Ludhiana News: ਕਮਰੇ ’ਚ ਸੁੱਤੇ ਪਏ ਮਹਿਲਾ ਤੇ ਪੁਰਸ਼ ਦੀ ਸਾਹ ਘੁੱਟਣ ਕਾਰਨ ਹੋਈ ਮੌਤ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਸਥਿੱਤ ਇੱਕ ਗੈਸਟ ਹਾਊਸ ਵਿੱਚ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਉੱਥੇ ਠਹਿਰੇ ਇੱਕ ਮਹਿਲਾ ਦੇ ਪੁਰਸ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।
ਘਟਨਾ ਸੁਵੱਖਤੇ ਦਿਨ ਚੜ੍ਹਨ ਤੋਂ ਪਹਿਲਾਂ ਵਾਪਰੀ, ਜਿਸ ਦਾ ਪਤਾ ਲੱਗਦਿਆਂ ਹੀ ਹੋਟਲ ਮੈਨੇਜ਼ਰ ਨੇ ਰੌਲਾ ਪਾਇਆ। ਰੌਲਾ ਸੁਣ ਇਕੱਠੇ ਹੋਏ ਲਾਗਲੇ ਵਸਨੀਕਾਂ ਨੇ ਫਾਇਰ ਬਿਗ੍ਰੇਡ ਤੇ ਪੁਲਿਸ ਨੂੰ ਹੋਟਲ ’ਚ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਰਨ ਧੂੰਆਂ ਇੰਨਾ ਫੈਲ ਚੁੱਕਿਆ ਸੀ ਕਿ ਹੋਟਲ ਅੰਦਰ ਜਾਣਾ ਮੁਸ਼ਕਿਲ ਸੀ। ਬਾਵਜੂਦ ਇਸ ਦੇ ਤਕਰੀਬਨ ਅੱਧੇ ਘੰਟੇ ਦੀ ਜੱਦੋ- ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਜਿਉਂ ਹੀ ਇੱਕ ਕਮਰੇ ’ਚ ਠਹਿਰੇ ਇੱਕ ਮਹਿਲਾ ਦੇ ਪੁਰਸ ਵਾਲੇ ਕਮਰੇ ਦਾ ਦਰਵਾਜਾ ਤੋੜਿਆ ਗਿਆ ਤਾਂ ਕਮਰੇ ਅੰਦਰ ਮਹਿਲਾ ਤੇ ਪੁਰਸ ਬੇਹੋਸ਼ੀ ਦੀ ਹਾਲਤ ’ਚ ਪਏ ਸਨ, ਜਿੰਨ੍ਹਾਂ ਨੂੰ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
Read Also : Fazilka News: ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ ਦੀ ਫਾਜ਼ਿਲਕਾ ਡਵੀਜ਼ਨ ਦੀ ਚੋਣ
ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਹਿਲਾ ਦੇ ਪੁਰਸ ਦੀ ਮੌਤ ਧੂੰਏ ਕਾਰਨ ਸਾਹ ਘੁੱਟਣ ਨਾਲ ਹੋਈ ਹੈ। ਸੂਚਨਾ ਮਿਲਣ ਪਿੱਛੋਂ ਥਾਣਾ ਡਵੀਜਨ ਨੰਬਰ 5 ਦੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮ੍ਰਿਤਕ ਦੇਹ ਸੰਭਾਲ ਘਰ ’ਚ ਰਖਵਾ ਦਿੱਤਾ ਅਤੇ ਜਾਂਚ ਦੇ ਤਹਿਤ ਗੈਸਟ ਹਾਊਸ ਨੂੰ ਸ਼ੀਲ ਕਰ ਦਿੱਤਾ। ਇਸ ਤੋਂ ਇਲਾਵਾ ਹੋਟਲ ਮੈਨੇਜਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਨੂੰ ਜਨਤਕ ਕਰਨ ਤੋਂ ਇੰਨਕਾਰ ਕੀਤਾ ਅਤੇ ਉਨ੍ਹਾਂ ਦੇ ਵਾਰਸਾਂ ਦੇ ਆਉਣ ’ਤੇ ਕਾਰਵਾਈ ਕਰਨ ਦੀ ਗੱਲ ਆਖੀ।