ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News Bathinda News...

    Bathinda News: ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਦਾ ਪੁਲ, ਕਿਸੇ ਵੀ ਸਮੇਂਂ ਵਾਪਰ ਸਕਦਾ ਹੈ ਵੱਡਾ ਹਾਦਸਾ 

    Bathinda News
    ਬਠਿੰਡਾ: ਸ਼ੇਰਗੜ੍ਹ ਨੇੜੇ ਤੰਗ ਤੇ ਬਿਨ੍ਹਾਂ ਰੇਲਿੰਗ ਦੀ ਤਸਵੀਰ। ਤਸਵੀਰ: ਅਸ਼ੋਕ ਗਰਗ

    ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਪੁਲ ਬਣਿਆ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ

    Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਨੇੜੇ ਬਿਨ੍ਹਾਂ ਰੇਲਿੰਗ ਤੋਂ ਬਣਿਆ ਪੁਲ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਅਜਿਹੇ ਪੁਲਾਂ ’ਤੇ ਬੇਸ਼ੱਕ ਪਹਿਲਾਂ ਕਾਫੀ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਇਨ੍ਹਾਂ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਪਰ ਬਾਅਦ ਵਿੱਚ ਲਿਪਾ-ਪੋਚੀ ਜ਼ਰੂਰ ਕੀਤੀ ਜਾਂਦੀ ਹੈ।

    ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਮੁੱਖ ਸੜਕ ਤੋਂ ਪਿੰਡ ਸ਼ੇਰਗੜ੍ਹ ਤੋਂ ਹੁੰਦੀ ਹੋਈ ਲਿੰਕ ਸੜਕ ਅੱਗੇ ਡੱਬਵਾਲੀ ਨੈਸ਼ਨਲ ਹਾਈਵੇ ਨਾਲ ਜੁੜਦੀ ਹੈ। ਇਸ ਸੜਕ ’ਤੇ ਲਾਸਾੜਾ ਡਰੇਨ ’ਤੇ ਦੋ ਪੁਲ ਪੈਂਦੇ ਹਨ ਜੋ ਬਿਨ੍ਹਾਂ ਰੇਲਿੰਗ ਤੋਂ ਬਹੁਤ ਤੰਗ ਬਣੇ ਹੋਏ ਹਨ। ਇਹ ਪੁਲ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੇ ਹਨ। ਪਿੰਡ ਸ਼ੇਰਗੜ੍ਹ ਦੇ ਨੰਬਰਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਲਸਾੜਾ ਨਾਲੇ ਦਾ ਇਹ ਪੁਲ ਜਿਸ ਸਮੇਂ ਬਣਾਇਆ ਗਿਆ ਸੀ ਉਸ ਸਮੇਂ ਸੀਮਤ ਸਾਧਨ ਹੀ ਚੱਲਦੇ ਸਨ ਪਰ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਟਰੱਕਾਂ, ਕਾਰਾਂ, ਬੱਸਾਂ, ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਾਂਦੇ-ਆਉਂਦੇ ਹਨ।

    ਇਹ ਵੀ ਪੜ੍ਹੋ: Lightning Strikes Faridkot: ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ’ਚ ਆਈਆਂ ਤਰੇੜਾਂ ਅਤੇ ਬਿਜਲੀ ਦਾ ਸਾਮਾਨ ਵੀ ਨੁਕਸਾਨਿਆ..

    ਸਮਾਜ ਸੇਵੀ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਇਹ ਪੁਲ ਐਨਾ ਭੀੜਾ ਹੈ ਕਿ ਇੱਕੋ ਹੀ ਸਮੇਂ ਇਸ ਪੁਲ ਤੋਂ ਇੱਕ ਹੀ ਵਹੀਕਲ ਲੰਘ ਸਕਦਾ ਹੈ ਕਿਉਂਕਿ ਇਸ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਲਈ ਰੇਲਿੰਗ ਨਹੀਂ ਲੱਗੀ ਹੋਈ ਜਿਸ ਕਾਰਨ ਯਾਤਰੀਆਂ ਨੂੰ ਡਰ ਹੁੰਦਾ ਹੈ ਕਿ ਲੰਘਦੇ ਸਮੇਂ ਕੋਈ ਨੁਕਸਾਨ ਨਾ ਹੋ ਜਾਵੇ। ਰਾਤ ਦੇ ਸਮੇਂ ਦੌਰਾਨ ਇਸ ਪੁਲ ਉੱਪਰੋ ਲੰਘਣ ਵਾਲੇ ਯਾਤਰੀਆਂ ਨੂੰ ਵੀ ਬਿਨਾਂ ਰੇਲਿੰਗ ਤੋਂ ਇਹ ਪੁਲ ਘੱਟ ਹੀ ਦਿਖਾਈ ਦਿੰਦਾ ਹੈ ਜਿਸ ਕਰਕੇ ਕਿਸੇ ਵੀ ਸਮੇਂਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

    ਰੋਜ਼ਾਨਾਂ ਸਕੂਲ ਵੈਨ ਚਾਲਕ ਨਿੱਕੀਆਂ ਜਿੰਦਾਂ ਲੈ ਕੇ ਇਨ੍ਹਾਂ ਪੁਲਾਂ ਤੋਂ ਲੰਘਦੇ ਹਨ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਪੁਲਾਂ ਤੋਂ ਡਰ ਡਰ ਕੇ ਲੰਘਦੇ ਹਨ ਕਿਉਂਕਿ ਜੇਕਰ ਰੱਤੀ ਭਰ ਵੀ ਗੱਡੀ ਇੱਧਰ-ਓਧਰ ਹੋ ਜਾਵੇ ਤਾਂ ਗੱਡੀ ਨਾਲੇ ਵਿੱਚ ਡਿੱਗ ਸਕਦੀ ਹੈ। ਲੋਕਾਂ ਨੇ ਇਨ੍ਹਾਂ ਪੁਲਾਂ ਦੇ ਮਸਲੇ ਨੂੰ ਪ੍ਰਸ਼ਾਸਨ ਦੇ ਬਹੁਤ ਵਾਰ ਧਿਆਨ ਵਿੱਚ ਲਿਆਂਦਾ ਹੈ ਪਰ ਹਾਲੇ ਤੱਕ ਇਨ੍ਹਾਂ ਪੁਲਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਗਿਆ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਲਾਂ ਦਾ ਜਲਦੀ ਸੁਧਾਰ ਕੀਤਾ ਜਾਵੇ। ਦੱਸ ਦਈਏ ਕਿ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਹਨ ਤਾਂ ਲੀਡਰ ਚੋਣਾਂ ਦੌਰਾਨ ਇਨ੍ਹਾਂ ਪੁਲਾਂ ਉਪਰੋਂ ਹੀ ਲੰਘਦੇ ਹਨ ਪਰ ਸਤ੍ਹਾ ਦੇ ਲਾਲਚ ਵਿੱਚ ਉਨ੍ਹਾਂ ਨੂੰ ਇਹ ਪੁਲ ਦਿਖਾਈ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਪੁਲਾਂ ਦੇ ਸੁਧਾਰ ਦੀ ਕਦੇ ਲੀਡਰਾਂ ਨੇ ਕੋਈ ਗੱਲ ਕੀਤੀ ਹੈ। Bathinda News