ਮਨਪ੍ਰੀਤ ਸਿੰਘ ਮੰਨਾ
ਰਾਜਨੀਤੀ ਤੋਂ ਲੋਕਾਂ ਦਾ ਭਰੋਸਾ ਉੱਠਣਾ ਖਤਰਨਾਕ ਸਿੱਧ ਹੋ ਸਕਦਾ ਹੈ 2019 ਦੀਆਂ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਚੋਣਾਂ ਵਿੱਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਚਲੇ ਜਾਣਾ ਆਮ ਗੱਲ ਹੀ ਹੋ ਗਈ ਹੈ ਆਗੂਆਂ ਦੇ ਇੱਕ-ਦੂਜੇ ਦੀ ਪਾਰਟੀ ਵਿੱਚ ਜਾਣ ਨਾਲ ਆਗੂਆਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਪਰ ਦੂਜੀ ਗੱਲ ਹੈ ਕਿ ਜਨਤਾ ਦੀ ਵੀ ਹਾਲਤ ਵਿੱਚ ਉਸ ਨਾਲ ਕੋਈ ਸੁਧਾਰ ਨਹੀਂ ਹੁੰਦਾ ਜਨਤਾ ਲਈ ਸਮਝ ਤੋਂ ਪਰ੍ਹੇ ਹੋ ਜਾਂਦਾ ਹੈ ਕਿ ਜੋ ਆਗੂ ਕਿਸੇ ਪਾਰਟੀ ਨੂੰ ਕਿਸੇ ਸਮੇਂ ਕੋਸਦਾ ਸੀ ਉਹ ਅੱਜ ਉਸੇ ਪਾਰਟੀ ਵਿੱਚ ਉਨ੍ਹਾਂ ਦਾ ਗੁਣਗਾਨ ਕਰ ਰਿਹਾ ਹੈ ਇਸ ਨਾਲ ਜਨਤਾ ਦਾ ਭਰੋਸਾ ਰਾਜਨੀਤੀ ਤੋਂ ਉੱਠਣਾ ਸ਼ੁਰੂ ਹੋ ਗਿਆ ਹੈ ਪਹਿਲੇ ਸਮੇਂ ਵਿੱਚ ਲੋਕਾਂ ਵਿੱਚ ਸਹਿਣਸ਼ੀਲਤਾ ਸੀ ਅਤੇ ਉਹ ਸਹਿਣ ਕਰ ਜਾਂਦੇ ਸਨ ਪਰ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਹਾਲਤ ਚੰਗੀ ਨਹੀਂ ਗਿਣੀ ਜਾ ਸਕਦੀ ਦਿਨ-ਪ੍ਰਤੀਦਿਨ ਅਪਰਾਧਿਕ ਮਾਮਲਿਆਂ ਦਾ ਵਧਣਾ ਇਸ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ।
ਗੈਂਗਸਟਰਾਂ ਦਾ ਪਾਰਟੀਆਂ ‘ਚ ਆਉਣਾ ਤੇ ਬਿਆਨਾਂ ਵਿੱਚ ਰਾਜਨੀਤੀ ਦੇ ਪੱਧਰ ‘ਚ ਗਿਰਾਵਟ ਦਾ ਨਤੀਜਾ: ਰਾਜਨੀਤਕ ਪਾਰਟੀਆਂ ਦਾ ਪੱਧਰ ਦਿਨ-ਪ੍ਰਤੀਦਿਨ ਡਿੱਗਦਾ ਜਾ ਰਿਹਾ ਹੈ, ਜੋ ਕਿ ਦੇਸ਼ ਅਤੇ ਸਮਾਜ ਲਈ ਚੰਗਾ ਸਿੱਧ ਨਹੀਂ ਹੋ ਸਕਦਾ ਅੱਗੇ ਰਾਜਨੀਤੀ ਵਿੱਚ ਆਉਣ ਨੂੰ ਸਮਾਜ ਸੇਵਾ ਕਿਹਾ ਜਾਂਦਾ ਸੀ ਪਰ ਹੁਣ ਰਾਜਨੀਤੀ ਦੀ ਪਰਿਭਾਸ਼ਾ ਵੀ ਬਦਲਦੀ ਜਾ ਰਹੀ ਹੈ ਗੈਂਗਸਟਰਾਂ ਦਾ ਰਾਜਨੀਤਕ ਪਾਰਟੀਆਂ ਵਿੱਚ ਆਉਣਾ ਅਤੇ ਉਨ੍ਹਾਂ ‘ਤੇ ਬਣੀਆਂ ਫਿਲਮਾਂ ਵਿੱਚ ਇਹ ਵਿਖਾਈ ਦੇਣਾ ਕਿ ਗੈਂਗਸਟਰਾਂ ਨੂੰ ਰਾਜਨੀਤਕ ਲੋਕ ਸਪੋਟ ਕਰਦੇ ਹਨ ਰਾਜਨੀਤੀ ਵਿੱਚ ਗਿਰਾਵਟ ਦਾ ਨਤੀਜਾ ਕਿਹਾ ਜਾ ਸਕਦਾ ਹੈ।
ਸਾਫ਼-ਸੁਥਰੀ ਰਾਜਨੀਤੀ ਨਾਲ ਹੋਵੇਗਾ ਚੰਗੇ ਸਮਾਜ ਦਾ ਨਿਰਮਾਣ ਅਤੇ ਜਨਤਾ ਦੀ ਹਾਲਤ ਵਿੱਚ ਸੁਧਾਰ: ਵੋਟਾਂ ਦੇ ਦਿਨਾਂ ਵਿੱਚ ਪਾਰਟੀਆਂ ਵੱਲੋਂ ਜਾਤ-ਪਾਤ ਅਤੇ ਹੋਰ ਦੋਸ਼ਾਂ ਦਾ ਚਾਲ-ਚਲਣ ਚੱਲਦਾ ਹੈ, ਜਿਸਨੂੰ ਬੁੱਧੀਜੀਵੀਆਂ ਵੱਲੋਂ ਗੰਦੀ ਰਾਜਨੀਤੀ ਦਾ ਨਾਂਅ ਦਿੱਤਾ ਗਿਆ ਹੈ ਜੋ ਕਿ ਚੰਗੇ ਸਮਾਜ ਦੇ ਨਿਰਮਾਣ ਵਿੱਚ ਅੜਿੱਕੇ ਦਾ ਕਾਰਨ ਬਣ ਰਹੀ ਹੈ ਪਾਰਟੀ ਚਾਹੇ ਕੋਈ ਵੀ ਹੋਵੇ ਜੇਕਰ ਸਾਫ਼-ਸੁਥਰੀ ਰਾਜਨੀਤੀ ਹੋਵੇਗੀ ਤਾਂ ਹੀ ਸਮਾਜ ਚੰਗਾ ਅਤੇ ਜਨਤਾ ਦੀ ਹਾਲਤ ਵਿੱਚ ਸੁਧਾਰ ਦੀ ਆਸ ਰੱਖੀ ਜਾ ਸਕਦੀ ਹੈ ।
ਨੇਤਾਵਾਂ ਨੂੰ ਪਾਰਟੀ ਬਦਲਣ ਨਾਲ ਫਰਕ ਨਹੀਂ ਪੈਂਦਾ ਪਰ ਜਨਤਾ ਦਾ ਵਿਸ਼ਵਾਸ ਹੁੰਦਾ ਹੈ ਕਮਜ਼ੋਰ: ਵੋਟਾਂ ਦੇ ਦਿਨਾਂ ਵਿੱਚ ਆਗੂਆਂ ਦਾ ਇੱਕ ਪਾਰਟੀ ਨੂੰ ਛੱਡ ਦੂਜੀ ਪਾਰਟੀ ਵਿੱਚ ਜਾਣਾ ਅਤੇ ਜਾ ਕੇ ਪਿਛਲੀ ਪਾਰਟੀ ਦੀ ਬੁਰਾਈ ਕਰਨਾ ਇਹ ਆਮ ਹੀ ਦੇਖਣ ਨੂੰ ਮਿਲਦਾ ਹੈ ਇਸ ਨਾਲ ਨਾ ਤਾਂ ਨੇਤਾਵਾਂ ਨੂੰ ਕੋਈ ਫਰਕ ਪੈਂਦਾ ਹੈ ਅਤੇ ਨਾ ਹੀ ਕਿਸੇ ਪਾਰਟੀ ਨੂੰ ਪਰ ਜਨਤਾ ਵੱਲੋਂ ਆਗੂਆਂ ‘ਤੇ ਕੀਤਾ ਗਿਆ ਭਰੋਸਾ ਕਮਜ਼ੋਰ ਪੈ ਜਾਂਦਾ ਹੈ ਉਸ ਨੇਤਾ ਦੀ ਗੱਲ ‘ਤੇ ਪਹਿਲਾਂ ਭਰੋਸਾ ਕਰਦੇ ਸਨ ਪਰ ਹੁਣ ਕਿਸ ਗੱਲ ‘ਤੇ ਭਰੋਸਾ ਕੀਤਾ ਜਾਵੇ, ਇਹ ਜਨਤਾ ਸੋਚਣ ਲਈ ਮਜ਼ਬੂਰ ਹੋ ਜਾਂਦੀ ਹੈ।
