ਕਿਸਾਨਾਂ ਨੇ ਸੰਘਰਸ਼ ‘ਚ ਤਿੱਖਾ ਬੋਲਿਆ ਤਾਂ ਸੀਸੀਆਈ ਨੇ ਮਿੰਟੋ-ਮਿੰਟੀ ਨਰਮਾ ਤੋਲਿਆ

15 ਫੀਸਦੀ ਨਮੀ ਵਾਲੇ ਨਰਮੇ ਨੂੰ ਖ੍ਰੀਦਣ ਤੋਂ ਭੱਜ ਰਹੇ ਸੀ ਸੀਸੀਆਈ ਅਧਿਕਾਰੀ

ਬਠਿੰਡਾ/ਮੌੜ ਮੰਡੀ, (ਸੁਖਜੀਤ ਮਾਨ) ਨਰਮੇ ਦੀ ਖ੍ਰੀਦ ਦੌਰਾਨ ਵੱਧ ਨਮੀ ਦੀ ਗੱਲ ਕਹਿ ਕੇ ਖ੍ਰੀਦ ਤੋਂ ਦੂਰ ਰਹਿ ਰਹੀ ਸੀਸੀਆਈ (ਕਾਟਨ ਕਾਰਪੋਰੇਸ਼ਨ ਆਫ ਇੰਡੀਆ) ਖਿਲਾਫ਼ ਕਿਸਾਨ ਇੱਕਜੁਟ ਹੋਣ ਲੱਗੇ ਹਨ ਖ੍ਰੀਦ ਅਧਿਕਾਰੀ ਨਰਮੇ ਨੂੰ ਆਪਣੇ ਮਾਪਦੰਡਾਂ ‘ਤੇ ਖਰ੍ਹਾ ਨਾ ਉੱਤਰਨ ਦੀ ਗੱਲ ਕਹਿਕੇ ਟਾਲਾ ਵੱਟ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਮੰਡੀ ਵੱਲੋਂ ਨਾਇਬ ਤਹਿਸੀਲਦਾਰ ਦਾ ਦੇਰ ਰਾਤ 8 ਵਜੇ ਤੱਕ ਘਿਰਾਓ ਕਰੀ ਰੱਖਿਆ ਅਧਿਕਾਰੀਆਂ ਵੱਲੋਂ ਖ੍ਰੀਦ ਦੇ ਦਿੱਤੇ ਗਏ ਭਰੋਸੇ ਮਗਰੋਂ ਨਾਇਬ ਤਹਿਸੀਲਦਾਰ ਨੂੰ ਦਫ਼ਤਰ ‘ਚੋਂ ਬਾਹਰ ਕੱਢਿਆ ਗਿਆ ਤੇ ਅੱਜ ਅਧਿਕਾਰੀਆਂ ਨੇ ਵਾਅਦੇ ਮੁਤਾਬਿਕ ਨਰਮੇ ਦੀ ਖ੍ਰੀਦ ਵੀ ਕੀਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਅਤੇ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਰਮੇ ਦਾ ਸਮਰਥਨ ਮੁੱਲ 5725 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਹੈ ਪਰ ਨਾਲ ਹੀ ਸਰਕਾਰ ਨੇ ਨਮੀ ਦੀਆਂ ਸਖਤ ਸਰਤਾਂ ਮੜ ਦਿੱਤੀਆਂ ਹਨ । ਨਰਮੇ ਦੀ ਖਰੀਦ 8 ਪ੍ਰੀਤਸਤ ਨਮੀ ਤੇ 5725 ਅਤੇ 12 ਪ੍ਰਤੀਸਤ ਨਮੀ ਤੇ 5496 ਰੁਪਏ ਕੁਇੰਟਲ ਦੀ ਸਰਤ ਰੱਖੀ ਹੈ  ਇਸ ਤੋਂ ਵੱਧ ਨਮੀ ਵਾਲਾ ਨਰਮਾ ਸਰਕਾਰੀ ਖਰੀਦ ਏਜੰਸੀ ਸੀਸੀਆਈ ਵੱਲੋਂ ਖਰੀਦਣ ਦੀ ਰੋਕ ਲਾਈ ਹੋਈ ਹੈ।

