Punjabi Sotry: ਅੱਜ-ਕੱਲ੍ਹ ਮੈਂ ਬਿਲਕੁਲ ਵਿਹਲਾ ਰਹਿੰਦਾ ਹਾਂ। ਪੂਰਾ ਦਿਨ ਮੈਂ ਆਪਣੇ ਲਈ ਕੰਮ ਦੀ ਤਲਾਸ਼ ਕਰਦਾ-ਕਰਦਾ ਵਿਹਲਾ ਰਹਿ ਕੇ ਥੱਕ ਜਾਂਦਾ ਹਾਂ। ਸੂਰਜ ਉੱਗਣ ਤੋਂ ਪਹਿਲਾਂ ਜਾਗਦਾ ਹਾਂ ਤੇ ਫੇਰ, ਆਪਣੇ ਨਿੱਤਕਰਮ ਤੋਂ ਵਿਹਲਾ ਹੋ ਕੇ ਮੈਂ ਛੱਤ ’ਤੇ ਜਾਂਦਾ ਹਾਂ ਤੇ ਸੂਰਜ ਦੇ ਸੁਆਗਤ ਲਈ ਖੜ੍ਹਾ ਹੋ ਜਾਂਦਾ ਹਾਂ। ਸੂਰਜ ਆਪਣਾ ਸ਼ਾਨਦਾਰ ਨਾਰੰਗੀ ਰੰਗ ਦਾ ਸੋਹਣਾ ਜਿਹਾ ਮੁਖੜਾ ਲੈ ਕੇ ਹਾਜ਼ਰ ਹੁੰਦਾ ਹੈ ਅਤੇ ਮੁਸਕਰਾ ਕੇ ਮੈਨੂੰ ਸ਼ੁੱਭ ਸਵੇਰ ਕਹਿੰਦਾ ਹੈ। ਉਸ ਤੋਂ ਬਾਅਦ ਮੈਂ ਪੌੜੀਆਂ ਉੱਤਰ ਕੇ ਸਿੱਧਾ ਆਪਣੇ ਪੋਤਰੇ ਦੇ ਕਮਰੇ ਵਿੱਚ ਜਾਂਦਾ ਹਾਂ। ਉਹ ਸੌਂ ਰਿਹਾ ਹੁੰਦਾ ਹੈ। ਮੈਂ ਉਸ ਨੂੰ ਜਗਾਉਂਦਾ ਹਾਂ ਤੇ ਫੇਰ ਜਿੰਨਾ ਚਿਰ ਉਹ ਸਕੂਲ ਨਹੀਂ ਚਲਾ ਜਾਂਦਾ, ਮੈਂ ਉਸ ਦੇ ਪਿੱਛੇ-ਪਿੱਛੇ ਉਸ ਨਾਲ ਛੋਟੀਆਂ-ਛੋਟੀਆਂ ਸ਼ਰਾਰਤਾਂ ਕਰਦਾ ਘੁੰਮਦਾ ਰਹਿੰਦਾ ਹਾਂ। ਉਸ ਦੇ ਸਕੂਲ ਜਾਣ ਤੋਂ ਬਾਅਦ ਮੈਂ ਇੱਕ ਵਾਰ ਫੇਰ ਵਿਹਲਾ ਹੋ ਜਾਂਦਾ ਹਾਂ।
ਘਰ ਵਿੱਚ ਅਸੀਂ ਸਿਰਫ ਪੰਜ ਜੀਅ ਹਾਂ। ਮੈਂ, ਮੇਰੀ ਪਤਨੀ, ਮੇਰਾ ਬੇਟਾ, ਮੇਰੀ ਨੂੰਹ ਅਤੇ ਪੋਤਰਾ। ਬੇਟੇ ਦੇ ਕੰਮ ’ਤੇ ਜਾਣ ਤੋਂ ਬਾਅਦ ਮੇਰਾ ਸਫਰ ਸ਼ੁਰੂ ਹੁੰਦਾ ਹੈ। ਘਰ ਦੀਆਂ ਦੋਵੇਂ ਔਰਤਾਂ, ਸੱਸ-ਨੂੰਹ ਆਪਣੇ ਛੋਟੇ-ਛੋਟੇ ਕੰਮਾਂ ਵਿੱਚ ਰੁੱਝ ਜਾਂਦੀਆਂ ਹਨ ਤੇ ਫੇਰ ਮੈਂ ਇੱਕ ਕਮਰੇ ਤੋਂ ਦੂਜੇ ਕਮਰੇ ਪੌੜੀਆਂ ਰਾਹੀਂ ਹੁੰਦਾ ਛੱਤ ਉੱਤੇ ਜਾਂਦਾ ਹਾਂ ਤੇ ਕਦੇ ਉੱਤਰ ਕੇ ਲਾਅਨ ਵਿੱਚ ਚਲਾ ਜਾਂਦਾ ਹਾਂ। ਲਾਅਨ ਵਿੱਚ ਘਾਹ ਲੱਗਾ ਹੋਇਆ ਹੈ ਤੇ ਉਸ ਦੇ ਚਾਰੇ ਪਾਸੇ ਫਲਦਾਰ ਤੇ ਫੁੱਲਾਂ ਵਾਲੇ ਬੂਟੇ ਲੱਗੇ ਹੋਏ ਹਨ। Punjabi Sotry
ਬੇਟੇ ਦੇ ਸ਼ਹਿਰ ਵਿੱਚ ਨੌਕਰੀ ਮਿਲਣ ਸਾਰ ਹੀ ਉਸ ਨੇ ਸਾਰਾ ਪਰਿਵਾਰ ਸ਼ਹਿਰ ਵਿੱਚ ਸ਼ਿਫਟ ਕਰ ਲਿਆ ਸੀ ਤੇ ਹੌਲੀ-ਹੌਲੀ ਕਰਕੇ ਪਿੰਡ ਨਾਲੋਂ ਵੀ ਰਿਸ਼ਤਾ ਟੁੱਟ ਜਿਹਾ ਗਿਆ। ਹੁਣ ਅਸੀਂ ਪਿੰਡ ਸਾਲ ਵਿੱਚ ਇੱਕ-ਅੱਧ ਵਾਰ ਹੀ ਜਾਂਦੇ ਹਾਂ। ਕਿਸੇ ਦੇ ਮਰਨੇ-ਪਰਨੇ ਜਾਂ ਜਦੋਂ ਕਿਸੇ ਦੇ ਵਿਆਹ-ਸ਼ਾਦੀ ਦਾ ਸੱਦਾ ਆਉਂਦਾ ਹੈ। ਬੇਟੇ ਅਤੇ ਨੂੰਹ ਨੂੰ ਪਿੰਡ ਨਾਲ ਕੋਈ ਬਹੁਤਾ ਮੋਹ ਨਹੀਂ ਹੈ । ਪਰ ਮੇਰਾ ਆਪਣੇ ਪਿੰਡ ਨਾਲ ਅੱਧੀ ਸਦੀ ਤੋਂ ਵੱਧ ਸਮੇਂ ਦਾ ਮੋਹ ਹੈ। ਮੈਨੂੰ ਲੱਗਦਾ ਹੈ ਕਿ ਆਪਣੇ ਪਿੰਡ ਦੀ ਮਿੱਟੀ ਨਾਲੋਂ ਮੋਹ ਟੁੱਟਣਾ ਕਾਫੀ ਮੁਸ਼ਕਲ ਹੈ। ਮੇਰਾ ਪਰਿਵਾਰ ਮੇਰੀ ਇਸ ਮਜ਼ਬੂਰੀ ਨੂੰ ਸਮਝਦਾ ਤਾਂ ਹੈ ਪਰ ਉਨ੍ਹਾਂ ਦੀਆਂ ਆਪਣੀਆਂ ਵੀ ਮਜ਼ਬੂਰੀਆਂ ਹਨ।