ਇੱਕ-ਦੂਜੇ ‘ਤੇ ਇਲਜ਼ਾਮ ਲਾਉਣਾ ਛੱਡ ਸਮਾਜ ਸੇਵਾ ਨੂੰ ਅਪਨਾਉਣਾ ਹੀ ਸਮੇਂ ਦੀ ਮੰਗ: ਰਾਜਨੀਤਕ ਆਗੂਆਂ ਨੂੰ ਇੱਕ-ਦੂਜੇ ‘ਤੇ ਇਲਜ਼ਾਮ ਲਾਉਣਾ ਛੱਡ ਸਮਾਜ ਸੇਵਾ ਨੂੰ ਅਪਨਾਉਣਾ ਸਮੇਂ ਦੀ ਮੰਗ ਹੈ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਦੋਸ਼ ਲਾਉਣ ਨਾਲ ਨਹੀਂ ਸਗੋਂ ਜਨਤਾ ਲਈ ਕੰਮ ਕਰਨ ਨਾਲ ਹੋਵੇਗਾ ਰਾਜਨੀਤਕ ਪਾਰਟੀਆਂ ਦਾ ਗਠਨ ਅਤੇ ਪ੍ਰਧਾਨ ਮੰਤਰੀ, ਸਾਂਸਦ, ਵਿਧਾਇਕਾਂ ਦੀ ਚੋਣ ਦਾ ਅਸਲੀ ਉਦੇਸ਼ ਜਨਤਾ ਦੇ ਭਲੇ ਦੀਆਂ ਸਕੀਮਾਂ ਨੂੰ ਬਣਾਉਣਾ, ਉਨ੍ਹਾਂ ਨੂੰ ਲਾਗੂ ਕਰਵਾਉਣਾ ਸੀ, ਪਰ ਅੱਜ-ਕੱਲ੍ਹ ਇਸ ਉਦੇਸ਼ ਤੋਂ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਆਗੂ ਵੀ ਦੂਰ ਹੁੰਦੇ ਜਾ ਰਹੇ ਹਨ ਜਿਸਦੇ ਨਾਲ ਜਨਤਾ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਵਿਖਾਈ ਦੇ ਰਿਹਾ ।
ਆਗੂ ਜਨਤਾ ਦੀ ਸੁਣਨ ਤਾਂ ਲੋੜ ਨਹੀਂ ਪੈਂਦੀ ਵੋਟਾਂ ਮੰਗਣ ਦੀ: ਆਮ ਹੀ ਇੱਕ ਗੱਲ ਜਨਤਾ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿ ਵੋਟਾਂ ਦੇ ਦਿਨਾਂ ਵਿੱਚ ਆਗੂਆਂ ਨੂੰ ਆਪਣੇ-ਆਪਣੇ ਹਲਕੇ ਯਾਦ ਆਉਂਦੇ ਹਨ ਪਰ ਵੋਟਾਂ ਤੋਂ ਬਾਅਦ ਆਗੂ ਲੋਕਾਂ ਨੂੰ ਜਿਵੇਂ ਭੁੱਲ ਹੀ ਜਾਂਦੇ ਹਨ ਆਗੂ ਜੇਕਰ ਹਰ ਸਮੇਂ ਹੀ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਤਾਂ ਉਨਾਂ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਸਗੋਂ ਜਨਤਾ ਆਪੇ ਤੁਹਾਨੂੰ ਵੋਟ ਪਾਏਗੀ।
