ਹਮਲਾਵਰ ਨੇ ਵੀਡੀਓ ਜਾਰੀ ਕਰਕੇ ਮੁਆਫ਼ੀ ਦੇਣ ਦੀ ਕੀਤੀ ਅਪੀਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਮੁਹੱਲਾ ਇਸਲਾਮ ਗੰਜ (Ludhiana News) ਇਲਾਕੇ ’ਚ ਕੁੱਤੇ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ’ਚ ਪੁਲਿਸ ਨੇ ਇੱਕ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਕਾਰਵਾਈ ਹੋਣ ’ਤੇ ਹਮਲਾਵਰ ਨੇ ਵੀਡੀਓ ਜਾਰੀ ਕਰਕੇ ਮੁਆਫ਼ੀ ਦੀ ਕੀਤੀ ਅਪੀਲ ਹੈ। ਪੀਪਲ ਫਾਰ ਐਨੀਮਲ ਸੰਸਥਾ ਦੇ ਮੈਂਬਰ ਰਾਜ ਕੰਵਰ ਸਿੰਘ ਨੇ ਦੱਸਿਆ ਕਿ 16 ਮਈ ਦੀ ਰਾਤ ਨੂੰ ਉਨਾਂ ਨੂੰ ਫੋਨ ਆਇਆ ਕਿ ਮੁਹੱਲਾ ਇਸਲਾਮ ਗੰਜ ਇਲਾਕੇ ਅੰਦਰ ਇੱਕ ਵਿਅਕਤੀ ਕੁੱਤੇ ਨੂੰ ਬੁਰੀ ਤਰਾਂ ਨਾਲ ਕੁੱਟ ਰਿਹਾ ਹੈ।
ਫੋਨ ਕੱਟਕੇ ਜਦ ਤੱਕ ਉਹ ਘਟਨਾ ਸਥਾਨ ’ਤੇ ਪਹੰੁਚਿਆ ਤਦ ਤੱਕ ਹਮਲਾਵਰ ਉਥੋਂ ਜਾ ਚੁੱਕਾ ਸੀ ਅਤੇ ਬੁਰੀ ਤਰਾਂ ਕੀਤੀ ਗਈ ਕੁੱਟਮਾਰ ਕਾਰਨ ਕੁੱਤਾ ਗੰਭੀਰ ਹਾਲਤ ’ਚ ਜਖ਼ਮੀ ਹੋਣ ਕਾਰਨ ਤੜਫ਼ ਰਿਹਾ ਸੀ। ਜਿਸ ਉੱਪਰ ਹਮਲਾਵਰ ਦੁਆਰਾ ਡੰਡੇ ਨਾਲ ਕੀਤੇ ਗਏ ਤਾਬੜਤੋੜ ਵਾਰਾਂ ਕਾਰਨ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਲੱਗਣ ਕਾਰਨ ਅੱਧਮਰੀ ਹਾਲਤ ’ਚ ਸੀ, ਨੂੰ ਉਨਾਂ ਨੇ ਹੋਰ ਲੋਕਾਂ ਦੀ ਮੱਦਦ ਨਾਲ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਤੇ ਬੇਜ਼ੁਬਾਨ ਜਾਨਵਰ ਦੀ ਕੁੱਟਮਾਰ ਕਰਨ ਸਬੰਧੀ ਪੁਲਿਸ ਨੂੰ ਸੂਚਿਤ ਕਰਦਿਆਂ ਹਮਲਾਵਰ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣੇਦਾਰ ਦੀਦਵਾਰ ਸਿੰਘ ਮੁਤਾਬਕ ਪੁਲਿਸ ਵੱਲੋਂ ਰਾਜ ਕੰਵਰ ਸਿੰਘ ਵਾਸੀ ਦਲਜੀਤ ਨਗਰ ਬਾੜੇਵਾਲ ਰੋਡ ਲੁਧਿਆਣਾ ਦੇ ਬਿਆਨਾਂ ’ਤੇ ਗੁਰਜੋਤ ਸਿੰਘ ਵਾਸੀ ਕੇਅਰ ਆਫ਼ ਦਰਸ਼ਨ ਹਲਵਾਈ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Jaipur Borewell : 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, ਦੁਆਵਾਂ ਲਈ ਉੱਠੇ ਕਰੋੜਾਂ ਹੱਥ
ਹਮਲਾਵਰ ਮਾਮਲੇ ’ਤੇ ਸਫ਼ਾਈ ਦਿੰਦਿਆਂ ਗੁਰਜੋਤ ਸਿੰਘ ਨੇ ਕਿਹਾ ਕਿ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ, ਕਿਉਂਕਿ ਉਸਨੇ ਬੇਜ਼ੁਬਾਨ ਜਾਨਵਰ ਨੂੰ ਕੁੱਟ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸਨੇ ਅੱਗੇ ਦੱਸਿਆ ਕਿ ਉਸ ਉੱਪਰ ਰਾਹ ਜਾਂਦੇ ਕੁੱਤੇ ਨੇ ਦੋ ਵਾਰ ਹਮਲਾ ਕੀਤਾ, ਜਿਸ ਕਾਰਨ ਉਹ ਹਾਦਸਾਗ੍ਰਸਤ ਹੁੰਦਾ ਹੋਇਆ ਮਸਾਂ ਬਚਿਆ। ਇਸ ਲਈ ਉਸਨੇ ਕੁੱਤੇ ਦੀ ਕੁੱਟਮਾਰ ਕੀਤੀ ਪਰ ਉਸ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ, ਇਸ ਲਈ ਉਹ ਸਾਰਿਆਂ ਤੋਂ ਮੁਆਫ਼ੀ ਮੰਗਦਾ ਹੈ।