ਮੌਸਮ ਬਦਲ ਰਿਹਾ ਹੈ ਗਰਮੀ ਲਗਭਗ ਖਤਮ ਹੋ ਚੁੱਕੀ ਹੈ ਪਰ ਠੰਢ ਸ਼ੁਰੂ ਹੋਣ ਵਿੱਚ ਅਜੇ ਕਾਫੀ ਦਿਨ ਬਾਕੀ ਹਨ। ਦਰੱਖਤਾਂ ਦੇ ਪੱਤੇ ਪੀਲੇ ਹੋਣ ਦੀ ਤਿਆਰੀ ਕਰ ਰਹੇ ਹਨ। ਮੈਨੂੰ ਇਹ ਰੁੱਤ ਵਧੀਆ ਲੱਗਦੀ ਹੈ। ਪੁਰਾਣੇ ਪੱਤੇ ਝੜਦੇ ਹਨ ਤੇ ਨਵੀਆਂ ਕਰੂੰਬਲਾਂ ਫੁੱਟਣ ਦੀ ਆਸ ਬੱਝਦੀ ਹੈ। ਮੇਰਾ ਅੱਧੇ ਦਿਨ ਦਾ ਸਫਰ ਖ਼ਤਮ ਹੋ ਚੁੱਕਾ ਹੈ ਤੇ ਬਾਕੀ ਅੱਧੇ ਦਿਨ ਦਾ ਸਫ਼ਰ ਤੈਅ ਕਰਨ ਲਈ ਮੈਂ ਲਾਅਨ ਵਿਚ ਆ ਜਾਂਦਾ ਹਾਂ। ਘਾਹ ਉੱਤੇ ਤੁਰਦਾ ਹੋਇਆ ਮੈਂ ਆਪਣੇ ਹੱਥੀਂ ਲਾਏ ਅਮਰੂਦਾਂ ਦੇ ਬੂਟੇ ਕੋਲ ਜਾਂਦਾ ਹਾਂ। ਮੈਂ ਹੈਰਾਨ ਹੁੰਦਾ ਹਾਂ, ਕਿਸੇ ਨੇ ਪਾਣੀ ਵਾਲੀ ਪਾਈਪ ਅਮਰੂਦ ਦੇ ਬੂਟੇ ਦੀ ਜੜ੍ਹ ਵਿੱਚ ਰੱਖ ਦਿੱਤੀ ਜਿਸ ਨਾਲ ਅਮਰੂਦ ਦੇ ਬੂਟੇ ਦੀ ਜੜ੍ਹ ਵਿੱਚੋਂ ਕਾਫ਼ੀ ਸਾਰੀ ਮਿੱਟੀ ਖੁਰ ਕੇ ਉਸ ਦੀਆਂ ਜੜ੍ਹਾਂ ਨੰਗੀਆਂ ਹੋ ਚੁੱਕੀਆਂ ਸਨ । ਮੈਂ ਆਸ-ਪਾਸ ਕਹੀ ਲੱਭਦਾ ਹਾਂ ਪਰ ਮੈਨੂੰ ਨਹੀਂ ਮਿਲਦੀ। ਪਾਣੀ ਵਾਲੀ ਪਾਈਪ ਪਾਸੇ ਕਰਕੇ ਮੈਂ ਹੱਥਾਂ ਨਾਲ ਮਿੱਟੀ ਪੁੱਟ ਕੇ ਅਮਰੂਦ ਦੇ ਬੂਟੇ ਦੀਆਂ ਜੜ੍ਹਾਂ ਉੱਪਰ ਲਾਉਣ ਲੱਗਦਾ ਹਾਂ। ਗਿੱਲੀ ਮਿੱਟੀ ਨਾਲ ਮੇਰੇ ਪੂਰੇ ਹੱਥ ਲਿੱਬੜ ਜਾਂਦੇ ਹਨ ਅਤੇ ਕੁਝ ਛਿੱਟੇ ਕੱਪੜਿਆਂ ਉੁਪਰ ਵੀ ਪੈਂਦੇ ਹਨ। ‘‘ਕੀ ਕਰ ਰਹੇ ਓ ਪਾਪਾ?’’ ਪਿੱਛੋਂ ਮੇਰੀ ਨੂੰਹ ਆਵਾਜ਼ ਮਾਰਦੀ ਹੈ।
‘‘ਕੁੱਝ ਨਹੀਂ! ਵੇਖੋ ਕਿਸੇ ਬੇਵਕੂਫ਼ ਨੇ ਪਾਣੀ ਵਾਲੀ ਪਾਈਪ ਅਮਰੂਦ ਦੇ ਬੂਟੇ ਦੀ ਜੜ੍ਹ ਵਿੱਚ ਰੱਖ ਦਿੱਤੀ ਸੀ, ਜੜ੍ਹਾਂ ਦੀ ਸਾਰੀ ਮਿੱਟੀ ਖੁਰ ਚੱਲੀ ਸੀ। ਉਹ ਠੀਕ ਕਰ ਰਿਹਾ ਸਾਂ।’’
‘‘ਚੱਲੋ ਹੱਥ ਧੋ ਲਵੋ! ਚਾਹ ਤਿਆਰ ਹੈ।’’ ਉਹ ਮੈਨੂੰ ਇਕ ਬੱਚੇ ਦੀ ਤਰ੍ਹਾਂ ਹੁਕਮ ਸੁਣਾਉਂਦੀ ਹੈ। ਮੈਂ ਹੈਰਾਨ ਅਤੇ ਖੁਸ਼ ਹੁੰਦਾ ਹਾਂ, ਉਸ ਦਾ ਆਪਣੇ ਬੇਟੇ ਅਤੇ ਮੇਰੇ ਪ੍ਰਤੀ ਇੱਕੋ-ਜਿਹਾ ਵਿਹਾਰ ਹੁੰਦਾ ਹੈ। ਮੈਂ ਇੱਕ ਆਗਿਆਕਾਰ ਬੱਚੇ ਵਾਂਗ ਵਾਸਵੇਸ਼ਨ ਵੱਲ ਜਾਂਦਾ ਹਾਂ ਤੇ ਹੱਥ ਧੋ ਕੇ ਲਾਅਨ ਵਿਚ ਰੱਖੀ ਹੋਈ ਕੁਰਸੀ ’ਤੇ ਆ ਬਹਿੰਦਾ ਹਾਂ।
