ਬਾਹਰ ਜਾਣਾ ਨਹੀਂ ਚਾਹੁੰਦੇ ਸਨ ਕੌਂਸਲਰ
- ਆਪ ਕੌਂਸਲਰਾਂ ਨੂੰ ਸਦਨ ਵਿੱਚੋਂ ਕੀਤਾ ਗਿਆ ਬਾਹਰ, ਮੁਅੱਤਲ
(ਅਸ਼ਵਨੀ ਚਾਵਲਾ) ਚੰਡੀਗੜ। ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਹੰਗਾਮੇ ਦੀ ਭੇਂਟ ਚੜ ਗਈ। (Chandigarh Corporation) ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਮੇਅਰ ਵੱਲੋਂ ਪਹਿਲਾਂ ਇਨਾਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਇੱਕ ਦਿਨ ਲਈ ਮੁਅੱਤਲ ਕੀਤਾ ਗਿਆ ਤਾਂ ਨਾਲ ਹੀ ਮਾਰਸ਼ਲ ਨੂੰ ਆਦੇਸ਼ ਦਿੱਤੇ ਗਏ ਕਿ ਇਨਾਂ ਨੂੰ ਸਦਨ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਹਾਲਾਂਕਿ ਇਸ ਦੌਰਾਨ ਮਾਰਸ਼ਲ ਅਤੇ ਕੌਂਸਲਰ ਵਿਚਕਾਰ ਵੀ ਝੜਪ ਹੋਈ। ਕਾਫ਼ੀ ਜੱਦੋ-ਜਹਿਦ ਕਰਨ ਤੋਂ ਬਾਅਦ ਹੀ ਮਾਰਸ਼ਲ ਵੱਲੋਂ ਇਨਾਂ ਆਪ ਕੌਂਸਲਰ ਨੂੰ ਸਦਨ ਤੋਂ ਬਾਹਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਜਾਰੀ ਹੋਇਆ ਤੀਜਾ ਨੋਟਿਸ
ਇਸ ਤੋਂ ਬਾਅਦ ਸਦਨ ਵਿੱਚ ਕਾਂਗਰਸ ਦੇ ਕੌਂਸਲਰ ਹੰਗਾਮਾ ਕਰਦੇ ਰਹੇ ਪਰ ਸੱਤਾਧਾਰੀ ਭਾਜਪਾ ਕੌਂਸਲਰ ਤੇ ਮੇਅਰ ਵੱਲੋਂ ਆਪਣੇ ਏਜੰਡੇ ਅਨੁਸਾਰ ਸਦਨ ਦੀ ਕਾਰਵਾਈ ਨੂੰ ਚਲਾਉਂਦੇ ਹੋਏ ਸਾਰੇ ਪ੍ਰਸਤਾਵ ਪਾਸ ਕਰਵਾ ਲਏ ਗਏ। ਜਿਸ ਨੂੰ ਲੈ ਕੇ ਕਾਂਗਰਸ ਦੇ ਕੌਂਸਲਰ ਵੱਲੋਂ ਸਦਨ ਦੇ ਬਾਹਰ ਭਾਜਪਾ ’ਤੇ ਕਾਫ਼ੀ ਗੰਭੀਰ ਦੋਸ਼ ਵੀ ਲਗਾਏ ਹਨ। ਨਗਰ ਨਿਗਮ ਦੀ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਕੂੜੇ ਦੇ ਡਪਿੰਗ ਗਰਾਉਂਡ ਨੂੰ ਲੈ ਕੇ ਮਾਮਲਾ ਆਉਣਾ ਸੀ ਅਤੇ ਇਸ ਨੂੰ ਪਾਸ ਕਰਵਾਉਣ ਲਈ ਭਾਜਪਾ ਵੱਲੋਂ ਪਹਿਲਾਂ ਤੋਂ ਹੀ ਤਿਆਰੀ ਕੀਤੀ ਹੋਈ ਸੀ। ਇਸ ਸਦਨ ਦੀ ਕਾਰਵਾਈ ਵਿੱਚ ਸੰਸਦ ਮੈਂਬਰ ਕਿਰਨ ਖੇਰ ਵੀ ਆਏ ਹੋਏ ਸਨ ਅਤੇ ਉਨਾਂ ਵੱਲੋਂ ਸਾਰੀ ਕਾਰਵਾਈ ਵਿੱਚ ਭਾਗ ਵੀ ਲਿਆ ਗਿਆ। ਸਦਨ ਵਿੱਚ ਜਦੋਂ ਇੱਕ ਮੁੱਦੇ ’ਤੇ ਬਹਿਸ ਚਲ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਦਮਨਪ੍ਰੀਤ ਸਿੰਘ ਵੱਲੋਂ ਵੈਲ ਵਿੱਚ ਜਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਸੰਸਦ ਮੈਂਬਰ ਕਿਰਨ ਖੇਰ ਨਾਲ ਗਾਲ਼ੀ ਗਲੌਚ ਕਰਨ ਦਾ ਲੱਗਿਆ ਦੋਸ਼
ਇਸ ਦੌਰਾਨ ਹੀ ਉਨਾਂ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ ਬਹਿਸ ਹੋ ਗਈ ਤਾਂ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਦੋਸ਼ ਲਗਾਇਆ ਗਿਆ ਕਿ ਦਮਨਪ੍ਰੀਤ ਸਿੰਘ ਵੱਲੋਂ ਗੈਰ ਸੰਸਦੀ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ (Chandigarh Corporation) ਉਨਾਂ ਨੂੰ ਗਲਤ ਬੋਲਿਆ ਗਿਆ ਹੈ। ਜਿਸ ਨੂੰ ਦੇਖਦੇ ਹੋਏ ਮੇਅਰ ਅਨੂਪ ਗੁਪਤਾ ਵੱਲੋਂ ਕੌਂਸਲਰ ਦਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਹਰ ਕੱਢਣ ਦੇ ਆਦੇਸ਼ ਦੇ ਦਿੱਤੇ। ਇਸ ਦੌਰਾਨ ਬਾਕੀ ਆਮ ਆਦਮੀ ਪਾਰਟੀ ਦੇ ਕੌਂਸਲਰ ਵਲੋਂ ਹੰਗਾਮਾ ਕੀਤਾ ਗਿਆ ਤਾਂ ਬਾਕੀ ਸਾਰੀਆਂ ਨੂੰ ਵੀ ਸਦਨ ਤੋਂ ਬਾਹਰ ਕੀਤੇ ਜਾਣ ਵਾਲੇ ਆਦੇਸ਼ ਜਾਰੀ ਹੋ ਗਏ। ਇਨਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਮਾਰਸ਼ਲ ਵਲੋਂ ਬਾਹਰ ਕੀਤੇ ਜਾਣ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੋਈ ਅਤੇ ਕੁੜੇ ਦੇ ਡਪਿੰਗ ਗਰਾਉਂਡ ਸਣੇ ਬਾਕੀ ਹੋਰ ਏਜੰਡੇ ਪਾਸ ਕੀਤੇ ਗਏ।