ਸਮਾਜ ਸੇਵੀ ਅਤੇ ਚੰਗੇ ਰਾਜਨੀਤਕ ਲੋਕਾਂ ਨੂੰ ਆਉਣਾ ਹੋਵੇਗਾ ਅੱਗੇ: ਰਾਜਨੀਤੀ ਵਿੱਚ ਆ ਰਹੀ ਗਿਰਾਵਟ ਲਈ ਸਮਾਜ ਸੇਵੀ ਅਤੇ ਚੰਗੇ ਰਾਜਨੀਤਕ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ ਗੱਲਾਂ ਨਾਲ ਨਾ ਤਾਂ ਪਹਿਲਾਂ ਕਦੇ ਗੱਲ ਬਣੀ ਸੀ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਬਣੇਗੀ ਇਸਦੇ ਲਈ ਕੰਮ ਤਾਂ ਕਰਨਾ ਹੀ ਪਵੇਗਾ ਦੇਸ਼ ਦੇ ਹਾਲਤ ਨਿੱਤ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸਦੇ ਲਈ ਜਲਦੀ ਤੋਂ ਜਲਦੀ ਕੰਮ ਕਰਨਾ ਹੋਵੇਗਾ ਨਹੀਂ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ, ਜੋ ਕਿ ਸਮਾਜ ਲਈ ਠੀਕ ਨਹੀਂ ਹੋਵੇਗਾ ਉਦਾਹਰਨ ਦੇ ਤੌਰ ‘ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕਿਸਾਨ ਫਸਲ ਦਾ ਬੀਜ ਖੇਤ ਵਿੱਚ ਪਾਉਂਦਾ ਹੈ ਫਸਲ ਥੋੜ੍ਹੀ ਤਿਆਰ ਹੋ ਜਾਂਦੀ ਹੈ ਜੇਕਰ ਫਸਲ ਨੂੰ ਕੋਈ ਰੋਗ ਲੱਗਾ ਹੈ, ਇਸ ਬਾਰੇ ਵਿੱਚ ਕਿਸਾਨ ਨੂੰ ਸਮੇਂ ‘ਤੇ ਪਤਾ ਲੱਗ ਜਾਵੇ ਤਾਂ ਉਹ ਫਸਲ ਨੂੰ ਬਚਾ ਸਕਦਾ ਹੈ ਪਰ ਜਦੋਂ ਰੋਗ ਨਾਲ ਸਾਰੀ ਫਸਲ ਹੀ ਖ਼ਰਾਬ ਹੋ ਜਾਵੇ ਤਾਂ ਫਸਲ ਨੂੰ ਬਚਾਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਸਮਾਜ ਵਿੱਚ ਜੋ-ਜੋ ਵੀ ਬੁਰਾਇਆਂ ਫੈਲ ਚੁੱਕੀਆਂ ਹਨ ਉਨ੍ਹਾਂ ਬਾਰੇ ਸਾਰੇ ਜਾਣਦੇ ਹਨ ਤੇ ਸਾਨੂੰ ਸਭ ਨੂੰ ਮਿਲ ਕੇ ਇਸ ‘ਤੇ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਹਾਲਾਤ ‘ਤੇ ਕਾਬੂ ਨਹੀਂ ਕੀਤਾ ਜਾ ਸਕੇਗਾ।
ਵਾਰਡ ਨੰਬਰ 5, ਗੜਦੀਵਾਲਾ (ਹੁਸ਼ਿਆਰਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।