ਰੇਲ ਪਟੜੀਆਂ ‘ਤੇ ਡਟੇ ਰਹਿਣਗੇ ਕਿਸਾਨ, ਨਹੀਂ ਕਰਨਗੇ ਖ਼ਾਲੀ
ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਲਈ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਲਈ ਤਿਆਰ ਹੋ ਗਈਆਂ ਹਨ।ਇਹ ਫੈਸਲਾ ਅੱਜ ਕਿਸਾਨ ਜਥੇਬੰਦੀਆ ਦੀ ਸਾਂਝੀ ਮੀਟਿੰਗ ‘ਚ ਲਿਆ ਗਿਆ ਕੇਂਦਰ ਨਾਲ ਗੱਲਬਾਤ ਲਈ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਮੀਟਿੰਗ ‘ਚ ਹਿੱਸਾ ਲਵੇਗੀ ਇਸ ਮੀਟਿੰਗ ਵਿੱਚ ਭਾਗ ਲੈਣ ਤੋਂ ਬਾਅਦ 15 ਨੂੰ ਮੁੜ ਤੋਂ ਚੰਡੀਗੜ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਦਿੱਲੀ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਦੀ ਰਣਨੀਤੀ ਤੈਅ ਕੀਤੀ ਜਾਏਗੀ।
ਕਿਸਾਨ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਦੇ ਸਕੱਤਰ ਵਲੋਂ ਹੁਣ ਤੱਕ 2 ਵਾਰ ਸੱਦਾ ਆ ਚੁੱਕਾ ਹੈ। ਪਿਛਲੀ ਚਿੱਠੀ ਵਿੱਚ ਸ਼ਬਦਾਵਲੀ ‘ਤੇ ਇਹਰਾਜ਼ ਦੇਣ ਕਰਕੇ ਉਹ ਮੀਟਿੰਗ ਵਿੱਚ ਭਾਗ ਲੈਣ ਲਈ ਨਹੀਂ ਗਏ ਸਨ, ਜਦੋਂ ਕਿ ਇਸ ਵਾਰ ਚਿੱਠੀ ਵਿੱਚ ਲਿਖਿਆ ਹੋਇਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਜਿਸ ਕਾਰਨ ਉਹ ਗੱਲਬਾਤ ਕਰਨ ਲਈ ਦਿੱਲੀ ਜਾਣ ਲਈ ਤਿਆਰ ਹਨ ਪਰ ਪੰਜਾਬ ਵਿੱਚ ਜਿਸ ਤਰੀਕੇ ਨਾਲ ਅੰਦੋਲਨ ਪਹਿਲਾਂ ਤੋਂ ਚਲ ਰਿਹਾ ਹੈ, ਉਹ ਉਸੇ ਤਰੀਕੇ ਨਾਲ ਹੀ ਚਲਦਾ ਰਹੇਗਾ।
ਉਨਾਂ ਕਿਹਾ ਕਿ ਕਿਸਾਨ ਰੇਲ ਦੀਆਂ ਪਟੜੀਆਂ ‘ਤੇ ਪਹਿਲਾਂ ਵਾਂਗ ਡਟੇ ਰਹਿਣਗੇ ਅਤੇ ਕੋਈ ਵੀ ਰੇਲ ਟ੍ਰੈਕ ਖ਼ਾਲੀ ਨਹੀਂ ਕੀਤਾ ਜਾਏਗਾ, ਇਸ ਸਬੰਧੀ ਫੈਸਲਾ ਦਿੱਲੀ ਮੀਟਿੰਗ ਤੋਂ ਬਾਅਦ ਕੀਤੀ ਜਾਏਗਾ। ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਡਾ ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਜਗਮੋਹਨ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ। ਇਹ ਸਾਰੇ ਕਿਸਾਨ ਆਗੂ ਤੈਅ ਰਣਨੀਤੀ ਤਹਿਤ ਹੀ ਮੀਟਿੰਗ ਦੌਰਾਨ ਬੋਲਣਗੇ।
ਕਿਸਾਨ ਨਹੀਂ ਕਰਦੇ ਹਿੰਸਾ, ਭੜਕਾਉਣ ਦੀ ਕੋਸ਼ਸ਼ ਕਰਦੀ ਆ ਰਹੀ ਐ ਭਾਜਪਾ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਸਮਝਦਾਰ ਹਨ ਅਤੇ ਕਿਸੇ ਵੀ ਤਰਾਂ ਦੀ ਹਿੰਸਕ ਘਟਨਾ ਨੂੰ ਅੰਜਾਮ ਨਹੀਂ ਦੇਣਗੇ, ਉਨ੍ਹਾਂ ਕਿਹਾ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਕੋਈ ਵੀ ਹਿੰਸਕ ਘਟਨਾ ਨਹੀਂ ਕੀਤੀ ਗਈ। ਕਿਸਾਨਾਂ ਵਲੋਂ ਕਾਲੇ ਝੰਡੇ ਦਿਖਾਉਣ ਦੇ ਨਾਲ ਹੀ ਨਾਅਰੇਬਾਜ਼ੀ ਜਰੂਰ ਕੀਤੀ ਜਾ ਰਹੀ ਹੈ ਪਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਕਿਸਾਨ ਸੋਚ ਵੀ ਨਹੀਂ ਸਕਦੇ।
5 ਨਵੰਬਰ ਨੂੰ ਦੇਸ਼ ਭਰ ‘ਚ ਰਹੇਗਾ 10 ਤੋਂ 4 ਵਜੇ ਤੱਕ ਚੱਕਾ ਜਾਮ
ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਦੇਸ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਮੀਟਿੰਗ ਦੌਰਾਨ 5 ਨਵੰਬਰ ਨੂੰ ਦੇਸ਼ ਪੱਧਰੀ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਚੱਕਾ ਜਾਮ ਸਵੇਰੇ 10 ਵਜੇ ਸ਼ੁਰੂ ਕਰਕੇ ਸ਼ਾਮ 4 ਵਜੇ ਤੱਕ ਕੀਤਾ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.