ਵਿਦਿਆਰਥੀ ਜੀਵਨ ਨੂੰ ਸਫਲ ਬਣਾਉਣ ਲਈ ਖੇਡਾਂ ਜ਼ਰੂਰੀ

ਵਿਦਿਆਰਥੀ ਜੀਵਨ ਨੂੰ ਸਫਲ ਬਣਾਉਣ ਲਈ ਖੇਡਾਂ ਜ਼ਰੂਰੀ

ਵਿਦਿਆਰਥੀ ਜੀਵਨ ਵਿੱਦਿਆ ਪ੍ਰਾਪਤੀ ਦਾ ਸੁਨਹਿਰੀ ਮੌਕਾ ਹੈ। ਇਸੇ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰਕੇ ਜੀਵਨ ਵਿੱਚ ਸਫਲ ਹੋ ਸਕਣ ਪਰ ਪੜ੍ਹਾਈ ਕਰਨ ਲਈ ਤੰਦਰੁਸਤ ਸਰੀਰ ਦੀ ਲੋੜ ਹੁੰਦੀ ਹੈ। ਅਰੋਗ ਰਹਿਣ ਲਈ ਚੰਗੀ ਖ਼ੁਰਾਕ ਤੇ ਖੇਡਾਂ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ ।

Sports Student life

ਖੇਡਾਂ ਦੀ ਮਹਾਨਤਾ:

ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬੜੀ ਮਹਾਨਤਾ ਹੈ। ਇਹ ਦਿਨ ਭਰ ਦੇ ਦਿਮਾਗੀ ਤੇ ਸਰੀਰਕ ਥਕੇਵੇਂ ਨੂੰ ਦੂਰ ਕਰਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ। ਸੰਸਾਰ ਦੇ ਉੱਨਤ ਦੇਸ਼ ਖੇਡਾਂ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਕਾਰਨ ਹਰ ਦੇਸ਼ ਵਿੱਚ ਵਧੀਆ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਓਲੰਪਿਕ ਖੇਡਾਂ ਵਿੱਚ ਸੰਸਾਰ ਭਰ ਦੇ ਪ੍ਰਸਿੱਧ ਖਿਡਾਰੀ ਆਪਣੀਆਂ ਖੇਡਾਂ ਰਾਹੀਂ ਤਮਗੇ ਹਾਸਲ ਕਰਦੇ ਹਨ ।

Sports are essential to a successful student life

ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ। ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ। ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ।

Sports are essential to a successful student life

ਜੇ ਸਰੀਰ ਅਰੋਗ ਹੈ ਤਾਂ ਦਿਮਾਗ਼ ਵੀ ਚੁਸਤ-ਦਰੁਸਤ ਰਹਿੰਦਾ ਹੈ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ। ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ‘ਤੇ ਰੌਣਕ ਛਾ ਜਾਂਦੀ ਹੈ। ਪਸੀਨਾ ਨਿੱਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ। ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।

ਦਿਲ-ਪ੍ਰਚਾਵੇ ਦਾ ਸਾਧਨ:

ਖੇਡਾਂ ਦਿਲ-ਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ। ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ। ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ। ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ। ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ।

ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ। ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂਅ ਤੇ ਪ੍ਰਸਿੱਧੀ ਹਾਸਲ ਕਰਦੇ ਹਨ। ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ‘ਤੇ ਨੌਕਰੀਆਂ ਕਰ ਰਹੇ ਹਨ ।

ਸਕੂਲਾਂ ਵਿੱਚ ਖੇਡਾਂ ਦੀ ਸਿਖਲਾਈ:

ਅੱਜ-ਕੱਲ੍ਹ ਤਾਂ ਹਰ ਸਕੂਲ ਵਿੱਚ ਹਰ ਖੇਡ ਦੀ ਸਿਖਲਾਈ ਦੇਣ ਲਈ ਕੋਚ ਲਾਏ ਹੁੰਦੇ ਹਨ ਜੋ ਬੱਚਿਆਂ ਨੂੰ ਸਹੀ ਤਰੀਕੇ ਨਾਲ ਖੇਡਣ ਦੀ ਜਾਚ ਸਿਖਾਉਂਦੇ ਹਨ। ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਦਿਲਚਸਪੀ ਲੈਣੀ ਚਾਹੀਦੀ ਹੈ।
ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸ਼ਚਿਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ। ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.