ਮੇਰਾ ਪੋਤਰਾ ਸਕੂਲੋਂ ਆ ਚੁੱਕਾ ਹੈ। ਉਹ ਭੱਜ ਕੇ ਮੇਰੀ ਗੋਦ ਵਿੱਚ ਬੈਠ ਜਾਂਦਾ ਹੈ। ‘‘ਦਾਦੂ ਤੁਹਾਡੇ ਕੱਪੜਿਆਂ ’ਤੇ ਮਿੱਟੀ ਕਿਸ ਤਰ੍ਹਾਂ ਲੱਗੀ ਏ?’’ ‘‘ਤੇਰੇ ਦਾਦੂ ਮਿੱਟੀ ਨਾਲ ਖੇਡ ਰਹੇ ਸਨ।’’ ਮੇਰੀ ਪਤਨੀ ਹੱਸਦੀ ਹੋਈ ਕਹਿੰਦੀ ਹੈ। ਮੈਂ ਉਦਾਸ ਹੋ ਜਾਂਦਾ ਹਾਂ। ਅੱਧੀ ਸਦੀ ਤੋਂ ਪੁਰਾਣੇ ਮਿੱਟੀ ਨਾਲ ਖੇਡਣ ਦੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮੈਨੂੰ ਪਿੰਡ ਯਾਦ ਆਉਣ ਲੱਗਦਾ ਹੈ ਤੇ ਫੇਰ ਪਿੰਡ ਦੀਆਂ ਗਲੀਆਂ, ਖੇਤ, ਖਾਲ, ਛੱਪੜ ਨਹਿਰ ਦਾ ਪਾਣੀ ਤੇ ਸਫੈਦਿਆਂ ਦੀ ਠੰਢੀ ਛਾਂ ਅਤੇ ਕਦੇ ਵੀ ਨਾ ਭੁੱਲਣ ਵਾਲੀ ਮਿੱਟੀ ਦੀ ਮਹਿਕ, ਜਿਵੇਂ ਮੇਰੀਆਂ ਨਾਸਾਂ ਨਾਲ ਟਕਰਾਅ ਰਹੀ ਹੋਵੇ।
‘‘ਆਪਾਂ ਪਿੰਡ ਕਦੋਂ ਜਾਣਾ?’’ ਮੈਂ ਆਪਣੀ ਪਤਨੀ ਨੂੰ ਸਵਾਲ ਕਰਦਾ ਹਾਂ। ਅਤੇ ਦੇਖਦਾ ਹਾਂ ਕਿ ਮੇਰੀ ਪਤਨੀ ਨੇ ਕੋਈ ਜਵਾਬ ਨਹੀਂ ਦਿੱਤਾ। ਮੈਨੂੰ ਲੱਗਾ ਜਿਵੇਂ ਮੇਰੀ ਗੱਲ ਨੂੰ ਅਣਸੁਣੀ ਕਰ ਦਿੱਤਾ ਗਿਆ। ਪਰ ਸ਼ਾਇਦ ਪਰਿਵਾਰ ਦੇ ਦੂਸਰੇ ਮੈਂਬਰਾਂ ਦੇ ਰੁਝੇਵੇਂ ਕੁਝ ਜ਼ਿਆਦਾ ਸਨ। ਇਸ ਕਰਕੇ ਉਨ੍ਹਾਂ ਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ।
ਤੇ ਫੇਰ ਇੱਕ ਦਿਨ ਮੇਰੇ ਪੋਤਰੇ ਨੇ ਮੈਨੂੰ ਆ ਕੇ ਖਬਰ ਸੁਣਾਈ, ‘‘ਦਾਦੂ ਆਪਾਂ ਦੀਵਾਲੀ ’ਤੇ ਪਿੰਡ ਜਾਵਾਂਗੇ।’’ ਯਕੀਨ ਮੰਨਿਓ ਮੇਰੇ ਪੋਤੇ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋ ਰਹੀ ਸੀ। ਅੱਜ ਮੈਨੂੰ ਲੱਗਦਾ ਸੀ ਕਿ ਮੈਂ ਉਸ ਨਾਲੋਂ ਵੀ ਛੋਟੀ ਉਮਰ ਦਾ ਹੋਵਾਂ। ਸੱਚਮੁੱਚ ਮੈਨੂੰ ਬਹੁਤ ਜ਼ਿਆਦਾ ਚਾਅ ਚੜਿ੍ਹਆ ਹੋਇਆ ਸੀ। ਚਹਿਲ-ਪਹਿਲ ਤਾਂ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਸਾਫ-ਸਫਾਈਆਂ, ਸਜਾਵਟਾਂ, ਮਠਿਆਈਆਂ, ਤੋਹਫੇ ਤੇ ਨਵੇਂ ਕੱਪੜੇ ਤੇ ਹੋਰ ਪਤਾ ਨਹੀਂ ਕੀ-ਕੀ। ਕਿੰਨੇ ਦਿਨ, ਕਿੰਨੇ ਰੁਝੇਵੇਂ। ਮੇਰਾ ਪਰਿਵਾਰ ਵੀ ਬਿਲਕੁਲ ਉਵੇਂ ਹੀ ਰੁੱਝ ਗਿਆ ਦੀਵਾਲੀ ਦੀਆਂ ਤਿਆਰੀਆਂ ’ਚ। ਪਰ ਪਤਾ ਨਹੀਂ ਕਿਉਂ ਮੇਰੇ ਦਿਮਾਗ ’ਚ ਵਾਰ-ਵਾਰ ਉਹੀ ਗੱਲ ਆ ਰਹੀ ਸੀ ਕਿ ਇਸ ਵਾਰ ਦੀਵਾਲੀ ’ਤੇ ਪਿੰਡ ਜਾਵਾਂਗੇ।
