ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਈਡੀ ਨੇ ਦਿੱਲੀ ਸ਼ਰਾਬ ਨੀਤੀ ਕਥਿਤ ਘਪਲੇ ਨਾਲ ਸਬੰਧਤ ਇੱਕ ਮਾਮਲੇ ’ਚ ਗਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਰਾਊਜ ਅਵੈਨਿਊ ਸਥਿੱਤ ਕਾਵੇਰੀ ਬਵੇਜਾ ਦੀ ਵਿਸ਼ੇਸ਼ ਅਦਾਲਤ ’ਚ ਸਖ਼ਤ ਸੁਰੱਖਿਆ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ। (Delhi Excise Policy Case)
ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਇੱਕ ਮੀਡੀਆ ਕਰਮੀ ਦੇ ਸਵਾਲ ਦੇ ਸੰਖੇਪ ਜਵਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ਼ਾਰਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਜੋ ਕਰ ਰਹੇ ਹਨ, ਦੇਸ਼ ਲਈ ਚੰਗਾ ਨਹੀਂ ਕਰ ਰਹੇ ਹਨ। ਉੱਥੇ ਹੀ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਈਡੀ ਦੀ ਮੰਗ ’ਤੇ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇੰਕ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਵੱਲੋਂ ਕੋਰਟ ’ਚ ਪੇਸ਼ ਹੋਏ ਏਐੱਸਜੀ ਐੱਸ ਵੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਜਾਂਚ ’ਚ ਸਹਿਯੋਗ ਨਹੀਂ ਕਰ ਰਹੇ ਹਨ। ਸਭ ਦੱਸਣ ਦਾ ਮਕਸਦ ਇਹ ਹੈ ਕਿ ਅਸੀਂ ਅੱਗੇ ਵੀ ਕੇਜਰੀਵਾਲ ਦੀ ਕਸਟਡੀ ਦੀ ਮੰਗ ਕਰ ਸਕਦੇ ਹਾਂ। (Delhi Excise Policy Case)
ਜਾਣੋ ਈਡੀ ਦਾ ਕੀ ਹੈ ਕਹਿਣਾ? | Delhi Excise Policy Case
ਮੀਡੀਆ ਰਿਪੋਰਟਾਂ ਅਨੁਸਾਰ ਈਡੀ ਨੇ ਦਾਅਵਾ ਕੀਤਾ ਕਿ ਦਿੱਲੀ ਸ਼ਰਾਬ ਨੀਤੀ ਨੂੰ ਤਿਆਰ ਕਰਨ ਤੇ ਲਾਗੂ ਕਰਨ ’ਚ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਈਡੀ ਨੇ ਸੀਐੱਮ ਕੇਜਰੀਵਾਲ ਨੂੰ ਇਸ ਕੇਸ ’ਚ ਮੁੱਖ ਸਾਜਿਸ਼ਘਾੜਾ ਕਰਾਰ ਦਿੱਤਾ ਹੈ। ਆਬਕਾਰੀ ਨੀਤੀ ਮਾਮਲੇ ’ਚ ਹੀ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤੇ ਸੰਜੈ ਸਿੰਘ ਪਹਿਲਾਂ ਹੀ ਜੇਲ੍ਹ ’ਚ ਹਨ। ਈਡੀ ਅਨੁਸਾਰ ਦਿੱਲੀ ਸ਼ਰਾਬ ਨੀਤੀ ਤੋਂ ਕਮਾਇਆ ਗਿਆ ਪੈਸਾ ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਤੇ ਹੋਰ ਕੰਮਾਂ ’ਚ ਵਰਤਿਆ ਗਿਆ ਹੈ। ਕੇਜਰੀਵਾਲ ਨੂੰ 21 ਮਾਰਚ ਨੂੰ ਕਥਿਤ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
Also Read : ਜੈਪੁਰ ਹਵਾਈ ਅੱਡੇ ’ਤੇ ਗਰਮੀਆਂ ਦਾ ਸ਼ਡਿਊਲ ਲਾਗੂ, ਇਹ ਸ਼ਹਿਰਾਂ ਦੀਆਂ ਉਡਾਣਾਂ ਅੱਜ ਤੋਂ ਹੋਈਆਂ ਬੰਦ, ਜਾਣੋ