The form of Maya | ਮਾਇਆ ਦਾ ਰੂਪ
ਸਭ ਬਜ਼ੁਰਗ ਜਵਾਨ ਤੇ ਕੀ ਬੱਚੇ
ਹਰ ਕੋਈ ਮੈਨੂੰ ਪਾਉਣ ਲਈ ਤਰਸੇ
ਬੇਵਜ੍ਹਾ ਵਧਾਈ ਬੈਠੇ ਨੇ ਖਰਚੇ
ਕੋਈ ਮਿਹਨਤ ਨਾ ਡੱਕਾ ਤੋੜਦਾ
ਮੈਂ ਮਾਇਆ ਦਾ ਰੂਪ ਬੋਲਦਾ।
ਦੁਕਾਨਦਾਰ ਤੇ ਜਿੰਨੇ ਵੀ ਲਾਲੇ
ਤੜਕੇ ਖੋਲ੍ਹਣ ਜੱਦ ਆ ਕੇ ਤਾਲੇ
ਸਾਰੇ ਮੈਨੂੰ ਪੱਟਣ ਲਈ ਨੇ ਕਾਹਲੇ
ਕਿਵੇਂ ਝੂਠ ਸੱਚ ਨੂੰ ਤੋਲਦਾ।
ਮੈ ਮਾਇਆ ਦਾ ਰੂਪ…
ਚੋਰ ਕਰਦੇ ਨੇ ਮੈਨੂੰ ਚੋਰੀ
ਅਫਸਰ ਚਾਹੁੰਦੇ ਰਿਸ਼ਵਤਖੋਰੀ
ਲੀਡਰ ਪਾਉਂਦੇ ਗਿਫਟ ਦੀ ਮੋਰੀ
ਬਿਮਾਰੀ ਰਾਹੀਂ ਹਾਂ ਭਾਜੀ ਮੋੜਦਾ।
ਮੈਂ ਮਾਇਆ ਦਾ ਰੂਪ….
ਭਾਈ ਵੰਡੀ ‘ਚ ਹਿੱਕ ਤਾਣ ਤਣਿਆ
ਕਿਤੇ ਦਾਜ ਰੂਪੀ ਦੈਂਤ ਬਣਿਆ
ਵਿੱਚ ਕਚਹਿਰੀ ਜੱਦ ਮੈਂ ਠਨਿਆਂ
ਫਿਰ ਕਿਸਮਤ ਬੰਦਾ ਫਰੋਲਦਾ।
ਮੈਂ ਮਾਇਆ ਦਾ ਰੂਪ….
ਜੋ ਹੱਕ ਸੱਚ ਨਾਲ ਮੈਨੂੰ ਪਾਵੇ
ਮਿੱਟੀ ਵਿੱਚ ਕਿਸਾਨ ਉਗਾਵੇ
ਦੇਸ਼ ਲਈ ਬਾਰਡਰ ‘ਤੇ ਜਵਾਨ ਜਾਵੇ
‘ਵਿੰਦਰਾ’ ਦੁੱਖ ਮੈਂ ਉਹਦਾ ਤੋੜਦਾ।
ਮੈਂ ਮਾਇਆ ਦਾ ਰੂਪ ਬੋਲਦਾ।
ਸੁਖਵਿੰਦਰ ਸਿੰਘ ਤਾਰ ਬਾਬੂ,
ਸਮਾਣਾ, ਪਟਿਆਲਾ।
ਮੋ. 98157-90004
ਮੇਰਾ ਯਕੀਨ
ਉਹ ਰਾਜੀ ਲੱਗੇ ਤੇ
ਕਦੇ ਗਮਗੀਣ ਹੋਵੇ ,
ਉਹ ਕਦੇ ਅਕਾਸ਼ ਤੇ
ਕਦੇ ਉਹ ਜ਼ਮੀਨ ਹੋਵੇ ।
ਦੁੱਖ ‘ਚ ਹੋਵੇ ਕੋਈ,
ਰਹੇ ਰਾਤਾਂ ਨੂੰ ਜਾਗਦੀ,
ਹਾਰੇ ਨਾ ਅੱਕੇ, ਥੱਕੇ,
ਉਹ ਜਿਵੇਂ ਮਸ਼ੀਨ ਹੋਵੇ
ਕਿਵੇਂ ਜਰਦੀ ਦੁੱਖਾਂ ਨੂੰ,
ਕਿੱਥੋਂ ਹੌਂਸਲੇ ਘੜਦੀ,
ਉਹ ਰਚਨਾ ਰੱਬ ਦੀ,
ਜਿਵੇਂ ਕਲਾ ਮਹੀਨ ਹੋਵੇ।
ਮੈਨੂੰ ਪਹਾੜੋਂ ਉੱਚੀ ਤੇ,
ਸਮੁੰਦਰੋਂ ਡੂੰਘੀ ਜਾਪੇ,
ਤੋਹਫਾ ਕੁਦਰਤ ਦਾ ਜਿਉਂ,
ਖੂਬਸੂਰਤ ਤੇ ਹਸੀਨ ਹੋਵੇ।
ਮਾਂ ਦੇ ਪੈਰਾਂ ਵਿੱਚ,
ਸਵਰਗਾਂ ਦੇ ਨਜ਼ਾਰੇ,
ਰੱਬ ਤੋਂ ਉੱਚਾ ਰੁਤਬਾ ,
ਇਹ ਮੇਰਾ ਯਕੀਨ ਹੋਵੇ।
ਗੁਰਵਿੰਦਰ ਗੁਰੂ,
ਕੈਂਪਰ, ਦਿੜਬਾ, ਮੋ. 98150-69800
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.