ਬਿਲਕੁਲ ਉਵੇਂ, ਜਿਵੇਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਨਿੱਕੇ ਬੱਚੇ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਵਾਰ ਅਸੀਂ ਛੁੱਟੀਆਂ ਮਨਾਉਣ ਕਿੱਥੇ ਜਾਣਾ ਹੈ। ਮੈਨੂੰ ਖੁਦ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਆਖਰ ਮੈਨੂੰ ਇੰਨੀ ਬੇਚੈਨੀ ਕਿਉਂ ਹੋ ਰਹੀ ਹੈ। ਪਰ ਇੱਕ ਗੱਲ ਤਾਂ ਪੱਕੀ ਸੀ ਕਿ ਸ਼ਹਿਰ ਆਉਣ ਤੋਂ ਬਾਅਦ ਸ਼ਾਇਦ ਪਿੰਡ ਵਿੱਚ ਮੇਰੀ ਪਹਿਲੀ ਦੀਵਾਲੀ ਹੋਵੇਗੀ। ਸਮਾਂ ਹੀ ਨਹੀਂ ਮਿਲਿਆ ਸੀ। ਜ਼ਿੰਦਗੀ ਦੀ ਭੱਜ-ਦੌੜ ਇੰਨੀ ਜ਼ਿਆਦਾ ਸੀ ਉਸ ਵੇਲੇ। ਤੇ ਜਦੋਂ ਜ਼ਿੰਦਗੀ ਦੀ ਭੱਜ-ਦੌੜ ਘੱਟ ਹੋਈ, ਉਦੋਂ ਤੱਕ ਤਾਂ ਸਾਰੇ ਰਿਸ਼ਤੇ ਵੀ ਚੁੱਪ ਹੋ ਚੁੱਕੇ ਸਨ। ਪਿੰਡ ਵਿੱਚ ਹੁਣ ਸਾਡਾ ਸੀ ਵੀ ਕੌਣ। ਇੱਕ ਚਾਚੇ ਦਾ ਘਰ ਸੀ। ਚਾਚਾ ਕਦੋਂ ਦਾ ਜਾ ਚੁੱਕਾ ਸੀ ਤੇ ਚਾਚੇ ਦੇ ਪੁੱਤ ਨਾਲ ਥੋੜ੍ਹੀ-ਬਹੁਤ ਆਉਣੀ-ਜਾਣੀ ਸੀ। ਤੇ ਸਮੇਂ ਮੁਤਾਬਿਕ ਹੁਣ ਉਹ ਮੋਹ-ਪਿਆਰ ਦੀਆਂ ਤੰਦਾਂ ਵੀ ਤਾਂ ਕਮਜ਼ੋਰ ਪੈਂਦੀਆਂ ਜਾ ਰਹੀਆਂ ਸਨ। ਬੱਸ ਜਦੋਂ ਕਦੇ ਸਬੱਬੀ ਮੇਲ ਹੁੰਦਾ ਸੀ ਤਾਂ ਜ਼ਰੂਰ ਇੱਕ ਆਪਣਾਪਣ ਜਿਹਾ ਮਹਿਸੂਸ ਹੁੰਦਾ ਸੀ। ਨਹੀਂ ਤਾਂ ਕਿੰਨੇ ਸਾਲ ਹੋ ਗਏ ਕਦੇ ਫੋਨ ’ਤੇ ਵੀ ਤਾਂ ਗੱਲ ਨਹੀਂ ਸੀ ਹੋਈ।
‘‘ਇਸ ਵਾਰ ਅਚਾਨਕ ਪਿੰਡ ਜਾਣ ਦਾ ਪ੍ਰੋਗਰਾਮ ਕਿਵੇਂ ਬਣ ਗਿਆ ਦੀਵਾਲੀ ’ਤੇ।’’ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ ਸੀ।
‘‘ਮੋਨੀ ਦਾ ਫੋਨ ਆਇਆ ਸੀ ਪਿੰਡੋ। ਉਹ ਕੈਨੇਡਾ ਤੋਂ ਆਈ ਹੋਈ ਐ, ਆਪਣੇ ਜਵਾਕਾਂ ਨੂੰ ਨਾਲ ਲੈ ਕੇ।’’ ਮੇਰੇ ਘਰਵਾਲੀ ਨੇ ਮੇਰੇ ਚਾਚੇ ਦੀ ਧੀ ਦਾ ਨਾਂਅ ਲੈ ਕੇ ਮੈਨੂੰ ਦੱਸਿਆ।
‘‘ਕੀ ਕਹਿੰਦੀ ਸੀ?’’
‘‘ਕਹਿੰਦੀ ਸੀ ਕਿ ਆ ਕੇ ਮਿਲ ਜਾਓ! ਨਾਲੇ ਬਾਈ ਨੂੰ ਮਿਲ ਲਵਾਂਗੇ।’’
‘‘ਚੱਲੋ ਇਹ ਵੀ ਵਧੀਆ ਹੋਇਆ ਨਾਲੇ ਉਹਨੂੰ ਮਿਲ ਲਵਾਂਗੇ ਤੇ ਨਾਲੇ ਪਿੰਡ ਦੀਵਾਲੀ ਦੇਖ ਲਵਾਂਗੇ ਆਪਾਂ। ਰਾਤ ਰਹਾਂਗੇ ਨਾ ਉੱਥੇ?’’ ਮੈਂ ਬੱਚਿਆਂ ਵਾਂਗ ਹੀ ਪੁੱਛਿਆ।
‘‘ਰਾਤ ਰਹਿਣ ਨੂੰ ਕਿੱਥੇ ਥਾਂ। ਆਪਾਂ ਵੇਲੇ ਨਾਲ ਹੀ ਮੁੜ ਆਵਾਂਗੇ। ਆਥਣੇ ਦੀਵੇ ਵੀ ਤਾਂ ਲਾਉਣੇ ਆ ਘਰੇ ਆ ਕੇ। ਨਾਲੇ ਦੀਵਾਲੀ ਦੀ ਰਾਤ ਨੂੰ ਬਾਹਰ ਕੌਣ ਰਹਿੰਦਾ ਹੁੰਦਾ ਘਰੋਂ!’’
‘‘ਅੱਛਾ! ਤੇ ਫਿਰ ਆਪਾਂ ਪਿੰਡ ਵੀ ਦੀਵੇ ਲਾ ਕੇ ਆਵਾਂਗੇ?’’
‘‘ਪਿੰਡ ਕਿੱਥੇ ਦੀਵੇ ਲਾਉਣੇ ਆ?’’
