ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ ਮਤਾ ਪਾਸ
ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ਸੂਬੇ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਣੀ ਦੇ ਪੱਧਰ ਵਿਚ ਸੁਧਾਰ ਕਰਨ ਸਬੰਧੀ ਢੰਗ-ਤਰੀਕਿਆਂ ਦੀ ਪੜਚੋਲ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ।
ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਸਬੰਧੀ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਮਸਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਜਿਸ ਉਪਰੰਤ ਇਹ ਫੈਸਲਾ ਲਿਆ ਗਿਆ। ਵਿਧਾਨ ਸਭਾ ਦੇ ਸਪੀਕਰ ਨੇ ਤੁਰੰਤ ਕਾਰਵਾਈ ਕਰਦਿਆਂ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜੋ ਤਿੰਨ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰੇਗੀ। ਸਪੀਕਰ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ ਕਿਉਂਕਿ ਸਦਨ ਦੇ ਮੈਂਬਰਾਂ ਨੇ ਇਹ ਮੁੱਦਾ ਚੁੱਕਿਆ ਹੈ, ਇਸ ਲਈ ਇਸ ਮਾਮਲੇ ਵਿੱਚ ਦਖਲ ਦੇਣਾ ਸਦਨ ਦਾ ਨੈਤਿਕ ਫਰਜ਼ ਬਣਦਾ ਹੈ।
ਰਾਣਾ ਕੇ.ਪੀ. ਸਿੰਘ ਨੇ ਪੰਜਾਬ ਸਰਕਾਰ ਨੂੰ ਕਮੇਟੀ ਦੀ ਸਹਾਇਤਾ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਯੁਕਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਦਖ਼ਲ ਦੇਣ ਤੋਂ ਇਲਾਵਾ ਇਹ ਕਮੇਟੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਸਬੰਧੀ ਤਜਵੀਜ਼ ਵੀ ਪੇਸ਼ ਕਰੇਗੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਇਸ ਕੀਮਤੀ ਕੁਦਰਤੀ ਸਰੋਤ ਨੂੰ ਬਚਾਇਆ ਜਾ ਸਕੇ। ਸਪੀਕਰ ਦੇ ਐਲਾਨ ਦਾ ਸਰਬ-ਸੰਮਤੀ ਨਾਲ ਸਵਾਗਤ ਕਰਦਿਆਂ ਸਾਰੇ ਸਦਨ ਨੇ ਮੇਜ਼ ਥਪ-ਥਪਾਕੇ ਉਨ੍ਹਾਂ ਦਾ ਧੰਨਵਾਦ ਕੀਤਾ। ਕੈਬਨਿਟ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ ਅਤੇ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪਾਣੀ ਮਨੁੱਖ ਦੀ ਹੋਂਦ ਬਰਕਰਾਰ ਰੱਖਣ ਲਈ ਸਭ ਤੋਂ ਕੀਮਤੀ ਸਰੋਤ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਬਚਤ ਕਰਨ ਲਈ ਵਚਨਬੱਧ ਹੈ। ਦੋਵਾਂ ਮੰਤਰੀਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਇਸ ਮੁੱਦੇ ਪ੍ਰਤੀ ਸੁਹਿਰਦ ਹੈ ਅਤੇ ਇਸ ਨੇਕ ਕਾਰਜ ਨੂੰ ਨੇਪਰੇ ਚੜਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਗੰਭੀਰ ਮੁੱਦੇ ਸਬੰਧੀ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕੀਤੀ ਜਦਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੁਲਦੀਪ ਸਿੰਘ ਵੈਦ, ਗੁਰਪ੍ਰਤਾਪ ਸਿੰਘ ਵਡਾਲਾ, ਅਮਨ ਅਰੋੜਾ, ਕੰਵਰ ਸੰਧੂ ਅਤੇ ਹੋਰਨਾਂ ਨੇ ਵੀ ਸ਼ਿਰਕਤ ਕੀਤੀ।
ਆਪ ਅਤੇ ਅਕਾਲੀ ਦਲ ਦਾ ਵਾਕ ਆਊਟ, ਦੋਹਾਂ ਕੀਤਾ ਹੰਗਾਮਾ
ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕਰਦੇ ਹੋਏ ਵਾਕ ਆਊਟ ਕੀਤਾ। ਸ਼੍ਰੋਮਣੀ ਅਕਾਲੀ ਦਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੰਗਾਮਾ ਕਰ ਰਹੀ ਸੀ ਤਾਂ ਆਮ ਆਦਮੀ ਪਾਰਟੀ ਵੱਲੋਂ 85ਵੀਂ ਸੋਧ ਨੂੰ ਲੈ ਕੇ ਹੰਗਾਮਾ ਕਰਦੇ ਹੋਏ ਵਾਕ ਆਊਟ ਕੀਤਾ ਗਿਆ। ਇਸ ਦੌਰਾਨ ਦੋਹੇਂ ਪਾਰਟੀਆਂ ਦੀ ਸੱਤਾਧਿਰ ਕਾਂਗਰਸ ਦੇ ਵਿਧਾਇਕਾਂ ਨਾਲ ਤਿੱਖੀ ਬਹਿਸ ਵੀ ਹੋਈ।
ਮੰਤਰੀ ਨੇ ਖ਼ੁਦ ਕਰਵਾਇਆ ਫੋਰਟਿਸ ’ਚ ਕੋਰੋਨਾ ਦਾ ਇਲਾਜ, ਨਹੀਂ ਸੀ ਸਰਕਾਰੀ ਇਲਾਜ ’ਤੇ ਭਰੋਸਾ
ਬਿਕਰਮ ਮਜੀਠੀਆ ਨੇ ਸਦਨ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਘੇਰਦੇ ਹੋਏ ਕਿਹਾ ਕਿ ਬਲਬੀਰ ਸਿੱਧੂ ਨੂੰ ਜਦੋਂ ਕੋਰੋਨਾ ਹੋ ਗਿਆ ਸੀ ਤਾਂ ਉਹ ਉਨ੍ਹਾਂ ਦੇ ਸਿਹਤਮੰਦ ਹੋਣ ਦੀਆਂ ਦੁਆਵਾਂ ਮੰਗਦੇ ਸਨ ਪਰ ਇਨ੍ਹਾਂ ਨੂੰ ਸਰਕਾਰੀ ਸਿਹਤ ਸਹੂਲਤਾਂ ’ਤੇ ਵਿਸ਼ਵਾਸ ਨਹੀਂ ਸੀ ਤਾਂ ਹੀ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਫੋਰਟਿਸ ਵਿੱਚ ਕਰਵਾਇਆ ਹੈ। ਇਸ ’ਤੇ ਬਲਬੀਰ ਸਿੱਧੂ ਨੇ ਵੀ ਜੁਆਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਮਜੀਠੀਆ ਇਹ ਦੱਸਣ ਕਿ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਦਾ ਇਲਾਜ ਕਿੱਥੇ ਹੋਇਆ ਸੀ। ਇਨ੍ਹਾਂ ਦੋਹਾਂ ਦਾ ਇਲਾਜ ਅਮਰੀਕਾ ਵਿੱਚ ਹੋਇਆ ਸੀ ਅਤੇ ਸਾਰਾ ਖ਼ਰਚ ਵੀ ਸਰਕਾਰ ਨੇ ਹੀ ਕੀਤਾ ਸੀ। ਜਦੋਂ ਕਿ ਕੋਰੋਨਾ ਨਾਲ ਮੰਤਰੀਆਂ ਨੇ ਜਿਹੜਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਹੈ, ਉਹ ਖ਼ੁਦ ਦੀ ਜੇਬ ਵਿੱਚੋਂ ਪੈਸੇ ਦਿੱਤੇ ਹਨ।
ਮਜੀਠੀਆ ਸਾਹਿਬ ਦੇ 2 ਟੀਕੇ ਲਗਵਾਏ ਜਾਣਗੇ ਤਾਂ ਕਿ ਠੰਢੇ ਰਹਿਣ
ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਵੱਲੋਂ ਸਦਨ ਅੰਦਰ ਮੰਗ ਰੱਖੀ ਕਿ ਵਿਧਾਇਕ ਆਮ ਜਨਤਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਾਫ਼ੀ ਘੁੰਮਣਾ ਵੀ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਕੋਰੋਨਾ ਦਾ ਟੀਕਾ ਪਹਿਲ ਦੇ ਆਧਾਰ ’ਤੇ ਲਗਾਇਆ ਜਾਵੇ। ਇਸ ’ਤੇ ਬੋਲਦੇ ਹੋਏ ਸਿਹਤ ਮੰਤਰੀ ਬਲਬੀਰ ਸਿੱੱਧੂ ਨੇ ਕਿਹਾ ਕਿ ਕੱਲ੍ਹ ਹੀ ਸਦਨ ਦੀ ਕਾਰਵਾਈ ਤੋਂ ਬਾਅਦ ਸਾਰੇ ਵਿਧਾਇਕ ਉਨ੍ਹਾਂ ਨਾਲ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਖੇ ਚੱਲਣ। ਉਥੇ ਸਾਰੀਆਂ ਨੂੰ ਕੋਰੋਨਾ ਦਾ ਟੀਕਾ ਲਗਵਾਇਆ ਜਾਏਗਾ। ਇਸ ਨਾਲ ਹੀ ਮਜੀਠੀਆ ਸਾਹਿਬ ਦੇ 2 ਟੀਕੇ ਲਗਵਾਉਣਗੇ ਤਾਂ ਕਿ ਉਹ ਠੰਢੇ ਰਹਿਣ।
ਪ੍ਰੋਸੋਨਲ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਹੋਵੇ ਕਾਰਵਾਈ, ਭੇਜੋ ਜੇਲ੍ਹ
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਸਦਨ ਅੰਦਰ ਕਿਹਾ ਕਿ ਇਸੇ ਸਦਨ ਨੇ 85ਵੀਂ ਸੋਧ ਨੂੰ ਪਾਸ ਕੀਤਾ ਸੀ ਅਤੇ ਰਾਜਪਾਲ ਸਾਹਿਬ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਪ੍ਰੋਸੋਨਲ ਵਿਭਾਗ ਸਦਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਉੱਪਰ ਹੁੰਦੇ ਹੋਏ ਇਸ 85ਵੀਂ ਸੋਧ ਨੂੰ ਲਾਗੂ ਨਹੀਂ ਹੋਣ ਦੇ ਰਿਹਾ। ਇਸ ਲਈ ਇਹ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਦਨ ਦੀ ਤੌਹੀਨ ਹੈ। ਇਸ ਕਰਕੇ ਪ੍ਰੋਸੋਨਲ ਦੇ ਸਕੱਤਰ ਆਈ.ਏ.ਐਸ. ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਤੁਰੰਤ ਜੇਲ੍ਹ ਭੇਜਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.