਾਰ ਸਵੇਰੇ ਦੁਕਾਨਾਂ ਬੰਦ ਕਰਵਾ ਕੇ ਰੇਲਵੇ ਬਾਜ਼ਾਰ ’ਚ ਧਰਨਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਵਾਰਤਕ ਪੁਸਤਕ ‘ਯਾਦਾਂ ਦੀ ਪਟਾਰੀ’ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਲੋਕ ਅਰਪਣ
ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਨਸ਼ਿਆਂ ਦੀ ਵਿੱਕਰੀ ਜ਼ੋਰਾਂ ’ਤੇ ਹੈ, ਜਿਸ ਦਾ ਨਤੀਜਾ ਇਹ ਹੈ ਕਿ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਬੇਕਾਰ ਬੈਠਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਾਨੂੰਨ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ ਜਿਸ ਕਾਰਨ ਨਾ ਤਾਂ ਲੋਕ ਆਪਣੇ ਘਰਾਂ ਵਿੱਚ ਅਤੇ ਨਾ ਹੀ ਦੁਕਾਨਾਂ ਵਿੱਚ ਸੁਰੱਖਿਅਤ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਅਮਨ-ਕਾਨੂੰਨ ਦੀ ਮਜ਼ਬੂਤੀ ਲਈ ਢੁਕਵੇਂ ਕਦਮ ਚੁੱਕੇ ਜਾਣ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਂਚ ਐਸਆਈ ਕਰਮਜੀਤ ਸਿੰਘ ਕਰ ਰਹੇ ਹਨ। (Robbed)