‘‘ਪਿੰਡ ਸਮਾਧਾਂ ’ਤੇ ਦੀਵੇ ਲਾ ਆਉਂਦੇ ਨਾਲੇ ਗੁਰਦੁਆਰਾ ਸਾਹਿਬ।’’
‘‘ਦੇਖ ਲਾਂਗੇ! ਜੇ ਟਾਈਮ ਹੋਇਆ ਤਾਂ ਜਾ ਆਵਾਂਗੇ ਦਸ ਮਿੰਟ ਸਾਰੇ ਕਿਤੇ।’’
ਕਾਹਲੀ ਕਰਦਿਆਂ-ਕਰਦਿਆਂ ਵੀ ਪਿੰਡ ਪਹੁੰਚਦਿਆਂ ਨੂੰ 12 ਵੱਜ ਗਏ। ਸਭ ਤੋਂ ਪਹਿਲਾਂ ਚਾਚੇ ਜੱਗੇ ਦੇ ਘਰੇ ਪਹੁੰਚੇ ਤਾਂ ਮੇਲਾ ਲੱਗਾ ਹੋਇਆ ਸੀ। ਹੋਰ ਵੀ ਰਿਸ਼ਤੇਦਾਰ ਆਏ ਬੈਠੇ ਸੀ। ਸੱਚਮੁੱਚ ਇੰਨੇ ਚਿਰਾਂ ਬਾਅਦ ਸਭ ਨੂੰ ਮਿਲ ਕੇ ਜੀਅ ਖੁਸ਼ ਹੋ ਗਿਆ। ਚਾਹ-ਪਾਣੀ ਪੀਣ ਤੋਂ ਬਾਅਦ ਮੈਂ ਘਰਦਿਆਂ ਤੋਂ ਆਗਿਆ ਕੇ ਲੈ ਕੇ ਪਿੰਡ ਵਿੱਚ ਨਿੱਕਲ ਗਿਆ। ਪਿੰਡ ਦੀਆਂ ਗਲੀਆਂ ’ਚੋਂ ਲੰਘਦਿਆਂ ਬਚਪਨ ਦੀਆਂ ਉਹ ਯਾਦਾਂ ਤਾਜ਼ਾ ਹੋਈਆਂ। ਕੁਝ ਪੁਰਾਣੇ ਲੋਕ ਵੀ ਮਿਲੇ ਪਰ ਪਿੰਡ ਹੁਣ ਪਹਿਲਾਂ ਵਾਲਾ ਪਿੰਡ ਨਹੀਂ ਸੀ ਰਹਿ ਗਿਆ। ਬਹੁਤ ਕੁਝ ਬਦਲ ਚੁੱਕਾ ਸੀ ਪੁਰਾਣੇ ਘਰ ਨਵੀਆਂ ਕੋਠੀਆਂ ਵਿੱਚ ਬਦਲ ਚੁੱਕੇ ਸਨ, ਲੋਕਾਂ ਉੱਪਰ ਸ਼ਹਿਰਦਾਰੀ ਹਾਵੀ ਹੋ ਚੁੱਕੀ ਸੀ, ਗਲੀਆਂ ਵਿੱਚ ਕੋਈ ਜਵਾਕ ਖੇਡਦਾ ਨਹੀਂ ਸੀ ਦਿਖਾਈ ਦਿੱਤਾ ਸ਼ਾਇਦ ਮੋਬਾਇਲਾਂ ਨੇ ਬੱਚਿਆਂ ਦਾ ਬਚਪਨ ਕੈਦ ਕਰ ਲਿਆ ਸੀ। ਪੁਰਾਣੇ ਸਾਥੀਆਂ ’ਚੋਂ ਕੋਈ ਚਿਹਰਾ ਵਿਰਲਾ ਦਿਖਾਈ ਦਿੰਦਾ ਸੀ ਆਪਣੇ ਨਾਲੋਂ ਛੋਟੀ ਉਮਰ ਦੇ ਕੁਛ ਜਾਣ-ਪਛਾਣ ਵਾਲੇ ਸੱਜਣ ਵੀ ਮਿਲੇ, ਮਿਲ ਕੇ ਖੁਸ਼ੀ ਹੋਈ ਆਦਰ ਵੀ ਮਿਲਿਆ, ਚਾਹ-ਪਾਣੀ ਦੀ ਸੁਲ੍ਹਾ ਵੀ ਮਾਰੀ ਗਈ ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਖਾਸ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਸੀ। ਇਹ ਪਿੰਡ ਹੁਣ ਮੇਰਾ ਪਿੰਡ ਨਹੀਂ ਸੀ ਰਹਿ ਗਿਆ ਮੈਂ ਇਸ ਪਿੰਡ ਦੇ ਘਰਾਂ ਲਈ, ਕੰਧਾਂ ਲਈ, ਗਲੀਆਂ ਲਈ, ਅਜ਼ਨਬੀ ਹੁੰਦਾ ਜਾ ਰਿਹਾ ਸਾਂ।
ਜਿਵੇਂ-ਜਿਵੇਂ ਦਿਨ ਢਲਦਾ ਜਾ ਰਿਹਾ ਸੀ ਉਵੇਂ-ਉਵੇਂ ਮੇਰੀ ਖੁਸ਼ੀ ਵੀ ਉਦਾਸੀ ਵਿੱਚ ਬਦਲਦੀ ਜਾ ਰਹੀ ਸੀ। ਪਿੰਡ ਦੇ ਚੜ੍ਹਦੇ ਵਾਲੇ ਪਾਸੇ ਤੋਂ ਚੱਲ ਕੇ ਮੈਂ ਛਿਪਦੇ ਵਾਲੇ ਪਾਸੇ ਵੱਲ ਜਾ ਰਿਹਾ ਸੀ। ਜਦੋਂ ਮੈਂ ਵਾਪਸ ਮੁੜਨ ਦਾ ਖਿਆਲ ਕੀਤਾ ਤਾਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਅੱਗੇ ਵੱਲ ਜਾਇਆ ਜਾਵੇ। ਛੱਪੜ ਦੇ ਕੰਢੇ, ਗੁਰਦੁਆਰਾ ਸਾਹਿਬ, ਡੇਰਾ ਤੇ ਪਿੰਡ ਦੀ ਮੋੜ੍ਹੀ ਗੱਡਣ ਵਾਲੇ ਬਾਬੇ ਦੀ ਸਮਾਧ ਦੇਖਣ ਦੀ ਮੇਰੀ ਇੱਛਾ ਪ੍ਰਬਲ ਹੋਣ ਲੱਗੀ। ਮੈਂ ਆਪਣੀ ਜੇਬ੍ਹ ਵਿੱਚੋਂ ਮੋਬਾਇਲ ਕੱਢਿਆ ਤੇ ਘਰਵਾਲੀ ਨੂੰ ਫੋਨ ਕਰਕੇ ਕਿਹਾ ਕਿ ਉਹ ਵਾਪਸ ਜਾਂਦੇ ਹੋਏ ਮੈਨੂੰ ਗੁਰਦੁਆਰਾ ਸਾਹਿਬ ਤੋਂ ਪਿੱਕ ਕਰ ਲੈਣ। ਫੋਨ ਕੱਟ ਕਰਕੇ ਮੈਂ ਆਪਣੀ ਜੇਬ੍ਹ ਵਿੱਚ ਪਾਇਆ ਤੇ ਹੌਲੀ-ਹੌਲੀ ਗਲੀਆਂ ਵਿੱਚ ਤੁਰਦਾ ਹੋਇਆ ਪਿੰਡ ਦੇ ਛਿਪਦੇ ਪਾਸੇ ਵੱਲ ਜਾਣ ਲੱਗਾ। ਛੱਪੜ ਦੇ ਕਿਨਾਰੇ ਆ ਕੇ ਮੈਂ ਇੱਕ ਪਲ ਲਈ ਠਹਿਰਿਆ ਛੱਪੜ ਦਾ ਪਾਣੀ ਹੁਣ ਪਹਿਲਾਂ ਵਾਂਗ ਨਹੀਂ ਸੀ, ਕਾਫੀ ਗੰਦਾ ਹੋ ਗਿਆ ਲੱਗਦਾ ਸੀ।
ਉੱਥੇ ਮੈਂ ਬਹੁਤਾ ਸਮਾਂ ਨਾ ਠਹਿਰ ਸਕਿਆ ਤੇ ਗੁਰਦੁਆਰਾ ਸਾਹਿਬ ਦੇ ਵੱਡੇ ਗੇਟ ਅੰਦਰ ਦਾਖਲ ਹੋਇਆ। ਪੁਰਾਣੇ ਗੁਰਦੁਆਰਾ ਸਾਹਿਬ ਦਾ ਨਾਂਅ-ਨਿਸ਼ਾਨ ਬਾਕੀ ਨਹੀਂ ਸੀ ਬਚਿਆ। ਨਵਾਂ ਤੇ ਵੱਡਾ ਦਰਬਾਰ ਹਾਲ, ਜੋ ਕਿ ਕਾਫੀ ਸ਼ਾਨਦਾਰ ਸੀ, ਬਣਿਆ ਹੋਇਆ ਸੀ। ਮੈਂ ਪੌੜੀਆਂ ਚੜ੍ਹ ਕੇ ਦਰਬਾਰ ਹਾਲ ਵਿੱਚ ਦਾਖਲ ਹੋਇਆ। ਦਰਬਾਰ ਹਾਲ ਵਿੱਚ ਕੋਈ ਵੀ ਨਹੀਂ ਸੀ, ਹਾਲਾਂਕਿ ਚਾਰੇ ਪਾਸੇ ਸ਼ਾਨਦਾਰ ਸਜਾਵਟ ਕੀਤੀ ਹੋਈ ਸੀ। ਫਰਸ਼ ਉੱਪਰ ਗੱਦੇ ਰੱਖੇ ਹੋਏ ਸਨ ਅਤੇ ਉੱਪਰ ਸਾਫ ਚਾਦਰ ਵਿਛਾਈ ਹੋਈ ਸੀ। ਮੈਂ ਮੱਥਾ ਟੇਕ ਕੇ ਚਾਰੇ ਪਾਸੇ ਵੱਲ ਨਜ਼ਰ ਘੁਮਾਈ ਤੇ ਫਿਰ ਦਿਲ ਕੀਤਾ ਕਿ ਉੱਥੇ ਹੀ ਬੈਠ ਜਾਵਾਂ। ਸਪੀਕਰ ਉੱਪਰ ਸ਼ਬਦ ਗੁਰਬਾਣੀ ਦਾ ਕੀਰਤਨ ਚਲਾਇਆ ਜਾ ਰਿਹਾ ਸੀ। ਮੈਂ ਕੰਧ ਦੀ ਢੋਹ ਲਾ ਕੇ ਉੱਥੇ ਹੀ ਬੈਠ ਗਿਆ ਮੇਰੇ ਮਨ ਉੱਪਰ ਛਾਇਆ ਉਦਾਸੀ ਦਾ ਪਰਛਾਵਾਂ ਘਟਣ ਲੱਗਾ। ਮੈਨੂੰ ਲੱਗਾ ਕਿ ਮੈਂ ਕਾਫੀ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਕੇ ਬੈਠਾ ਰਿਹਾ ਸਾਂ ਜਾਂ ਸ਼ਾਇਦ ਮੈਨੂੰ ਨੀਂਦ ਆ ਗਈ ਹੋਵੇ। ਫਿਰ ਮੈਨੂੰ ਕਿਸੇ ਨੇ ਇੱਕਦਮ ਆਣ ਕੇ ਹਲੂਣਿਆ। ਮੇਰਾ ਪੋਤਾ ਮੇਰੇ ਮੋਢੇ ਕੋਲ ਖੜ੍ਹਾ ਸੀ।
‘‘ਆਓ ਚੱਲੀਏ ਹੁਣ!’’ ਮੇਰੀ ਪਤਨੀ ਦੀ ਆਵਾਜ ਮੇਰੇ ਕੰਨਾਂ ਨਾਲ ਟਕਰਾਉਂਦੀ ਹੈ। ਮੈਂ ਅੱਖਾਂ ਖੋਲ੍ਹਦਾ ਹਾਂ, ਤੇ ਖੜ੍ਹਾ ਹੋ ਕੇ ਦਰਬਾਰ ਹਾਲ ਵਿੱਚੋਂ ਬਾਹਰ ਨਿੱਕਲਦਾ ਹਾਂ। ਦਿਨ ਢਲ ਚੁੱਕਾ ਸੀ। ਮੇਰੇ ਪਰਿਵਾਰ ਦੇ ਚਿਹਰਿਆਂ ’ਤੇ ਕਾਹਲੀ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸੀ।
‘‘ਚਲੋ ਵੀ ਹੁਣ! ਘਰੇ ਵੀ ਤਾਂ ਜਾਣਾ।’’ ਮੇਰੀ ਪਤਨੀ ਨੇ ਦੁਬਾਰਾ ਮੈਨੂੰ ਠਕੋਰਿਆ।
‘‘ਦੀਵੇ ਲਾ’ਤੇ?’’ ਮੈਂ ਉਸ ਨੂੰ ਦੁਬਾਰਾ ਪੁੱਛਿਆ।
‘‘ਆਹੋ! ਦੀਵੇ ਦੇ ਦਿੱਤੇ। ਇਹ ਭਾਈ ਜੀ ਆਪੇ ਲਾ ਦੇਣਗੇ। ਆਪਾਂ ਚੱਲੀਏ ਹੁਣ।’’
ਗੁਰਦੁਆਰਾ ਸਾਹਿਬ ’ਚੋਂ ਨਿੱਕਲ ਕੇ ਮੈਂ ਡੇਰੇ ਵੱਲ ਨੂੰ ਹੋ ਤੁਰਿਆ। ਡੇਰੇ ਪਹੁੰਚ ਕੇ ਅਸੀਂ ਮੱਥਾ ਟੇਕਿਆ।
‘‘ਮੈਨੂੰ ਦੋ ਕੁ ਦੀਵੇ ਦੇ!’’
‘‘ਕੀ ਕਰਨੇ ਐ?’’
