ਟਾਇਰ ਬਦਲ ਰਹੇ ਨਬਾਲਿਗ ਲੜਕੇ ਨੂੰ ਟਰੱਕ ਨੇ ਦਰੜਿਆ, ਮੌਕੇ ’ਤੇ ਮੌਤ

Ludhiana News
(ਸੰਕੇਤਕ ਫੋਟੋ)।

ਬਤੌਰ ਕੰਡਕਟਰ ਕਰਦਾ ਸੀ ਕੰਮ | Accident

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਰਾਹੋਂ ਰੋਡ ’ਤੇ ਆਪਣੇ ਟਰੱਕ ਦਾ ਪੈਂਚਰ ਹੋਇਆ ਟਾਇਰ ਬਦਲ ਰਹੇ ਇੱਕ ਨਬਾਲਿਗ ਲੜਕੇ ਨੂੰ ਇੱਕ ਹੋਰ ਟਰੱਕ ਨੇ ਲਤੜ ਦਿੱਤਾ। ਜਿਸ ਕਾਰਨ ਜਖ਼ਮੀ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਮੋਨੂੰ ਸਬਰਵਾਲ ਪੁੱਤਰ ਕਸ਼ਮੀਰੀ ਲਾਲ ਵਾਸੀ ਵਿਸ਼ਨੂੰ ਨਗਰ ਰਾਹੋਂ ਰੋਡ ਲੁਧਿਆਣਾ ਨੇ ਦੱਸਿਆ ਕਿ ਮੇਰੇ ਕੈਂਟਰ ਨੰਬਰ ਐਚਆਰ-37 ਐੱਫ਼- 9269 ’ਤੇ ਯਸਰਾਜ ਪੁੱਤਰ ਅਜੇਪਾਲ ਵਾਸੀ ਨਿਊ ਸੁਭਾਸ਼ ਨਗਰ ਲੁਧਿਆਣਾ ਬਤੌਰ ਕੰਡਕਟਰ ਕੰਮ ਕਰਦਾ ਸੀ। ਉਨਾਂ ਅੱਗੇ ਦੱਸਿਆ ਕਿ 21 ਜੂਨ ਨੂੰ ਰਾਤੀ ਪੌਣੇ 9 ਵਜੇ ਦੇ ਕਰੀਬ ਮੇਹਰਬਾਨ ਤੋਂ ਬਸਤੀ ਜੋਧੇਵਾਲ ਵੱਲ ਨੂੰ ਜਾ ਰਹੇ ਸਨ। (Accident)

ਇਸ ਦੌਰਾਨ ਰਾਹ ’ਚ ਉਨਾਂ ਦਾ ਕੈਂਟਰ ਦੀ ਡਰਾਇਵਰ ਸਾਇਡ ਵਾਲਾ ਪਿਛਲਾ ਟਾਇਰ ਪੈਂਚਰ ਹੋ ਗਿਆ। ਉਨਾਂ ਦੱਸਿਆ ਕਿ ਯਸਰਾਜ ਕੈਂਟਰ ਦਾ ਪੈਂਚਰ ਹੋਇਆ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ ਰਫ਼ਤਾਰੀ ਟਰੱਕ ਚਾਲਕ ਨੇ ਅਣਗਹਿਲੀ ਨਾਲ ਯਸਰਾਜ ਉੱਪਰ ਟਰੱਕ ਦਾ ਅਗਲਾ ਟਾਇਰ ਚੜਾ ਦਿੱਤਾ। ਜਿਸ ਕਾਰਨ ਗੰਭੀਰ ਰੂਪ ’ਚ ਜਖ਼ਮੀ ਹੋਏ ਯਸਰਾਜ (17) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਪਿੱਛੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। (Accident)

ਇਹ ਵੀ ਪੜ੍ਹੋ : 345 ਗ੍ਰਾਮ ਹੈਰੋਇਨ ਤੇ ਹੋਰ ਸਮਾਨ ਬਰਾਮਦ

ਜਿਸ ਨੇ ਮਿ੍ਰਤਕ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਅਣਪਛਾਤੇ ਟਰੱਕ ਚਾਲਕ ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ। ਤਫਤੀਸੀ ਅਧਿਕਾਰੀ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਥਾਣਾ ਟਿੱਬਾ ਦੀ ਪੁਲਿਸ ਨੇ ਮੋਨੂੰ ਸਬਰਵਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ਼ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।