ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿਸਾਨ
Tiger Attack: ਬਾਲਾਘਾਟ/ਮੱਧ ਪ੍ਰਦੇਸ਼ (ਆਈਏਐਨਐਸ)। ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਨ ’ਤੇ ਬਾਘ ਨੇ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਕਿਸਾਨ ਦੀ ਮੌਤ ਹੋ ਗਈ। ਇੰਨਾ ਹੀ ਨਹੀਂ, ਬਾਘ ਨੇ ਕਿਸਾਨ ਦੇ ਸਰੀਰ ਦਾ ਕੁਝ ਹਿੱਸਾ ਵੀ ਖਾ ਲਿਆ ਹੈ। ਇਹ ਘਟਨਾ ਕਟੰਗੀ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸ਼ਨਿੱਚਰਵਾਰ ਸਵੇਰੇ ਕਟੰਗੀ ਰੇਂਜ ਦੀ ਕੁਡਵਾ ਕਲੋਨੀ ਨੇੜੇ ਸਥਿਤ ਇੱਕ ਖੇਤ ਵਿੱਚ ਕੰਮ ਕਰ ਰਿਹਾ ਸੀ। ਫਿਰ ਅਚਾਨਕ ਇੱਕ ਬਾਘ ਨੇ ਪ੍ਰਕਾਸ਼ ਨਾਂਅ ਦੇ ਕਿਸਾਨ ‘ਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਉੱਥੇ ਹੋਰ ਕਿਸਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਬਾਘ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪੱਥਰ ਵੀ ਸੁੱਟੇ ਗਏ, ਪਰ ਬਾਘ ਬਹੁਤ ਦੇਰ ਤੱਕ ਉੱਥੇ ਹੀ ਬੈਠਾ ਰਿਹਾ। ਬਾਅਦ ਵਿੱਚ ਉਹ ਭੱਜ ਗਿਆ, ਪਰ ਉਦੋਂ ਤੱਕ ਪ੍ਰਕਾਸ਼ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: Farmers News Mansa: ਮਾਨਸਾ ਪੁੱਜੇ ਵਿੱਤ ਮੰਤਰੀ ਨੂੰ ਮਿਲਣ ਜਾਂਦੇ ਕਿਸਾਨ ਪੁਲਿਸ ਨੇ ਘੇਰੇ
ਬਾਘ ਨੇ ਉਸਦੇ ਸਰੀਰ ਦਾ ਕੁਝ ਹਿੱਸਾ ਵੀ ਖਾ ਲਿਆ। ਕਿਸਾਨ ‘ਤੇ ਬਾਘ ਦੇ ਹਮਲੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਕਿਸਾਨਾਂ ਵਿੱਚ ਗੁੱਸਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜੰਗਲਾਤ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਕਿ ਇਲਾਕੇ ਵਿੱਚ ਇੱਕ ਬਾਘ ਸਰਗਰਮ ਹੈ, ਪਰ ਜੰਗਲਾਤ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਉਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਇੱਕ ਕਿਸਾਨ ਬਾਘ ਦਾ ਸ਼ਿਕਾਰ ਬਣ ਗਿਆ। ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜੰਗਲ ਦੀ ਚੌਕੀ ਨੂੰ ਵੀ ਘੇਰ ਲਿਆ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਹਿਲਾਂ ਵੀ ਇੱਕ ਹੋਰ ਵਿਅਕਤੀ ਦੀ ਮੌਤ ਬਾਘ ਦੇ ਹਮਲੇ ਵਿੱਚ ਹੋਈ ਸੀ। ਵਿਰੋਧ ਪ੍ਰਦਰਸ਼ਨ ਨੂੰ ਦੇਖ ਕੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ। ਪ੍ਰਭਾਵਿਤ ਪਰਿਵਾਰ ਨੂੰ ਜੰਗਲਾਤ ਵਿਭਾਗ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਗਰਮੀਆਂ ਦਾ ਮੌਸਮ ਹੈ ਅਤੇ ਬਾਘਾਂ ਸਮੇਤ ਹੋਰ ਜੰਗਲੀ ਜਾਨਵਰ ਪਾਣੀ ਆਦਿ ਦੀ ਭਾਲ ਵਿੱਚ ਆਬਾਦੀ ਵਾਲੇ ਖੇਤਰਾਂ ਵਿੱਚ ਆਉਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਘਟਨਾ ਬਾਲਾਘਾਟ ਦੇ ਆਬਾਦੀ ਵਾਲੇ ਖੇਤਰ ਵਿੱਚ ਬਾਘ ਦੇ ਦਾਖਲ ਹੋਣ ਕਾਰਨ ਵਾਪਰੀ। Tiger Attack