‘‘ਔਹ ਸਾਹਮਣੇ ਖੂਹ ’ਤੇ ਲਾ ਕੇ ਆਉਣੇ ਐ।’’
‘‘ਤੁਸੀਂ ਹੁਣ ਬਾਅਲਾ ਲੇਟ ਨਾ ਕਰੀ ਜਾਓ। ਆਪਾਂ ਘਰੇ ਵੀ ਪਹੁੰਚਣਾ।’’
‘‘ਨਹੀਂ ਮੈਂ ਲੇਟ ਨਹੀਂ ਕਰਦਾ! ਤੁਸੀਂ ਗੱਡੀ ਲੈ ਕੇ ਆਓ। ਮੈਂ ਸਾਹਮਣੇ ਸਕੂਲ ਵਾਲੇ ਮੋੜ ’ਤੇ ਤੁਹਾਨੂੰ ਮਿਲਦਾ ਹਾਂ ।’’
‘‘ਦਾਦੂ ਮੈਂ ਵੀ ਨਾਲ ਚੱਲੂਗਾ!’’ ਮੇਰਾ ਪੋਤਰਾ ਮੇਰੇ ਪਿੱਛੇ ਆਉਣ ਲੱਗਾ।
‘‘ਆਜਾ ਚਲੀਏ! ਤੁਸੀਂ ਗੱਡੀ ਲੈ ਕੇ ਆਓ।’’ ਮੈਂ ਆਪਣੀ ਘਰਵਾਲੀ ਨੂੰ ਇਸ਼ਾਰਾ ਕੀਤਾ। ਡੇਰੇ ’ਚੋਂ ਖੂਹ ਵਾਲੇ ਪਾਸੇ ਨੂੰ ਉੱਤਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਡੇਰਾ ਪਹਿਲਾਂ ਜਿੰਨਾ ਉੱਚਾ ਨਹੀਂ ਰਿਹਾ ਜਾਂ ਸ਼ਾਇਦ ਡੇਰੇ ਦਾ ਆਲਾ-ਦੁਆਲਾ ਹੀ ਜ਼ਿਆਦਾ ਉੱਚਾ ਹੋ ਗਿਆ ਹੋਵੇ। ਇੱਕ ਸਮਾਂ ਹੁੰਦਾ ਸੀ ਜਦੋਂ ਇਸ ਬੰਦ ਪਏ ਖੂਹ ਦੇ ਆਲੇ-ਦੁਆਲੇ ਰੌਣਕਾਂ ਲੱਗੀਆਂ ਹੁੰਦੀਆਂ ਸਨ। ਪਿੱਪਲ, ਬੋਹੜ ਤੇ ਨਿੰਮ ਦੇ ਕਿੰਨੇ ਹੀ ਦਰੱਖਤ ਇਸ ਖੂਹ ਦੇ ਆਲੇ-ਦੁਆਲੇ ਲੱਗੇ ਹੋਏ ਸਨ ਪਰ ਹੁਣ ਉੱਥੇ ਸਿਰਫ ਇੱਕ ਦਰੱਖਤ ਉਦਾਸ ਜਿਹਾ ਖੜ੍ਹਾ ਲੱਗਿਆ। ਮੈਂ ਖੂਹ ਦੇ ਇੱਕ ਪਾਸੇ ’ਤੇ ਇਲੈਕਟ੍ਰੋਨਿਕ ਦੀਵਾ ਰੱਖਿਆ ਤੇ ਉਸ ਦਾ ਬਟਨ ਦੱਬ ਦਿੱਤਾ। ਮੈਥੋਂ ਜਿਵੇਂ ਉੱਥੇ ਖੜਿ੍ਹਆ ਨਹੀਂ ਸੀ ਜਾ ਰਿਹਾ।
ਖੂਹ ਤੋਂ ਪੰਜਾਹ ਕੁ ਕਦਮਾਂ ਦੀ ਦੂਰੀ ’ਤੇ ਪਿੰਡ ਦਾ ਸਕੂਲ ਸੀ। ਇਹ ਉਹੀ ਸਕੂਲ ਸੀ ਜਿੱਥੇ ਕਦੇ ਅਸੀਂ ਊੜਾ ਆੜਾ ਪੜ੍ਹਨਾ ਤੇ ਲਿਖਣਾ ਸਿੱਖਿਆ ਸੀ। ਕਿੰਨਾ ਪਿਆਰਾ ਸਮਾਂ ਹੁੰਦਾ ਸੀ, ਨਾ ਕੋਈ ਫਿਕਰ, ਨਾ ਕੋਈ ਫਾਕਾ। ਗਲ ਵਿੱਚ ਬਸਤਾ ਹੱਥ ਵਿੱਚ ਫੱਟੀ, ਹਾਥੀਆਂ ਵਾਂਗ ਝੂਲਦੇ ਸਕੂਲ ਪਹੁੰਚਦੇ। ਨਾ ਕੋਈ ਲੇਟ ਹੋਣ ਦਾ ਫਿਕਰ ਹੁੰਦਾ ਸੀ। ਘਰੋਂ ਖਾਲੀ ਖਲ਼ ਵਾਲੀਆਂ ਬੋਰੀਆਂ ਜਾਂ ਰੇਹ ਵਾਲੇ ਖਾਲੀ ਗੱਟੇ ਨਾਲ ਲੈ ਕੇ ਆਉਣੇ ਤੇ ਉਹੀ ਵਿਛਾ ਕੇ ਬੈਠਣਾ। ਛੱਪੜ ਦੇ ਕਿਨਾਰੇ ਬੈਠ ਕੇ ਫੱਟੀਆਂ ਪੋਚਣਾ। ਨਿੱਕੀਆਂ-ਨਿੱਕੀਆਂ ਸ਼ਰਾਰਤਾਂ, ਲੜਾਈ-ਝਗੜੇ, ਛੱਪੜ ਵਿੱਚ ਚੁੱਭੀਆਂ ਮਾਰ ਕੇ ਨਹਾਉਣਾ। ਸਾਰੀਆਂ ਗੱਲਾਂ ਇੱਕ-ਇੱਕ ਕਰਕੇ ਯਾਦ ਆਉਣ ਲੱਗੀਆਂ। ਸਾਹਮਣੇ ਸਕੂਲ ਦੀ ਚਾਰਦੀਵਾਰੀ ਦੇ ਉੱਪਰੋਂ ਦੋ ਮੰਜਲੀ ਨਵੀਂ ਇਮਾਰਤ ਦਿਖਾਈ ਦੇ ਰਹੀ ਸੀ। ਸਕੂਲ ਦੀ ਇਮਾਰਤ ਉੱਪਰ ਲੱਗੀ ਝਿਲਮਿਲ ਕਰਦੀ ਦੀਪਮਾਲਾ ਸੋਹਣੀ ਲੱਗ ਰਹੀ ਸੀ। ਮੋੜ ’ਤੇ ਜਾ ਕੇ ਚਾਰਦੀਵਾਰੀ ਦੀ ਕੰਧ ਉੱਪਰ ਲਿਫਾਫੇ ਵਿੱਚੋਂ ਕੱਢ ਕੇ ਦੀਵਾ ਰੱਖਦਿਆਂ ਇੱਕ ਵਾਰ ਫਿਰ ਮਾਣ ਜਿਹਾ ਮਹਿਸੂਸ ਹੋਇਆ।
