ਮਾਲਵੇ ਖਿੱਤੇ ਦੀ ਪਰਾਲੀ ਨੂੰ ਅੱਗ ਲਗਾਉਣ ‘ਚ ਝੰਡੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਈ ਰਾਜਾਂ ਵਿੱਚ ਫੈਲੇ ਹਵਾ ਪ੍ਰਦੂਸ਼ਣ ਨੇ ਲੋਕਾਂ ਦਾ ਜਿਉਂਣਾ ਦੁੱਬਰ ਕੀਤਾ ਹੋਇਆ ਹੈ। ਸਰਕਾਰਾਂ ਇਸ ਪ੍ਰਦੂਸ਼ਣ ਨੂੰ ਰੋਕਣ ਵਿੱਚ ਨਾ ਕਾਮਯਾਬ ਸਾਬਤ ਹੋਈਆਂ ਹਨ। ਅੱਜ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਸਖਤ ਰੁੱਖ ਅਪਣਾਇਆ ਗਿਆ ਹੈ, ਜਿਸ ਤੋਂ ਬਾਅਦ ਸਰਕਾਰਾਂ ਵਿੱਚ ਕੁਝ ਹਿਲਜੁੱਲ ਹੋਈ ਹੈ। ਪੰਜਾਬ ਅੰਦਰ ਕੱਲ੍ਹ 3 ਨਵੰਬਰ ਨੂੰ ਪਰਾਲੀ ਨੂੰ ਅੱਗ ਲਗਾਉੁਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਦਿਨ ਪੰਜਾਬ ਅੰਦਰ 2856 ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਉਂਜ ਅੱਜ ਸੂਰਜ਼ ਦੇ ਦਰਸ਼ਨ ਹੋਏ ਹਨ ਅਤੇ ਧੁੱਪ ਖਿੜੀ ਹੈ, ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਪੰਜਾਬ ਅੰਦਰ ਅੱਜ ਹਵਾ ਦੀ ਗੁਣਵੱਤਾ ਐਵਰੇਜ਼ 274 ਦਰਜ਼ ਕੀਤੀ ਗਈ ਹੈ ਜੋ ਕਿ ਸ਼ਨੀਵਾਰ ਨੂੰ 316 ਤੇ ਪੁੱਜ ਗਈ ਸੀ। Punjab
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਅਤਿ ਖਤਰਨਕਾਰ ਸਥਿਤੀ ਵਿੱਚ ਫੈਲੇ ਹਵਾ ਪ੍ਰਦੂਸ਼ਣ ਨੇ ਆਮ ਜਨ ਜੀਵਨ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਆਮ ਲੋਕ ਆਪਣੇ ਜੀਵਨ ਜਿਉਂਣ ਦੇ ਅਧਿਕਾਰ ਤੋਂ ਵੀ ਵਾਂਝਾ ਹੋਣਾ ਮਹਿਸੂਸ ਕਰਨ ਲੱਗੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਦਫ਼ਤਰਾਂ ਵਿੱਚ ਬੈਠ ਕੇ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਬਿਆਨ ਜਾਰੀ ਕਰ ਰਹੇ ਹਨ ਜਦਕਿ ਜ਼ਮੀਨੀ ਹਕੀਕਤ ਇਸ ਤੋਂ ਦੂਰ ਹੈ। ਦਿਹਾਤੀ ਹਲਕਿਆਂ ਅੰਦਰ ਹਵਾ ਪ੍ਰਦੂਸ਼ਣ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਅਤੇ ਖੇਤਾਂ ਵਿੱਚੋਂ ਉੱਠਿਆ ਧੂੰਆਂ ਪਿੰਡਾਂ ਦੀ ਹਵਾ ਨੂੰ ਸਭ ਤੋਂ ਵੱਧ ਜਹਿਰੀਲਾ ਬਣਾ ਰਿਹਾ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਿਕ 3 ਨਵੰਬਰ ਨੂੰ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਇਕੱਲੇ ਦਿਨ ਵਿੱਚ ਹੀ 2856 ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਹੁਣ ਤੱਕ ਸੂਬੇ ਅੰਦਰ ਪਰਾਲੀ ਨੂੰ ਅੱਗ ਲਗਾਉਣ ਦੀਆਂ 25314 ਘਟਨਾਵਾਂ ਦਰਜ਼ ਕੀਤੀਆਂ ਗਈਆਂ ਹਨ।
ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 3 ਨਵੰਬਰ ਨੂੰ ਸਿਰਫ਼ 966 ਥਾਵਾਂ ‘ਤੇ ਹੀ ਅੱਗ ਲਗਾਈ ਗਈ ਸੀ, ਜਦਕਿ ਸਾਲ 2017 ‘ਚ 3 ਨਵੰਬਰ ਵਾਲੇ ਦਿਨ 1676 ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਸੀ। ਇਸ ਸਾਲ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ ਜਿਸ ਕਾਰਨ ਹਵਾ ਪ੍ਰਦੂਸ਼ਨ ਦੀ ਸਥਿਤੀ ਅਤਿ ਖਤਰਨਾਕ ਮੋੜ ‘ਤੇ ਪੁੱਜ ਗਈ ਹੈ।
ਜ਼ਿਲ੍ਹਾ ਫਿਰੋਜ਼ਪੁਰ, ਸੰਗਰੂਰ, ਪਟਿਆਲਾ, ਬਠਿੰਡਾ, ਤਰਨਤਾਰਨ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਮੋਹਰੀ ਚੱਲ ਰਹੇ ਹਨ ਜਦਕਿ ਜਦਕਿ ਪਠਾਨਕੋਟ ਹੀ ਇੱਕ ਅਜਿਹਾ ਜ਼ਿਲ੍ਹਾ ਹੈ, ਜਿੱਥੇ ਕਿ ਹੁਣ ਸਿਰਫ਼ 2 ਥਾਵਾਂ ‘ਤੇ ਹੀ ਪਰਾਲੀ ਨੂੰ ਅੱਗ ਲਗਾਈ ਗਈ ਹੈ।
ਅੱਜ ਸੂਬੇ ਅੰਦਰ ਧੁੱਪ ਨਿੱਕਲਣ ਕਾਰਨ ਹਵਾ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ, ਪਰ ਇਹ ਸਥਿਤੀ ਵੀ ਖਤਰਨਾਕ ਹੈ। ਪੰਜਾਬ ਦੀ ਐਵਰੇਜ਼ ਏਕਿਊਆਈ 274 ਰਹੀ ਹੈ ਜੋ ਕਿ ਸ਼ਨੀਵਾਰ ਨੂੰ 316 ‘ਤੇ ਪੁੱਜ ਗਈ ਸੀ। ਉਂਜ ਅੱਜ ਮੰਡੀ ਗੋਬਿੰਦਗੜ੍ਹ ਦੀ ਏਕਿਊਆਈ 339 ਦਰਜ਼ ਕੀਤੀ ਗਈ ਹੈ ਜੋ ਕਿ ਅਤੀ ਖਤਰਨਾਕ ਹੈ। ਇਸ ਤੋਂ ਇਲਾਵਾ ਜਲੰਧਰ ਵਿਖੇ ਏਕਿਊਆਈ 337 ਦਰਜ਼ ਕੀਤੀ ਗਈ ਹੈ। ਪਟਿਆਲਾ ਵਿਖੇ ਹਵਾ ਗੁਣਵੱਤਾ 260 ਦਰਜ਼ ਕੀਤੀ ਗਈ ਹੈ। ਭਾਵੇਂ ਅੱਜ ਹਵਾ ਚੱਲਣ ਦੇ ਨਾਲ ਹੀ ਧੁੱਪ ਨਿਕਲੀ ਪਰ ਵਾਤਾਵਰਣ ਵਿੱਚ ਜਹਿਰੀਲੇ ਕਣ ਘੱਟ ਨਹੀਂ ਹੋਏ।
ਬੋਰਡ ਹੁਣ ਪਿੰਡਾਂ ‘ਚ ਫੈਲਾਉਣ ਲੱਗਿਆ ਜਾਗਰੂਕਤਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਦਫ਼ਤਰਾਂ ਵਿੱਚ ਬੈਠ ਕੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ‘ਤੇ ਲੱਗੇ ਹੋਏ ਹਨ। ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਅੰਤਿਮ ਦਿਨਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਹੈ। ਇਹ ਪ੍ਰਚਾਰ ਵਾਹਨ ਸੁਸਾਇਟੀ ਫਾਰ ਇੰਡੀਅਨ ਆਟੋ ਮੁਬਾਇਲ ਮੈਨੂਫੇਕਚਰਜ਼ ਦੇ ਹਨ। ਜਿਨ੍ਹਾਂ ਨੂੰ ਅੱਜ ਬੋਰਡ ਦੇ ਚੇਅਰਮੈਨ ਵੱਲੋਂ ਹਰੀ ਝੰਡੀ ਦਿਖਾਈ ਗਈ ਹੈ। ਸੂਬਾ ਇਸ ਮੌਕੇ ਧੂੰਆ ਰੋਲ ਹੋਇਆ ਪਿਆ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਅੰਤਿਮ ਦੌਰ ਵਿੱਚ ਹਨ ਪਰ ਬੋਰਡ ਵੱਲੋਂ ਪਰਾਲੀ ਦੇ ਮਾਮਲੇ ਵਿੱਚ ਕਦੇ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਬੋਰਡ ਦੇ ਅਧਿਕਾਰੀ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਮਾਮਲੇ ਵਿੱਚ ਫੇਲ੍ਹ ਸਾਬਤ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।