ਜਦੋਂ ਹੁਣ ਕਿਸਾਨ ਮੰਡੀ ਵਿੱਚ ਨਰਮਾ ਲੈ ਕੇ ਆਉਂਦੇ ਹਨ ਤਾਂ ਨਰਮੇਂ ਵਿੱਚ ਨਮੀ 12 ਪ੍ਰਤੀਸਤ ਤੋਂ ਜ਼ਿਆਦਾ ਨਮੀਂ ਆ ਰਹੀ ਹੈ ਜਿਸ ਕਾਰਨ ਸਰਕਾਰ ਵੱਲੋਂ ਨਰਮੇ ਦੀ ਖਰੀਦ ਨਹੀਂ ਕੀਤੀ ਜਾ ਰਹੀ । ਕਿਸਾਨ ਆਗੂਆਂ ਨੇ ਦੱਸਿਆ ਕਿ ਅਖੀਰ ਕਿਸਾਨਾਂ ਨੂੰ ਆਪਣਾ ਨਰਮਾ ਪ੍ਰਾਈਵੇਟ ਵਪਾਰੀਆਂ ਨੂੰ ਇਕ ਹਜਾਰ ਰੁਪਏ ਪ੍ਰਤੀ ਕਇੰਟਲ ਘਾਟੇ ਨਾਲ ਵੇਚਣਾ ਪੈ ਰਿਹਾ ਹੈ। 8 ਅਕਤੂਬਰ ਨੂੰ ਜਦੋਂ ਕਿਸਾਨ ਨਰਮਾ ਵੇਚਣ ਆਏ ਤਾਂ ਸੀਸੀਆਈ ਦੇ ਇੰਸਪੈਕਟਰ ਵੱਲੋਂ ਸਿਰਫ ਇਕ ਢੇਰੀ ਖਰੀਦ ਕੇ ਜਵਾਬ ਦੇ ਦਿੱਤਾ ਗਿਆ ਜਦੋਂ ਕਿ 9 ਅਕਤੂਬਰ ਨੂੰ ਐਸਡੀਐਮ ਵੱਲੋਂ ਮੰਡੀ ਵਿੱਚ ਪਿਆ ਸਾਰਾ ਨਰਮਾ ਸਰਕਾਰੀ ਭਾਅ ਤੇ ਖਰੀਦਣ ਦਾ ਵਿਸਵਾਸ ਦਿਵਾਇਆ ਗਿਆ ਸੀ ।

9 ਅਕਤੂਬਰ ਨੂੰ ਵੀ ਨਰਮੇ ਦੀ ਖਰੀਦ ਨਾ ਕਰਨ ਤੇ ਕੱਲ੍ਹ ਕਿਸਾਨਾਂ ਵੱਲੋਂ ਨਾਇਬ ਤਹਿਸੀਲਦਾਰ ਦਾ 3 ਵਜੇ ਘਿਰਾਓ ਕਰ ਲਿਆ ਤਾਂ 8 ਵਜੇ ਤਹਿਸੀਲਦਾਰ ਅਤੇ ਡੀਐਸਪੀ ਮੌੜ ਵੱਲੋਂ ਵਿਸਵਾਸ ਦਿਵਾਇਆ ਗਿਆ ਸੀ ਕਿ 10 ਅਕਤੂਬਰ ਨੂੰ 15 ਪ੍ਰਤੀਸਤ ਤੱਕ ਨਮੀ ਵਾਲਾ ਨਰਮਾ ਖਰੀਦਿਆ ਜਾਵੇਗਾ । ਅੱਜ ਕਿਸਾਨ ਜਥੇਬੰਦੀ ਵੱਲੋਂ ਆਪਣੇ ਵਰਕਰਾਂ ਸਮੇਤ ਦਾਣਾ ਮੰਡੀ ਵਿਚ ਆ ਕੇ 15 ਪ੍ਰਤੀਸਤ ਨਮੀ ਵਾਲੇ ਸਾਰੇ ਨਰਮੇ ਦੀ ਖਰੀਦ ਕਰਵਾ ਦਿੱਤੀ। ਅੱਜ ਦੇ ਇਕੱਠ ਵਿੱਚ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ, ਅੰਮ੍ਰਿਤਪਾਲ ਸਿੰਘ ਮੌੜ ਚੜ੍ਹਤ ਸਿੰਘ, ਗੁਰਪ੍ਰੀਤ ਸਿੰਘ, ਭਿੰਦਰ ਸਿੰਘ ਭਾਈ ਬਖਤੌਰ ਵੀ ਸਾਮਲ ਸਨ।

ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿਆਂਗੇ : ਆਗੂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਆਖਿਆ ਕਿ ਪਹਿਲਾਂ ਹੀ ਕਰਜ਼ੇ ਸਮੇਤ ਹੋਰ ਖੇਤੀ ਲਾਗਤਾਂ ਦੇ ਬੋਝ ਹੇਠ ਦਬੇ ਕਿਸਾਨਾਂ ਨੂੰ ਉੱਪਰੋਂ ਹੁਣ ਖੇਤੀ ਕਾਨੂੰਨਾਂ ਦਾ ਸੰਕਟ ਝੱਲਣਾ ਪੈ ਰਿਹਾ ਹੈ ਆਗੂਆਂ ਨੇ ਆਖਿਆ ਕਿ ਭਾਵੇਂ ਉਹ ਖੇਤੀ ਕਾਨੂੰਨਾਂ ਦੇ ਸੰਘਰਸ਼ ‘ਚ ਕੁੱਦੇ ਹੋਏ ਹਨ ਪਰ ਇਸਦੇ ਨਾਲ-ਨਾਲ ਉਹ ਅਨਾਜ ਮੰਡੀਆਂ ‘ਚ ਵੀ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣਗੇ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਵੀ ਸੀਸੀਆਈ ਨੇ ਨਰਮਾ ਖ੍ਰੀਦਣ ਤੋਂ ਮੂੰਹ ਫੇਰਿਆ ਤਾਂ ਫਿਰ ਸੰਘਰਸ਼ ਕੀਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.