ਹਨ੍ਹੇਰਾ ਹੋਣ ਹੀ ਵਾਲਾ ਸੀ। ਗੱਡੀ ਆ ਕੇ ਸਕੂਲ ਦੇ ਗੇਟ ਕੋਲ ਖੜ੍ਹ ਗਈ ਸੀ। ਪੋਤਰਾ ਭੱਜ ਕੇ ਗੱਡੀ ਵਿੱਚ ਵੜ ਚੁੱਕਾ ਸੀ। ਮੈਂ ਅੱਗੇ ਵਧ ਕੇ ਗੱਡੀ ਦੀ ਬਾਰੀ ਖੋਲ੍ਹੀ। ਗੱਡੀ ਵਿੱਚ ਬੈਠਣ ਤੋਂ ਪਹਿਲਾਂ ਇੱਕ ਵਾਰ ਸਕੂਲ ਦੇ ਵੱਲ ਜੀਅ ਭਰਕੇ ਤੱਕਣ ਨੂੰ ਦਿਲ ਕੀਤਾ। ਜਦੋਂ ਮੈਂ ਘੁੰਮ ਕੇ ਦੁਬਾਰਾ ਸਕੂਲ ਵੱਲ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਜਿਵੇਂ ਮੇਰੀਆਂ ਅੱਖਾਂ ਅੱਗੇ ਹਨੇ੍ਹਰਾ ਆ ਗਿਆ ਹੋਵੇ। ਸਕੂਲ ਦੇ ਵਿਹੜੇ ਵਿੱਚ ਲੱਗਾ ਪਿੱਪਲ ਦਾ ਰੁੱਖ ਦਿਖਾਈ ਨਹੀਂ ਦੇ ਰਿਹਾ ਸੀ। ਇਹ ਉਹੀ ਪਿੱਪਲ ਦਾ ਰੁੱਖ ਸੀ ਜਿਸਦੀਆਂ ਜੜ੍ਹਾਂ ਵਿੱਚ ਪਾਣੀ ਦੀਆਂ ਬਾਲਟੀਆਂ ਭਰ-ਭਰ ਅਸੀਂ ਇਸ ਨੂੰ ਸਿੰਜਿਆ ਸੀ। ਇਹ ਉਹੀ ਰੁੱਖ ਸੀ ਜਿਸ ਦੇ ਪੱਤੇ-ਪੱਤੇ ਨਾਲ ਸਾਡੀ ਬਚਪਨ ਦੀ ਸਾਂਝ ਜੁੜੀ ਹੋਈ ਸੀ। ਉਹ ਰੁੱਖ ਜਿਸ ਦੀ ਛਾਵੇਂ ਬੈਠ ਕੇ ਅਸੀਂ ਉੱਚੀ-ਉੱਚੀ ਪਹਾੜੇ ਗਾਇਆ ਕਰਦੇ ਸੀ।
ਉਹ ਰੁੱਖ ਜਿਸ ਦੀ ਛਾਂ ਹੇਠਾਂ ਕਦੇ ਸਾਨੂੰ ਮਾਸਟਰ ਜੀ ਕੰਨ ਫੜਾ ਕੇ ਡੰਡੇ ਲਾਇਆ ਕਰਦੇ ਸੀ। ਮੈਨੂੰ ਲੱਗਾ ਸ਼ਾਇਦ ਮੈਨੂੰ ਭੁਲੇਖਾ ਲੱਗਾ ਹੋਵੇ। ਮੈਂ ਦੁਬਾਰਾ ਗਹੁ ਨਾਲ ਤੱਕਿਆ। ਸਾਫ ਅਸਮਾਨ ਦਿਖਾਈ ਦੇ ਰਿਹਾ ਸੀ। ਗੱਡੀ ਦੀ ਤਾਕੀ ਖੁੱਲ੍ਹੀ ਹੋਈ ਸੀ। ਮੈਂ ਇੱਕਦਮ ਸੀਟ ’ਤੇ ਬੈਠ ਗਿਆ, ਮੈਨੂੰ ਲੱਗਾ ਮੈਂ ਬੈਠਾ ਨਹੀਂ ਸੀ, ਮੈਂ ਡਿੱਗਿਆ ਸੀ। ਗੱਡੀ ਘਰ ਵੱਲ ਦੌੜ ਰਹੀ ਸੀ। ਮੈਂ ਚੁੱਪ-ਚਾਪ ਪਿੱਛੇ ਵੱਲ ਸਿਰ ਸੁੱਟ ਕੇ ਬੈਠ ਗਿਆ। ਅੱਜ ਵਰਿ੍ਹਆਂ ਪਿੱਛੋਂ ਪਿੰਡ ਤੱਕਿਆ ਸੀ। ਪਿੰਡ ਵਿੱਚ ਮੈਨੂੰ ਮੇਰਾ ਪਿੰਡ ਨਜ਼ਰ ਨਹੀਂ ਆਇਆ ਸੀ। ਮੈਨੂੰ ਲੱਗਾ ਮੈਨੂੰ ਨੀਂਦ ਆ ਗਈ ਹੈ। ਸੁਪਨਾ ਆ ਰਿਹਾ ਹੈ…!
ਅਮਰੂਦ ਦੀਆਂ ਜੜ੍ਹਾਂ ਵਿੱਚ ਰੱਖੀ ਪਾਣੀ ਦੀ ਪਾਈਪ ’ਚੋਂ ਪਾਣੀ ਵਗ ਰਿਹਾ ਹੈ, ਮਿੱਟੀ ਖੁਰ ਰਹੀ ਹੈ। ਅਮਰੂਦ ਦਾ ਬੂਟਾ ਅਗਲੇ ਪਲ ਪਿੱਪਲ ਦਾ ਵੱਡਾ ਰੁੱਖ ਨਜ਼ਰ ਆਉਣ ਲੱਗਾ। ਮੈਨੂੰ ਲੱਗਦਾ ਹੈ ਕਿ ਕੁੱਝ ਪਲਾਂ ਵਿੱਚ ਉਹ ਰੁੱਖ ਧਰਤੀ ਉੱਪਰ ਡਿੱਗ ਪਵੇਗਾ ਕਿਉਂਕਿ ਉਸ ਦੀਆਂ ਜੜ੍ਹਾਂ ਦੀ ਮਿੱਟੀ ਖੁਰਦੀ ਜਾ ਰਹੀ ਹੈ। ਮੇਰੇ ਪੈਰਾਂ ਹੇਠੋਂ ਵੀ ਪਾਣੀ ਵਗ ਰਿਹਾ ਹੈ। ਮੇਰੇ ਪੈਰਾਂ ਹੇਠੋਂ ਵੀ ਮਿੱਟੀ ਖੁਰ ਰਹੀ ਹੈ। ਅਚਾਨਕ ਇੱਕ ਧਮਾਕੇ ਦੀ ਅਵਾਜ ਆਈ। ਮੈਂ ਤ੍ਰਬਕ ਕੇ ਅੱਖਾ ਖੋਲ੍ਹੀਆਂ। ਪਟਾਕੇ ਚੱਲ ਰਹੇ ਹਨ। ਅਸੀਂ ਘਰ ਪਹੁੰਚ ਚੁੱਕੇ ਹਾਂ। ਹਨ੍ਹੇਰਾ ਹੋ ਚੁੱਕਿਆ ਹੈ। ਗੱਡੀ ਵਿੱਚੋਂ ਨਿੱਕਲ ਕੇ ਮੈਂ ਆਪਣੇ ਕਮਰੇ ਵਿੱਚ ਜਾਂਦਾ ਹਾਂ ਤੇ ਧੜੰਮ ਕਰਕੇ ਆਪਣੇ ਬੈੱਡ ’ਤੇ ਡਿੱਗ ਪੈਂਦਾ ਹਾਂ।
ਗੁਰਦੀਪ ਕੌਰੇਆਣਾ । ਮੋ. 99150-13953