ਔਰਤਾਂ ਨੂੰ ਲੁੱਟਣ ਵਾਲਾ ਚਾਰ ਮੈਂਬਰੀ ਅੰਤਰਰਾਜੀ ਗਿਰੋਹ ਕਾਬੂ

50 ਗ੍ਰਾਮ ਸੋਨਾ ਤੇ ਦੋ ਮੋਟਰਸਾਈਕਲ ਬਰਾਮਦ

ਬਠਿੰਡਾ, (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਦੇ ਸੀ ਆਈ ਏ ਸਟਾਫ (ਟੂ) ਨੇ ਔਰਤਾਂ  ਨਾਲ ਲੁੱਟ ਖੋਹ ਕਰਨ ਵਾਲੇ ਇਕ ਚਾਰ ਮੈਂਬਰੀ ਅੰਤਰਰਾਜੀ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਰਾਹਗੀਰ ਜਾਂ ਘਰ ‘ਚ ਇਕੱਲੀਆਂ ਔਰਤ ਨੂੰ ਦੇਖ ਕੇ ਉਨ੍ਹਾਂ ਤੋਂ ਕੰਨਾਂ ਦੀਆਂ ਵਾਲੀਆਂ ਜਾਂ ਰਿੰਗ ਵਗੈਰਾ ਖੋਹ ਲੈਂਦਾ ਸੀ ਇਸ ਗਿਰੋਹ ਦਾ ਸਰਗਨਾ ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਬੀੜ ਤਲਾਬ ਬਸਤੀ ਨੰਬਰ 4 ਹਾਲ ਅਬਾਦ ਸਾਹੋਕੇ ਜ਼ਿਲ੍ਹਾ ਮੋਗਾ ਹੈ।

ਜਦੋਂਕਿ ਬਾਕੀ ਮੈਂਬਰਾਂ ‘ਚ ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਾਸੀ ਸਾਹੋਕੇ, ਗੁਰਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ ਅਤੇ ਬਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀਅਨ ਦਿਓਣ ਜ਼ਿਲ੍ਹਾ ਬਠਿੰਡਾ ਸ਼ਾਮਲ ਹਨ ਪੁਲਿਸ ਨੇ ਇਨ੍ਹਾਂ  ਮੁਲਜ਼ਮਾਂ  ‘ਤੇ ਥਾਣਾ ਕੈਨਾਲ ਕਲੋਨੀ ਬਠਿੰਡਾ ‘ਚ ਧਾਰਾ ਅ/ਧ 379 ਬੀ/411 ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਕਪਤਾਨ ਸ੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਸੀਆਈਏ ਸਟਾਫ (ਟੂ) ਸਟਾਫ ਦੇ ਇੰਚਾਰਜ਼ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਟੀਮ ਵੱਲੋਂ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ।

ਇਸ ਗਿਰੋਹ ਦੇ ਮੈਂਬਰ ਉਸ ਵਕਤ ਬੀੜ ਤਲਾਬ ਰੋਡ ‘ਤੇ ਪਲਸਰ ਅਤੇ ਸੀਡੀ ਡੀਲਕਸ ਮੋਟਰਸਾਈਕਲਾਂ ‘ਤੇ ਸਵਾਰ ਹੋਕੇ ਲੁੱਟਾਂ ਖੋਹਾਂ ਦੀ ਵਿਉਂਤ ਬਣਾ ਰਹੇ ਸਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮੁਢਲੀ ਪੁੱਛ ਪੜਤਾਲ ਦੌਰਾਨ ਮੰਨਿਆ ਹੈ ਕਿ ਉਹ ਲੋਕ ਲੁੱਟ ਦਾ ਮਾਲ ਮਹਿੰਦਰ ਸਿੰਘ ਦੀਪ ਜਵੈਲਰਜ਼ ਸਿਰਕੀ ਬਜ਼ਾਰ ਬਠਿੰਡਾ ਅਤੇ ਜਸਵੰਤ ਸਿੰਘ ਕੈਂਥ ਰੈੱਡ ਸਟਾਰ ਜਵੈਲਰਜ਼ ਕੋਰਟ ਰੋਡ ਬਠਿੰਡਾ ਨੂੰ ਸਸਤੇ ਭਾਅ ‘ਤੇ ਵੇਚਦੇ ਸਨ ਉਨ੍ਹਾਂ ਕਿਹਾ ਕਿ ਪੁਲਿਸ ਇਨ੍ਹਾਂ ਦੋਵਾਂ ਜਿਊਲਰਜ਼ ਨੂੰ ਵੀ ਤਫਤੀਸ਼ ‘ਚ ਸ਼ਾਮਲ ਕਰੇਗੀ ਜਿਸ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਮੁਤਾਬਕ ਇਸ ਗਿਰੋਹ ਨੇ ਜ਼ਿਲ੍ਹਾ ਬਠਿੰਡਾ, ਮਾਨਸਾ , ਸ੍ਰੀ ਮੁਕਤਸਰ ਸਾਹਿਬ,ਜ਼ਿਲ੍ਹਾ ਮੋਗਾ,ਫਰੀਦਕੋਟ ,ਹਰਿਆਣਾ ਦੇ ਸਰਸਾ ਜ਼ਿਲ੍ਹਾ ਤੇ ਡੱਬਵਾਲੀ ਦੇ ਪਿੰਡਾਂ ‘ਚ 60 ਦੇ ਕਰੀਬ ਲੁੱਟ ਖੋਹ ਦੀਆਂ  ਵਾਰਦਾਤਾਂ ਕੀਤੀਆਂ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਨੇ ਇਹ ਕੰਮ ਆਪਣੀ ਐਸ਼ੋ ਇਸ਼ਰਤ ਲਈ ਸ਼ੁਰੂ ਕੀਤਾ ਸੀ ਅਤੇ ਇਨ੍ਹਾਂ  ਵੱਲੋਂ ਔਰਤਾਂ  ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਸੀ ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਕੋਲੋਂ ਸੋਨੇ ਦੀਆਂ  ਤਿੰਨ ਜੋੜੇ ਵਾਲੀਆਂ ,4 ਸਿੰਗਲ ਵਾਲੀਆਂ ਅਤੇ ਦੋ ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ ਪੁਲਿਸ ਵੱਲੋਂ ਬਰਾਮਦ ਕੀਤੇ 50 ਗ੍ਰਾਮ ਸੋਨੇ ਦੀ ਕੀਮਤ 1.50 ਲੱਖ ਰੁਪਏ ਬਣਦੀ ਹੈ ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੀ ਗ੍ਰਿਫਤਾਰੀ ਨਾਲ ਬਠਿੰਡਾ ਜ਼ਿਲ੍ਹੇ ‘ਚ ਦਰਜ 11 ਮਾਮਲਿਆਂ ਦੀ ਗੁੱਥੀ ਸੁਲਝ ਗਈ ਹੈ  ਉਨ੍ਹਾਂ ਦੱਸਿਆ ਕਿ ਮੁਲਜ਼ਮਾਂ  ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਏਗਾ ਅਤੇ ਪੁੱਛਗਿੱਛ ਕੀਤੀ ਜਾਏਗੀ ।

LEAVE A REPLY

Please enter your comment!
Please enter your name here