ਪੀਣ ਵਾਲਾ ਪਾਣੀ ਨਾ ਮਿਲਣ ’ਤੇ 3 ਬਸਤੀਆਂ ਦੇ ਵਾਸੀਆਂ ਵੱਲੋਂ ਨਾਅਰੇਬਾਜੀ

ਜਲਦ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਹੋਵੇਗਾ: ਕਸ਼ਮੀਰ ਸਿੰਘ

ਨਾਭਾ, (ਤਰੁਣ ਕੁਮਾਰ ਸ਼ਰਮਾ)। ਰਿਆਸਤੀ ਸ਼ਹਿਰ ਨਾਭਾ ਦੀ ਜੈਮਲ ਸਿੰਘ ਕਾਲੋਨੀ, ਧਰਮ ਕੰਡਾ ਬਸਤੀ ਅਤੇ ਟੋਭਾ ਬਸਤੀ ਦੇ ਵਾਸੀ ਪੀਣ ਵਾਲੇ ਪਾਣੀ ਲਈ ਪਰੇਸ਼ਾਨ ਹੋ ਰਹੇ ਹਨ। ਪੀਣ ਵਾਲੇ ਪਾਣੀ ਦੀ ਇਹ ਦਿੱਕਤ ਪਿਛਲੇ 10 ਦਿਨਾਂ ਤੋਂ ਜਾਰੀ ਹੈ ਜਿਸ ਸੰਬੰਧੀ ਬਸਤੀਆਂ ਦੇ ਵਾਸੀ ਕਈ ਸਾਬਕਾ ਕੌਂਸਲਰਾਂ ਨੂੰ ਮਿਲ ਚੁੱਕੇ ਹਨ ਪਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਗੱਲਬਾਤ ਕਰਦਿਆਂ ਮੋਹਣ ਕੁਮਾਰ ਪੰਮਾ, ਜਗਸੀਰ ਸਿੰਘ, ਡਾ ਹੇਮ ਰਾਜ ਆਦਿ ਨੇ ਦੱਸਿਆ ਕਿ ਇਨ੍ਹਾਂ ਬਸਤੀਆਂ ਦੇ 90 ਪ੍ਰਤੀਸ਼ਤ ਲੋਕ ਗਰੀਬ ਤਬਕੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਘਰਾਂ ਵਿੱਚ ਨਾ ਹੀ ਸਬਮਰਸੀਬਲ ਮੋਟਰਾਂ ਹਨ ਅਤੇ ਨਾ ਹੀ ਟੋਲੂ ਪੰਪ।

ਇਹ ਗਰੀਬ ਲੋਕ ਟੂਟੀਆਂ ਰਾਹੀਂ ਸਪਲਾਈ ਕੀਤੇ ਜਾਂਦੇ ਸਰਕਾਰੀ ਪਾਣੀ ’ਤੇ ਨਿਰਭਰ ਰਹਿੰਦੇ ਹਨ। ਪਿਛਲੇ 10 ਦਿਨਾਂ ਤੋਂ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਲੋਕਾਂ ਦੀਆਂ ਦਿੱਕਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ ਪਰੰਤੂ ਨਾ ਹੀ ਪ੍ਰਸ਼ਾਸ਼ਨ ਨੇ ਅਤੇ ਨਾ ਹੀ ਚੋਣ ਲੜ ਰਹੇ ਉਮੀਦਵਾਰਾਂ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ। ਹੋਰ ਤਾਂ ਹੋਰ ਪੀਣ ਵਾਲੇ ਪਾਣੀ ਲਈ ਲੋਕ ਦੂਜੀਆਂ ਬਸਤੀਆਂ ਤੋਂ ਪਾਣੀ ਲਿਆਉਣ ਨੂੰ ਮਜ਼ਬੂਰ ਹੋਏ ਪਏ ਹਨ।

ਪੇਸ਼ ਆ ਰਹੀ ਸਮੱਸਿਆ ਕਾਰਨ ਬਸਤੀਆਂ ਦੇ ਵਾਸੀਆਂ ਨੇ ਰੋਸ਼ ਮੀਟਿੰਗ ਰੱਖੀ। ਮੀਟਿੰਗ ਤੋਂ ਬਾਦ ਕਸ਼ਮੀਰ ਸਿੰਘ ਗੁਦਾਈਆ, ਮੋਹਣ ਕੁਮਾਰ ਪੰਮਾ ਅਤੇ ਜਗਸੀਰ ਸਿੰਘ ਆਦਿ ਨੇ ਐਸ ਡੀ ਐਮ ਨਾਭਾ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਿਨ੍ਹਾਂ ਨੇ ਸਮੱਸਿਆ ਦਾ ਨਿਪਟਾਰਾ ਜਲਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਕਸ਼ਮੀਰ ਸਿੰਘ ਗੁਦਾਈਆ ਅਤੇ ਮੋਹਣ ਆਦਿ ਨੇ ਮੰਗ ਕੀਤੀ ਕਿ ਲੋਕਾਂ ਨੂੰ ਪੇਸ਼ ਆ ਰਹੀ ਦਿੱਕਤ ਕਾਰਨ ਖਰਾਬ ਮੋਟਰ ਦੀ ਥਾਂ ਜਲਦ ਨਵੀਂ ਮੋਟਰ ਸਥਾਪਿਤ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਲਦ ਹੀ ਪ੍ਰਸ਼ਾਸ਼ਨ ਨੇ ਕੋਈ ਪੁਖਤਾ ਕਾਰਵਾਈ ਨਾ ਕੀਤੀ ਤਾਂ ਉਹ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋ ਜਾਣਗੇ। ਇਸ ਮੌਕੇ ਨਵੀ ਖੋਰਾ, ਮਲਕੀਤ ਸਿੰਘ, ਬਾਸੀ ਸਿੰਘ, ਭੋਲਾ ਸਿੰਘ, ਅੰਗੂਰੀ ਦੇਵੀ, ਸੁਰਜੀਤ ਕੌਰ ਆਦਿ ਮਹੁੱਲਾ ਵਾਸੀ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.