ਜਨਮ ਦਿਨ ’ਤੇ ਅਨੋਖਾ ਤੋਹਫ਼ਾ
ਜੱਗੀ ਦੇ ਪਿਤਾ ਜੀ ਦਾ ਇੱਕ ਦਿਨ ਸ਼ਾਮ ਨੂੰ ਫੋਨ ਆਇਆ ਤੇ ਹਾਲ-ਚਾਲ ਪੁੱਛਣ ਮਗਰੋਂ ਉਨ੍ਹਾਂ ਨੇ ਫੋਨ ਕਰਨ ਦਾ ਕਾਰਨ ਦੱਸਿਆ ਕਿ ਆਉਂਦੇ ਮਹੀਨੇ ਆਪਣੇ ਪੁੱਤਰ ਦਾ ਜਨਮ ਦਿਨ ਹੈ, ਤੁਸੀਂ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ! ਕੁਝ ਦਿਨਾਂ ਪਿੱਛੋਂ ਮੈਂ ਜੱਗੀ ਦੇ ਪਿਤਾ ਜੀ ਨੂੰ ਫੋਨ ਕਰਕੇ ਉਨ੍ਹਾਂ ਦੇ ਪੁੱਤਰ ਨੂੰ ਪੁੱਛਿਆ ਕਿ ਅਸੀਂ ਤੇਰੇ ਜਨਮ ਦਿਨ ਵਾਲੇ ਦਿਨ ਤੁਹਾਡੇ ਕੋਲ ਆ ਰਹੇ ਹਾਂl
ਪੁੱਤਰ ਜੀ, ਮੈਂ ਚਾਹੁੰਦਾ ਹਾਂ ਕਿ ਮੈਂ ਜੋ ਵੀ ਤੋਹਫਾ ਲੈ ਕੇ ਆਵਾਂ ਉਹ ਤੋਹਫਾ ਤੇਰੇ ਭਵਿੱਖ ਵਿੱਚ ਕੰਮ ਆਵੇ ਤਾਂ ਉਨ੍ਹਾਂ ਦੇ ਪੁੱਤਰ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਮੇਰੇ ਭਵਿੱਖ ਲਈ ਕੁਝ ਲੈ ਕੇ ਆਉਣਾ ਹੈ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਦੋ ਵਧੀਆ ਰੁੱਖ ਲੈ ਆਇਓ ਜਾਂ ਆਪਣੇ ਨੇੜੇ-ਤੇੜੇ ਕਿਸੇ ਵੀ ਜਗ੍ਹਾ ’ਤੇ ਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰੋ, ਇਸ ਨਾਲ ਮੇਰੇ ਹੀ ਨਹੀਂ ਤੁਹਾਡੇ ਭਵਿੱਖ ਵਿੱਚ ਵੀ ਫਾਇਦਾ ਹੋਵੇਗਾ।
ਬੱਚੇ ਦਾ ਜਵਾਬ ਸੁਣ ਕੇ ਮੇਰੇ ਅੰਦਰ ਇੱਕ ਹਲੂਣਾ ਜਿਹਾ ਵੱਜਿਆ ਕਿ ਜੇਕਰ ਸਾਰੇ ਬੱਚਿਆਂ ਦੀ ਸੋਚ ਇਸ ਬੱਚੇ ਵਰਗੀ ਹੋ ਜਾਵੇ ਤਾਂ ਯਕੀਨਨ ਸਾਡੇ ਭਵਿੱਖ ਨੂੰ ਕੋਈ ਖਤਰਾ ਨਹੀਂ ਹੋਵੇਗਾ। ਜਨਮ ਦਿਨ ਵਾਲੇ ਦਿਨ ਉੱਥੇ ਪਹੁੰਚ ਕੇ ਵੇਖਿਆ ਕਿ ਉਸ ਦੇ ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਕਿਸਮ ਦੇ ਰੁੱਖ ਲੈ ਕੇ ਆਏ ਹੋਏ ਸਨ।
ਜੱਗੀ ਦੇ ਪਿਤਾ ਨੇ ਦੱਸਿਆ ਕਿ ਸਾਡਾ ਪੁੱਤਰ ਆਏ ਸਾਲ ਆਪਣਾ ਜਨਮ ਦਿਨ ਇਸੇ ਢੰਗ ਨਾਲ ਮਨਾਉਂਦਾ ਹੈ। ਉਸ ਨੇ ਕੋਈ ਹੋਰ ਫਜੂਲ ਖਰਚੀ ਨਹੀਂ ਕਰਨੀ ਹੁੰਦੀ। ਮੈਂ ਆਪਣੀ ਜ਼ਿੰਦਗੀ ਵਿਚ ਅਜਿਹਾ ਜਨਮ ਦਿਨ ਪਹਿਲੀ ਵਾਰ ਵੇਖ ਕੇ ਕਾਫੀ ਖੁਸ਼ ਸੀ ਕਿ ਸਾਡੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਭਵਿੱਖ ਦੀ ਕਿੰਨੀ ਚਿੰਤਾ ਹੈ। ਆਓ! ਅਸੀਂ ਸਾਰੇ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਆਪਣੇ ਭਵਿੱਖ ਨੂੰ ਸੁਹਾਵਣਾ ਬਣਾਉਣ ਲਈ ਅੱਗੇ ਆਈਏ। ਆਓ! ਅਜਿਹੇ ਉਪਰਾਲੇ ਕਰੀਏ ਤਾਂ ਕਿ ਅਸੀਂ ਆਪਣੀ ਹਵਾ, ਪਾਣੀ ਅਤੇ ਗੰਧਲੀ ਹੋ ਰਹੀ ਧਰਤੀ ਮਾਂ ਨੂੰ ਬਚਾ ਕੇ ਆਪਣੇ-ਆਪਣੇ ਫਰਜ ਨਿਭਾਈਏ।
ਪਰਮਜੀਤ ਸੰਧੂ, ਥੇਹ ਤਿੱਖਾ, ਗੁਰਦਾਸਪੁਰ
ਮੋ. 94644-27651