ਕੈਮੀਕਲ ਦੀ ਦੁਕਾਨ ’ਚ ਲੱਗੀ ਅੱਗ, ਤਿੰਨ ਸਿਲੰਡਰ ਫਟੇ

Fire Chemical Shop

ਦੁਕਾਨ ਸਮੇਤ ਸਾਰਾ ਸਮਾਨ ਸੜ੍ਹ ਕੇ ਸਵਾਹ

  • ਅੱਗ ਦੀਆਂ ਲਪਟਾਂ ਕਾਰਨ ਦੋ ਫਾਇਰ ਬ੍ਰਿਗੇਡ ਮੁਲਾਜ਼ਮ ਝੁਲਸੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਤੋਪਖਾਨਾ ਮੋੜ ’ਤੇ ਇੱਕ ਕੈਮੀਕਲ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਜਿੱਥੇ ਦੁਕਾਨ ਅਤੇ ਅੰਦਰ ਪਿਆ ਸਮਾਨ ਬੂਰੀ ਤਰ੍ਹਾਂ ਰਾਖ ਹੋ ਗਿਆ। ਅੱਗ ਕਾਰਨ ਦੁਕਾਨ ਅੰਦਰ ਪਏ ਤਿੰਨ ਸਿਲੰਡਰ ਵੀ ਫਟ ਗਏ, ਜਿਸ ਕਾਰਨ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਈ ਘੰਟਿਆਂ ਬਾਅਦ ਕਾਬੂ ਪਾਇਆ ਗਿਆ। ਅੱਗ ਬੁਝਾਉਣ ਸਮੇਂ ਦੋ ਮੁਲਾਜ਼ਮ ਵੀ ਝੁਲਸੇ ਗਏ। (Fire Chemical Shop)

ਅੱਗ ਬੁਝਾਉਣ ਲਈ ਪਾਣੀ ਦੀਆਂ 15 ਤੋਂ ਵੱਧ ਗੱਡੀਆਂ ਲੱਗੀਆਂ

ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਲੱਗਣ ਦੀ ਘਟਨਾ ਅੱਜ ਸਵੇਰੇ 3 ਵਜੇ ਦੇ ਕਰੀਬ ਵਾਪਰੀ ਅਤੇ ਜਿਸ ਤੋਂ ਬਾਅਦ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਇਸ ਦੁਕਾਨ ਵਿੱਚ ਜੁੱਤੀਆਂ ਬਣਾਉਣ ਲਈ ਚਮੜਾ, ਕੈਮੀਕਲ, ਕੋਲਾ, ਰੈਕਸੀਨ ਤੇ ਹੋਰ ਜਲਣਸ਼ੀਲ ਸਮੱਗਰੀ ਸਮੇਤ ਕੁੱਲ ਪੰਜ ਸਿਲੰਡਰ ਪਏ ਸਨ ਜਿਨ੍ਹਾਂ ਵਿੱਚੋਂ ਇੱਕ ਤੋਂ ਬਾਅਦ ਇੱਕ ਤਿੰਨ ਸਿਲੰਡਰ ਫਟ ਗਏ । ਅੱਗ ਐਨੀ ਭਿਆਨਕ ਸੀ ਕਿ ਫਾਇਰ ਬ੍ਰਿਗਡੇ ਨੂੰ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ 15 ਤੋਂ ਵੱਧ ਪਾਣੀ ਦੀਆਂ ਗੱਡੀਆਂ ਅਤੇ ਅੱਠ ਘੰਟੇ ਦਾ ਸਮਾਂ ਲੱਗਿਆ ਹੈ।

ਇਸ ਮੌਕੇ ਸਹਾਇਕ ਫਾਇਰ ਮੰਡਲ ਅਫ਼ਸਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੁਕਾਨ ਦੇ ਮਾਲਕਾਂ ਵੱਲੋਂ ਅੱਗ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੇਰੇ ਤਿੰਨ ਵਜੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਇੱਥੇ ਸੱਦ ਲਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਸਮੇ ਸਿਲੰਡਰ ਫੱਟਣ ਕਾਰਨ ਤੇਜ਼ ਅੱਗ ਕਰਕੇ ਉਨ੍ਹਾਂ ਦੇ ਦੋ ਮੁਲਾਜ਼ਮ ਅੱਗ ਨਾਲ ਝੁਲਸੇ ਗਏ।

ਜਖਮੀ ਹੋਏ ਕੱਚੇ ਮੁਲਾਜਮਾਂ ਦੀ ਪਛਾਣ ਨਮਨ ਕੌਸ਼ਲ ਤੇ ਜਗਜੀਤ ਸਿੰਘ ਵਜੋਂ ਹੋਈ ਹੈ ਇਨ੍ਹਾਂ ਜਖਮੀ ਕੱਚੇ ਮੁਲਾਜ਼ਮਾਂ ਨੂੰ ਸਰਕਾਰੀ ਹਸਪਤਾਲ ’ਚ ਮੁਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਲੰਡਰਾਂ ਕਾਰਨ ਅੱਗ ਤੇਜ਼ ਹੋ ਗਈ। ਦੁਕਾਨ ਵਿੱਚ ਪੰਜ ਸਿਲੰਡਰ ਸਨ ਜਿਨ੍ਹਾਂ ’ਚੋਂ ਦੋ ਨੂੰ ਅੱਗ ਨਹੀਂ ਲੱਗੀ। ਇਸ ਮੌਕੇ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।

ਦੱਸਣਾ ਬਣਦਾ ਹੈ ਕਿ ਪਟਿਆਲਾ ਫਾਇਰ ਬ੍ਰਿਗੇਡ ਕੱਚੇ ਮੁਲਾਜ਼ਮਾਂ ਦੇ ਸਹਾਰੇ ਹੀ ਚੱਲ ਰਹੀ ਹੈ ਜਦੋਂਕਿ ਇਨ੍ਹਾਂ ਮੁਲਾਜ਼ਮਾਂ ਨਾਲ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਨ੍ਹਾਂ ਦਾ ਭਵਿੱਖ ਧੁੰਦਲਾ ਹੀ ਹੈ ਇਸ ਕੇ ਸਬ ਫਾਇਰ ਅਫ਼ਸਰ ਰਾਜਿੰਦਰ ਕੁਮਾਰ, ਸਬ ਫਾਇਰ ਅਫ਼ਸਰ ਮਨੋਜ ਕੁਮਾਰ, ਸਬ ਫਾਇਰ ਅਫਸਰ ਵਿਸ਼ਾਲ ਕੁਮਾਰ, ਫਾਇਰਮੈਨ ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਲਲਿਤ ਕੁਮਾਰ, ਨਵਦੀਪ ਸੋਨੀ, ਵਿਨੇ ਕੁਮਾਰ, ਸੁਮਿਤ ਕੁਮਾਰ, ਅੰਕਿਤ ਭਾਰਦਵਾਜ, ਹੇਮੰਤ, ਰਾਜਵੀਰ ਆਦਿ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