ਵਿਰੋਧੀ ਬੋਲੇ ਲੋਕ ਮੁੱਦਿਆਂ ਦਾ ਕੀ ਹੋਵੇਗਾ?
Haryana Assembly | ਬੀਏਸੀ ਦੀ ਮੀਟਿੰਗ ‘ਚ ਹੋਏ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਸਨ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। 3 ਦਿਨਾਂ ਤੱਕ ਚੱਲਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਕੋਵਿਡ-19 ਦੀ ਮਹਾਂਮਾਰੀ ਦੇ ਚੱਲਦਿਆਂ ਇੱਕ ਦਿਨ ‘ਚ ਹੀ ਖਤਮ ਕਰ ਦਿੱਤਾ ਗਿਆ
ਵਿਧਾਨ ਸਭਾ ਸੈਸ਼ਨ ਦੀ ਕਾਰਵਾਈ 1 ਦਿਨ ਤੱਕ ਸੀਮਤ ਕੀਤੇ ਜਾਣ ਦੇ ਫੈਸਲੇ ਸਬੰਧੀ ਵਿਧਾਨ ਸਭਾ ਦੇ ਸਦਨ ‘ਚ ਕਾਂਗਰਸ ਦੇ ਵਿਧਾਇਕਾਂ ਦੇ ਨਾਲ-ਨਾਲ ਇਨੈਲੋ ਦੇ ਇੱਕੋ-ਇੱਕ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਵੀ ਜੰਮ ਕੇ ਹੰਗਾਮਾ ਕੀਤਾ। ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰਤੂ ਜਦੋਂ ਉਹ ਨਾ ਮੰਨੇ ਤਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਬਚਾਅ ਕਰਦਿਆਂ ਵਿਧਾਇਕਾਂ ਨੂੰ ਸ਼ਾਂਤ ਕਰਨ ਦੇ ਨਾਲ ਇਹ ਵੀ ਵਾਅਦਾ ਕੀਤਾ ਕਿ ਜਿਵੇਂ ਹੀ ਕੋਵਿਡ-19 ਦੀ ਮਹਾਂਮਾਰੀ ਖਤਮ ਹੋ ਜਾਂਦੀ ਹੈ ਤੇ ਹਾਲਾਤ ਆਮ ਹੋ ਜਾਣਗੇ ਤਾਂ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੇ ਨਾਲ-ਨਾਲ ਸਾਰੇ ਵਿਧਾਇਕਾਂ ਵੱਲੋਂ ਚੁੱਕੇ ਜਾਣ ਵਾਲੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ।
ਵਿਧਾਨ ਸਭਾ ਸਦਨ ‘ਚ ਕਾਫ਼ੀ ਗਰਮਾ-ਗਰਮੀ
ਵਿਧਾਨ ਸਭਾ ਸਦਨ ‘ਚ ਕਾਫ਼ੀ ਗਰਮਾ-ਗਰਮੀ ਦਰਮਿਆਨ ਭੁਪਿੰਦਰ ਸਿੰਘ ਹੁੱਡਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਤਰਕ ਰੱਖਦਿਆਂ ਛੇਤੀ ਹੀ ਮੁੜ ਸੈਸ਼ਨ ਬੁਲਾਉਣ ਦੀ ਮੰਗ ਕਰ ਦਿੱਤੀ ਬੁੱਧਵਾਰ ਨੂੰ ਸਿਰਫ਼ 1 ਦਿਨ ਦੇ ਇਸ ਵਿਧਾਨ ਸਭਾ ਸੈਸ਼ਨ ‘ਚ ਵਿੱਛੜੀਆਂ ਆਤਮਾਂ ਨੂੰ ਸ਼ਰਧਾਂਜਲੀਆਂ ਦੇਣ ਦੇ ਨਾਲ-ਨਾਲ ਕੁਝ ਬਿੱਲ ਵੀ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਸੈਸ਼ਨ ‘ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।ਵਿਧਾਨ ਸਭਾ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ 1 ਦਿਨ ਚੱਲਣ ਵਾਲੇ ਸੈਸ਼ਨ ‘ਚ ਨਾ ਹੀ ਪ੍ਰਸ਼ਨ ਕਾਲ ਹੋਏ ਤੇ ਨਾ ਹੀ ਕਾਲ ਅਟੈਨਸ਼ਨ ਮੋਸ਼ਨ ‘ਤੇ ਕੋਈ ਜਵਾਬ ਦਿੱਤਾ ਗਿਆ ਹੈ।
ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ‘ਚ ਸੱਤਾਧਿਰ ਤੇ ਵਿਰੋਧੀਆਂ ਵੱਲੋਂ ਵਿੱਛੜੀਆਂ ਆਤਮਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਰਕਾਰ ਵੱਲੋਂ ਜ਼ਰੂਰੀ ਕੰਮਕਾਜ ਕੀਤਾ ਗਿਆ ਤੇ ਉਸ ਤੋਂ ਤੁਰੰਤ ਬਾਅਦ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
‘ਕਰੱਪਸ਼ਨ ਇਨ ਕੋਵਿਡ’ ਲਿਖਿਆ ਨਜ਼ਰ ਆਇਆ ਕਾਂਗਰਸ ਦੇ ਮਾਸਕ ‘ਤੇ
ਹਰਿਆਣਾ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਏ ਕਾਂਗਰਸ ਦੇ ਵਿਧਾਇਕਾਂ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇੱਕ ਵੱਖਰੇ ਤਰੀਕੇ ਨਾਲ ਵਿਰੋਧ ਕਰਨ ਦਾ ਨਜ਼ਾਰਾ ਵਿਖਾਈ ਦਿੱਤਾ। 1 ਦਿਨ ਦੇ ਵਿਧਾਨ ਸਭਾ ਸੈਸ਼ਨ ‘ਚ ਜ਼ਿਆਦਾਤਰ ਬੋਲਣ ਨੂੰ ਕੁਝ ਮਿਲਣਾ ਨਹੀਂ ਸੀ। ਇਸ ਦੇ ਚੱਲਦੇ ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਸਪੈਸ਼ਲ ਮਾਸਕ ਬਣਾ ਕੇ ਦਿੱਤੇ ਗਏ, ਜਿਸ ‘ਤੇ ਲਿਖਿਆ ਹੋਇਆ ਸੀ।
‘ਕਰੱਪਸ਼ਨ ਇਨ ਕੋਵਿਡ’ ਕਾਂਗਰਸ ਦੀ ਇਸ ਰਣਨੀਤੀ ‘ਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕੋਵਿਡ-19 ਦੇ ਬਾਵਜ਼ੂਦ ਵੀ ਹਰਿਆਣਾ ਸੂਬੇ ‘ਚ ਕਰੱਪਸ਼ਨ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਤੇ ਇਸ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਨਾ ਹੀ ਕੁਝ ਕੀਤਾ ਹੈ ਤੇ ਨਾ ਹੀ ਦੋਸ਼ੀਆਂ ਨੂੰ ਫੜਿਆ ਹੈ। ਜਿਹੇ ਦਰਜਨਾਂ ਮਾਮਲੇ ਪਿਛਲੇ ਦਿਨੀਂ ਸਾਹਮਣੇ ਆ ਚੁੱਕੇ ਹਨ ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚੱਲਦੇ ਅੱਜ ਵਿਧਾਨ ਸਭਾ ‘ਚ ਜ਼ਿਆਦਾ ਚਰਚਾ ਨਹੀਂ ਹੋਣੀ ਸੀ ਅਜਿਹੇ ‘ਚ ਉਨ੍ਹਾਂ ਨੇ ਆਪਣਾ ਵਿਰੋਧ ਪ੍ਰਗਟਾਉਂਦਿਆਂ ਗੱਲ ਰੱਖਣ ਲਈ ਮਾਸਕ ਦਾ ਸਹਾਰਾ ਲਿਆ ਹੈ ਤੇ ਆਪਣੇ ਮਾਸਕ ‘ਤੇ ‘ਕਰੱਪਸ਼ਨ ਇਨ ਕੋਵਿਡ’ ਲਿਖਵਾਇਆ ਹੈ।
Haryana Assembly | ਇਹ ਬਿੱਲ ਹੋਏ ਸਦਨ ‘ਚ ਪਾਸ
- ਹਰਿਆਣਾ ਗ੍ਰਾਮੀਣ ਵਿਕਾਸ ਸੋਧ ਬਿੱਲ 2020
- ਹਰਿਆਣਾ ਲਿਫਟ ਤੇ ਐਕਸੀਲੇਟਰ ਬਿੱਲ 2020
- ਹਰਿਆਣਾ ਨਗਰ ਨਿਗਮ ਸੋਧ ਬਿੱਲ 2020
- ਹਰਿਆਣਾ ਸ਼ਹਿਰੀ ਮਨੋਰੰਜਨ ਫੀਸ ਬਿੱਲ 2020
- ਹਰਿਆਣਾ ਅਗਨੀਸ਼ਮਨ ਸੇਵਾ ਸੋਧ ਬਿੱਲ 2020
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.