ਲੁਧਿਆਣਾ, (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕੁੱਤੇ ਨੂੰ ਕੁੱਟ- ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਦੋਸ਼ ’ਚ ਪੁਲਿਸ ਵੱਲੋਂ 5 ਸਮੇਤ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ। ਹੈਲਪ ਫਾਰ ਐਨੀਮਲ ਸੰਸਥਾ ਦੇ ਪ੍ਰਧਾਨ ਅਤੇ ਪੀਪਲ ਫਾਰ ਐਨੀਮਲ ਸੰਸਥਾ ਦੇ ਮੈਂਬਰ ਮਨੀ ਸਿੰਘ ਪੁੱਤਰ ਜੋਗਿੰਦਰ ਪਾਲ ਸਿੰਘ ਵਾਸੀ 381 ਕੂਚਾ ਹਰਨਾਮਦਾਸ ਫੀਲਡ ਗੰਜ ਲੁਧਿਆਣਾ (Ludhiana News) ਨੇ ਦੱਸਿਆ ਕਿ 10 ਅਪਰੈਲ ਨੂੰ ਉਸ ਨੂੰ ਸ਼ਾਮ ਸਾਢੇ ਕੁ 6 ਵਜੇ ਦੇ ਕਰੀਬ ਬਲਜਿੰਦਰ ਕੌਰ ਦਾ ਉਸਦੇ ਫੋਨ ’ਤੇ ਫੋਨ ਆਇਆ ਸੀ।
ਜਿਸ ’ਚ ਉਸ ਨੇ ਦੱਸਿਆ ਸੀ ਕਿ ਉਨਾਂ ਦੇ ਮੁਹੱਲੇ ਗਾਰਡਨ ਸਿਟੀ ਸਾਹਨੇਵਾਲ ’ਚ ਹਰਿੰਦਰ ਸਿੰਘ ਵਾਸੀ ਗਾਰਡਨ ਸਿਟੀ ਸਾਹਨੇਵਾਲ, ਵੀ.ਕੇ.ਖੁਰਾਨਾ, ਦਵਿੰਦਰ, ਸੁਖਦੇਵ ਸਿੰਘ ਤੇ ਵਿਕਰਮਜੀਤ ਸਿੰਘ ਸਮੇਤ ਕੁੱਝ ਅਣਪਛਾਤੇ ਵਿਅਕਤੀ ਇੱਕ ਬੇਜ਼ੁਬਾਨ ਜਾਨਵਰ ਕੁੱਤੇ ਦੇ ਹੱਥ ਪੈਰ ਬੰਨ ਕੇ ਉਸਨੂੰ ਬੁਰੀ ਤਰਾਂ ਨਾਲ ਕੁੱਟਮਾਰ ਕਰ ਰਹੇ ਹਨ। ਜਿਸ ਕਰਕੇ ਕੁੱਤੇ ਦੀ ਮੌਤ ਹੋ ਚੁੱਕੀ ਹੈ। ਬਲਜਿੰਦਰ ਕੌਰ ਦਾ ਫੋਨ ਸੁਣਦਿਆਂ ਹੀ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਤਾਂ ਦੱਸੀ ਗਈ ਜਗਾ ’ਤੇ ਗਲੀ ’ਚ ਖੂਨ ਦੇ ਛਿੱਟੇ ਸਨ ਪਰ ਕੁੱਤੇ ਦੀ ਲਾਸ਼ ਉੱਥੇ ਮੌਜੂਦ ਨਹੀ ਸੀ।
Ludhiana News
ਉਨਾਂ ਦੱਸਿਆ ਕਿ ਹਰਿੰਦਰ ਸਿੰਘ ਨੇ ਕੁੱਤੇ ਦੀ ਲਾਸ਼ ਨੂੰ ਕਿਧਰੇ ਲਿਜਾ ਕੇ ਸੁੱਟ ਦਿੱਤਾ ਹੈ। ਇਸ ਦੀ ਇਤਲਾਹ ਉਨਾਂ ਤੁਰੰਤ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹੈਲਪ ਫਾਰ ਐਨੀਮਲ ਸੰਸਥਾ ਦੇ ਪ੍ਰਧਾਨ ਅਤੇ ਪੀਪਲ ਫਾਰ ਐਨੀਮਲ ਸੰਸਥਾ ਦੇ ਮੈਂਬਰ ਮਨੀ ਸਿੰਘ ਪੁੱਤਰ ਜੋਗਿੰਦਰ ਪਾਲ ਸਿੰਘ ਵਾਸੀ 381 ਕੂਚਾ ਹਰਨਾਮਦਾਸ ਫੀਲਡ ਗੰਜ ਲੁਧਿਆਣਾ ਦੇ ਬਿਆਨਾਂ ’ਤੇ ਹਰਿੰਦਰ ਸਿੰਘ ਵਾਸੀ ਗਾਰਡਨ ਸਿਟੀ ਸਾਹਨੇਵਾਲ, ਵੀ.ਕੇ.ਖੁਰਾਨਾ, ਦਵਿੰਦਰ, ਸੁਖਦੇਵ ਸਿੰਘ ਤੇ ਵਿਕਰਮਜੀਤ ਸਿੰਘ ਸਮੇਤ ਕੁੱਝ ਅਣਪਛਾਤਿਆਂ ’ਤੇ 428,429 ਆਈਪੀਸੀ, 11 (ਏ) ਜਾਨਵਰਾਂ ਲਈ ਬੇਰਿਹਮੀ ਦੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਉਨਾਂ ਦੱਸਿਆ ਕਿ ਉਕਤ ਮਾਮਲੇ ’ਚ ਹਾਲੇ ਕੋਈ ਗਿ੍ਰਫ਼ਤਾਰੀ ਨਹੀਂ ਹੋਈ।