ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਦੋ ਜਣਿਆਂ ਨੂੰ ਦੱਸਿਆ ਜਿੰਮੇਵਾਰ; ਮਾਮਲਾ ਦਰਜ਼ | Ludhiana News
ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਸਦਰ ਲੁਧਿਆਣਾ (Ludhiana News) ਦੀ ਪੁਲਿਸ ਨੇ ਇੱਕ ਖੁਦਕੁਸ਼ੀ ਦੇ ਮਾਮਲੇ ’ਚ ਦੋ ਜਣਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਮਿ੍ਰਤਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਿੰਡ ਥਰੀਕੇ ਅਤੇ ਪਿੰਡ ਹਰੇਊ ਦੇ ਦੋ ਵਿਅਕਤੀਆਂ ਨੂੰ ਜਿੰਮੇਵਾਰ ਦੱਸਿਆ ਸੀ। ਜਿੰਨਾਂ ਨੇ ਉਸ ਦੇ ਦਸਤਾਵੇਜ ਧੋਖੇ ਨਾਲ ਹਾਸਲ ਕਰਕੇ ਉਸਦੇ ਨਾਂਅ ਦੀਆਂ 3 ਫ਼ਰਜੀ ਫਰਮਾਂ ਬਣਾ ਲਈਆਂ ਸਨ।
ਸਬ ਇੰਸਪੈਕਟਰ ਗੁਰਮੀਤ ਸਿੰਘ ਮੁਤਾਬਕ ਪਿੰਡ ਲਲਤੋਂ ਦੇ ਜੱਗਾ ਸੈਮਸੰਗ (31) ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਮਿ੍ਰਤਕਾ ਦੀ ਪਤਨੀ ਵੀਰਪਾਲ ਕੌਰ ਦੀ ਸ਼ਿਕਾਇਤ ’ਤੇ ਜਗਰੂਪ ਸਿੰਘ ਵਾਸੀ ਥਰੀਕੇ ਅਤੇ ਸੰਨੀ ਵਾਸੀ ਹਰੇਊ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਮਿ੍ਰਤਕ ਦੀ ਪਤਨੀ ਵੀਰਪਾਲ ਕੌਰ ਦੇ ਦੱਸਣ ਮੁਤਾਬਕ ਤਫ਼ਤੀਸ ’ਚ ਸਾਹਮਣੇ ਆਇਆ ਕਿ ਉਕਤ ਦੋਵਾਂ ਨੇ ਮਿ੍ਰਤਕ ਜੱਗਾ ਸੈਮਸੰਗ ਦੇ ਦਸਤਾਵੇਜਾਂ ’ਤੇ 3 ਫ਼ਰਜੀ ਫਰਮਾਂ ਬਣਾਈਆਂ ਸਨ। ਜਿਸ ਦੀ ਪੁਸ਼ਟੀ ਮਿ੍ਰਤਕ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਕੀਤੀ ਹੈ ਅਤੇ ਆਪਣੀ ਮੌਤ ਦੇ ਜਿੰਮੇਵਾਰ ਉਕਤ ਦੋਵਾਂ ਨੂੰ ਦੱਸਿਆ ਹੈ।
ਜਿੰਨਾਂ ਨੇ ਫ਼ਰਜੀ ਫਰਮਾਂ ਦੇ ਆਧਾਰ ’ਤੇ ਲੱਖਾਂ ਰੁਪਏ ਦਾ ਲੈਣ-ਦੇਣ ਕੀਤਾ ਹੈ ਅਤੇ ਟੈਕਸ ਦਾ ਵੀ ਘਪਲਾ ਕੀਤਾ ਹੈ। ਇਸ ਸਬੰਧੀ ਉਸ (ਜੱਗਾ ਸੈਮਸੰਗ) ਨੂੰ ਜੀਐਸਟੀ ਵਿਭਾਗ ਤੋਂ ਵੀ ਫੋਨ ਆਇਆ। ਜਿਸ ਪਿੱਛੋਂ ਉਕਤ ਮਾਮਲੇ ਦਾ ਜੱਗੇ ਨੂੰ ਪਤਾ ਲੱਗਾ ਤੇ ਉਹ ਸਦਮੇ ’ਚ ਚਲਾ ਗਿਆ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਤਫਤੀਸ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਜਗਰੂਪ ਸਿੰਘ ਨੇ ਜੱਗੇ ਨੂੰ ਡੇਢ ਲੱਖ ਰੁਪਏ ਲੋਨ ਦਿਵਾਉਣ ਦੀ ਗੱਲ ਆਖ ਕੇ ਸੰਨੀ ਨਾਲ ਮਿਲਵਾਇਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਜੱਗੇ ਤੋਂ ਉਸਦਾ ਪੈਨ ਕਾਰਡ, ਆਧਾਰ ਕਾਰਡ ਅਤੇ ਹੋਰ ਦਸਤਾਵੇਜ ਹਾਸਲ ਕੀਤੇ ਅਤੇ ਜੱਗਾ ਸੈਮਸੰਗ ਦੇ ਨਾਮ ’ਤੇ ਤਿੰਨ ਫਰਮਾਂ ਬਣਾ ਲਈਆਂ। ਜਿਸ ਤੋਂ ਪ੍ਰੇਸ਼ਾਨ ਜੱਗਾ ਸੈਮਸੰਗ ਨੇ ਆਪਣੇ ਕਮਰੇ ਅੰਦਰ ਪਰਨੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।