ਨਾਭਾ ਜੇਲ੍ਹ ’ਚ ਕੈਦੀ ਵੱਲੋਂ ਹੈੱਡ ਵਾਰਡਨ ’ਤੇ ਹਮਲਾ
ਨਾਭਾ, (ਤਰੁਣ ਕੁਮਾਰ ਸ਼ਰਮਾ)। ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਇੱਕ ਕੈਦੀ ਵੱਲੋਂ ਕਥਿਤ ਰੂਪ ਵਿੱਚ ਜੇਲ੍ਹ ਦੇ ਹੈੱਡ ਵਾਰਡਨ ’ਤੇ ਹਮਲਾ ਕੀਤਾ ਗਿਆ। ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜੇਲ੍ਹ ਦੇ ਹਰਮੇਸ਼ ਸਿੰਘ ਨਾਮੀ ਹੈੱਡ ਵਾਰਡਨ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਡਿਊਟੀ ਜੇਲ੍ਹ ਦੇ 04 ਅਤੇ 05 ਨੰਬਰ ਹਾਤੇ ’ਤੇ ਸੀ। ਬੰਦੀ ਖੋਲ੍ਹਣ ਸਮੇਂ ਧੁੰਦ ਜਿਆਦਾ ਹੋਣ ਕਾਰਨ ਉੱਚ ਅਫਸਰਾਂ ਵੱਲੋਂ ਕਿਸੇ ਨੂੰ ਵੀ ਬਾਹਰ ਨਿਕਲਣ ਤੋਂ ਰੋਕਿਆ ਗਿਆ ਸੀ। ਇੰਨੇ ਨੂੰ ਬੰਦੀ ਖੋਲ੍ਹਣ ਤੋਂ ਬਾਦ ਮਹਿੰਦਰ ਸਿੰਘ ਉਰਫ ਚਾਂਦੀ ਨਾਮੀ ਕੈਦੀ ਜੇਲ੍ਹ ਅੰਦਰਲੇ ਧਾਰਮਿਕ ਸਥਾਨ ’ਤੇ ਜਾਣ ਦੀ ਜਿੱਦ ਕਰਨ ਲੱਗਾ। ਉਸ ਵੱਲੋਂ ਉਚ ਅਫਸਰਾਂ ਦੀਆਂ ਜਾਰੀ ਹਦਾਇਤਾਂ ਦੀ ਜਾਣਕਾਰੀ ਦਿੰਦਿਆਂ ਉਸ ਨੂੰ ਕੁੱਝ ਸਮਾਂ ਰੁੱਕਣ ਲਈ ਕਿਹਾ ਗਿਆ। ਇਸ ’ਤੇ ਕਥਿਤ ਰੂਪ ਵਿੱਚ ਉਕਤ ਕੈਦੀ ਨੇ ਨਾ ਸਿਰਫ ਉਸ ਨੂੰ ਗਾਲ੍ਹਾਂ ਕੱਢਣੀਆ ਸ਼ੁਰੂ ਕਰ ਦਿੱਤੀਆਂ ਬਲਕਿ ਲਾਗੇ ਪਈ ਇੱਕ ਇੱਟ ਉਸ ਦੇ ਮੂੰਹ ’ਤੇ ਮਾਰ ਦਿੱਤੀ।
ਹੈਡ ਵਾਰਡਨ ਅਨੁਸਾਰ ਉਸ ਦਾ ਇੱਕ ਦੰਦ ਟੁੱਟ ਗਿਆ ਅਤੇ ਬਾਕੀ ਕਈ ਦੰਦ ਵੀ ਹਿੱਲ ਗਏ ਹਨ। ਹੈਡ ਵਾਰਡਨ ਨੇ ਦੱਸਿਆ ਕਿ ਐਨਡੀਪੀਸੀ ਐਕਟ ਅਧੀਨ ਸ਼ਜਾ ਕੱਟ ਰਹੇ ਉਕਤ ਕੈਦੀ ਨੂੰ ਪਹਿਲਾਂ ਸੰਗਰੂਰ ਤੋਂ ਮਾਨਸਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ ਜਿੱਥੇ ਮੁਲਾਜਮਾਂ ਨਾਲ ਲੜਾਈ ਝਗੜੇ ਦਾ ਆਦੀ ਹੋਣ ਕਾਰਨ ਨਾਭਾ ਜੇਲ੍ਹ ਤਬਦੀਲ ਕੀਤਾ ਗਿਆ ਹੈ। ਮੌਕੇ ’ਤੇ ਤਾਇਨਾਤ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚ ਕੈਦੀ ਵੱਲੋਂ ਕਿਸੇ ਮੁਲਾਜਮ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਆਇਆ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਉਕਤ ਮੁਲਾਜਮ ਨੂੰ ਮੈਡੀਕਲ ਸਹਾਇਤਾ ਦੇ ਕੇ ਕੋਤਵਾਲੀ ਪੁਲਿਸ ਨੂੰ ਐਮ ਐਲ ਆਰ ਭੇਜ ਦਿੱਤੀ ਹੈ ਅਤੇ ਦੰਦਾਂ ਸੰਬੰਧੀ ਹਸਪਤਾਲ ਦੇ ਡੈਂਟਿਸਟ ਤੋਂ ਰਾਏ ਮੰਗੀ ਗਈ ਹੈ। ਉਪਰੋਕਤ ਘਟਨਾ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਦੇ ਇੰਚਾਰਜ ਇੰਸ ਰਾਜਵਿੰਦਰ ਕੌਰ ਨੇ ਦੱਸਿਆ ਕਿ ਘਟਨਾ ’ਚ ਜਖਮੀ ਹੋਏ ਹੈਡਵਾਰਡਨ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਮਹਿੰਦਰ ਸਿੰਘ ਉਰਫ ਚਾਂਦੀ ਖਿਲਾਫ ਧਾਰਾ 353, 186 ਅਤੇ 332 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.