ਕਿਸਾਨਾਂ ਦੀ ਗੱਲ ਕੇਂਦਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਏ ਜਾਣ ਪਿੱਛੋਂ ਛੱਡਿਆ
ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜ਼ਨ ਕਾਲੀਆ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ ਤੇ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਵੱਡੀ ਗਿਣਤੀ ਪੁਲਿਸ ਮੌਕੇ ‘ਤੇ ਪੁੱਜ ਗਈ।
ਘੇਰਾਬੰਦੀ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿੱਥੇ ਕੇਂਦਰੀ ਹਕੂਮਤ ਦੁਆਰਾ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕਿਸਾਨ ਸੰਘਰਸ਼ ਸ਼ੁਰੂ ਕੀਤੇ ਹੋਏ ਹਨ ਉਥੇ ਹੀ ਭਾਜਪਾ ਆਗੂਆਂ ਨੂੰ ਚੇਤਾਵਨੀ ਵੀ ਦੇ ਰੱਖੀ ਹੈ ਕਿ ਜੇਕਰ ਉਹ ਲੋਕਾਂ ‘ਚ ਆਏ ਤਾਂ ਉਨ੍ਹਾਂ ਦਾ ਹਰ ਥਾਂ ਘਿਰਾਓ ਕੀਤਾ ਜਾਵੇਗਾ ਪ੍ਰੰਤੂ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਮਨੋਰੰਜਨ ਕਾਲੀਆ ਇੱਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਦੇ ਘਰ ਪਹੁੰਚੇ ਹਨ
ਜਿੰਨ੍ਹਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਹੈ। ਕਿਸਾਨ ਆਗੂਆਂ ਚੇਤਾਵਨੀ ਦਿੱਤੀ ਕਿ ਜਿੰਨਾਂ ਚਿਰ ਆਪਣੇ ਲਿਆਂਦੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਉਨਾਂ ਚਿਰ ਇਸੇ ਤਰ੍ਹਾਂ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬੰਦੀ ਬਣਾਏ ਮਨੋਰੰਜਨ ਕਾਲੀਆ ਨੇ ਕਿਸਾਨਾਂ ਦੇ ਧਰਨੇ ‘ਚ ਆ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੀ ਮੰਗ ਕੇਂਦਰ ਸਰਕਾਰ ਤੱਕ ਪੁੱਜਦੀ ਕਰਨਗੇ। ਜਿਸ ਪਿੱਛੋਂ ਕਿਸਾਨਾਂ ਦਾ ਗੁੱਸਾ ਸਾਂਤ ਹੋਇਆ ਅਤੇ ਉਨ੍ਹਾਂ ਮਨੋਰੰਜਨ ਕਾਲੀਆ ਨੂੰ ਨਿਕਲਣ ਦਾ ਰਾਹ ਦਿੱਤਾ। ਜਿਕਰਯੋਗ ਹੈ ਕਿ ਸ੍ਰੀ ਕਾਲੀਆ ਦੇ ਇੱਥੋਂ ਚਲੇ ਜਾਣ ਤੱਕ ਸਥਾਨਕ ਪੁਲਿਸ ਦੇ ਡੀਐਸਪੀ ਰਮਨਿੰਦਰ ਸਿੰਘ ਦਿਆਲ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਥਾਣਾ ਸਦਰ ਦੇ ਐਸਐਚਓ ਬਲਜੀਤ ਸਿੰਘ ਤੇ ਥਾਣਾ ਸਦਰ 2 ਦੇ ਐਸਐਚਓ ਅਜੈਬ ਸਿੰਘ ਭਾਰੀ ਪੁਲਿਸ ਬਲ ਸਮੇਤ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.