ਪਟਿਆਲਾ ਪੁਲਿਸ ਨੇ ‘ਪੁਲਿਸ ਸ਼ਹੀਦੀ ਦਿਵਸ’ ਮੌਕੇ ਲਾਇਆ ਖੂਨਦਾਨ ਕੈਂਪ

ਆਈ.ਜੀ. ਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ ਨੇ ਕੀਤਾ ਖੂਨਦਾਨ

ਪਟਿਆਲਾ, (ਸੱਚ ਕਹੂੰ ਨਿਊਜ਼)। ਹਰ ਸਾਲ 21 ਅਕਤੂਬਰ ਨੂੰ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਂਦੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਮੌਕੇ 60 ਵਾਰ ਤੋਂ ਜ਼ਿਆਦਾ ਵਾਰ ਖੂਨਦਾਨ ਕਰ ਰਹੇ ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਖੂਨ ਦਾਨ ਕੈਂਪ ਲਗਾਉਣ ਸ਼ਲਾਘਾਯੋਗ ਕਦਮ ਹੈ ਅਤੇ ਇਸ ਨਾਲ ਹੋਰਨਾਂ ਨੂੰ ਵੀ ਸਮਾਜ ਭਲਾਈ ਦੇ ਕੰਮਾਂ ‘ਚ ਹਿੱਸਾ ਪਾਉਣ ਦੀ ਪ੍ਰੇਰਨਾ ਮਿਲੇਗੀ।

13ਵੀਂ ਵਾਰ ਖੂਨਦਾਨ ਕਰਨ ਮੌਕੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ‘ਚ ਵਧ ਚੜ੍ਹ ਕੇ ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦੇ ਕਰੋਨਾ ‘ਤੇ ਜਿੱਤ ਪਾਉਣ ਵਾਲੇ 19 ਪੁਲਿਸ ਅਧਿਕਾਰੀਆਂ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਪਲਾਜ਼ਮਾ ਦਾਨ ਕਰਨ ਲਈ ਸੈਂਪਲ ਦਿੱਤਾ ਗਿਆ ਸੀ, ਜਿਸ ਵਿਚੋਂ 5 ਪੁਲਿਸ ਅਧਿਕਾਰੀ ਪਲਾਜ਼ਮਾ ਦੇਣ ਲਈ ਤੰਦਰੁਸਤ ਅਤੇ ਫਿੱਟ ਪਾਏ ਗਏ ਹਨ।

ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆ ਅੱਜ ਪੁਲਿਸ ਹਸਪਤਾਲ ਵਿਖੇ ਡਾਕਟਰ ਸਜੀਲਾ ਖਾਨ ਦੀ ਨਿਗਰਾਨੀ ਹੇਠ ਆਈ.ਪੀ.ਐਸ. ਟਰੇਨੀ  ਮੁਹੰਮਦ ਸਰਫਰਾਜ ਆਲਮ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਖੂਨ ਦਾਨ ਕੀਤੇ ਗਏ 42 ਯੂਨਿਟਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਤਰ  ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.