ਪੰਜਾਬ ਵਿਧਾਨ ਸਭਾ ਵਿੱਚ ਕਵਰੇਜ਼ ਨਹੀਂ ਕਰ ਸਕਣਗੇ ਪੱਤਰਕਾਰ

Vidhan Sabha

ਪੰਜਾਬ ਭਵਨ ਵਿਖੇ ਕੀਤਾ ਆਰਜ਼ੀ ਬੰਦੋਬਸਤ

  • ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ, ਅੱਜ ਸਪੀਕਰ ਨੂੰ ਮਿਲਦੇ ਹੋਏ ਮੀਡੀਆ ਦੀ ਐਂਟਰੀ ਬਹਾਲ ਕਰਨ ਦੀ ਕਰਨਗੇ ਮੰਗ

ਚੰਡੀਗੜ੍ਹ, (ਅਸ਼ਵਨੀ ਚਾਵਲਾ)| ਪੰਜਾਬ ਵਿਧਾਨ ਸਭਾ ਵਿੱਚ ਹੋਣ ਵਾਲੇ ਇੱਕ ਦਿਨਾਂ ਸੈਸ਼ਨ ਦੌਰਾਨ ਮੀਡੀਆ ਵਿਧਾਨ ਸਭਾ ਵਿੱਚ ਦਾਖ਼ਲ ਨਹੀਂ ਹੋ ਸਕੇਗਾ। ਇਸ ਸਬੰਧੀ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ, ਇਸ ਪਿੱਛੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵੱਲੋਂ 15ਵੀ ਵਿਧਾਨ ਸਭਾ ਦੇ 12ਵੇ ਇਜਲਾਸ ਦੀ ਪ੍ਰੈਸ ਕਵਰੇਜ ਲਈ ਪੰਜਾਬ ਭਵਨ ਚੰਡੀਗੜ੍ਹ ਨੂੰ ਸਦਨ ਦਾ ਅਹਾਤਾ ਘੋਸ਼ਿਤ ਕਰਨ ਸਬੰਧੀ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਇਸ ਲਈ ਪੱਤਰਕਾਰ ਪੰਜਾਬ ਭਵਨ ਵਿਖੇ ਬੈਠ ਕੇ ਹੀ ਵਿਧਾਨ ਸਭਾ ਸੈਸ਼ਨ ਦੀ ਸਾਰੀ ਕਾਰਵਾਈ ਨੂੰ ਨੋਟ ਕਰਨਗੇ।

Punjab Vidhan Sabha

ਪੰਜਾਬ ਵਿਧਾਨ ਸਭਾ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਗਲਤ ਫੈਸਲਾ ਕਰਾਰ ਦਿੰਦੇ ਹੋਏ ਇਸ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਫੈਸਲੇ ਦੇ ਖ਼ਿਲਾਫ਼ ਮੰਗਲਵਾਰ ਨੂੰ ਸਪੀਕਰ ਵਿਧਾਨ ਸਭਾ ਨੂੰ ਮਿਲਦੇ ਹੋਏ ਮੀਡੀਆ ਨੂੰ ਵਿਧਾਨ ਸਭਾ ਵਿੱਚ ਹੀ ਬਿਠਾਉਣ ਦੀ ਮੰਗ ਕਰਨ ਜਾ ਰਹੀ ਹੈ। ਮੁੱਖ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪੰਜਾਬ ਭਵਨ ਵਿਖੇ ਬੈਠ ਕੇ ਪੱਤਰਕਾਰਾਂ ਨੂੰ ਟੀ.ਵੀ. ਰਾਹੀਂ ਸਰਕਾਰੀ ਪੱਖ ਤਾਂ ਦਿਖਾਇਆ ਜਾਵੇਗਾ ਅਤੇ ਇਸ ਦੀ ਕੀ ਗਰੰਟੀ ਹੈ ਕਿ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਦਿਖਾਇਆ ਜਾਵੇ। ਇਹ ਨਾ ਸਿਰਫ਼ ਪ੍ਰੈਸ ਦਾ ਅਜ਼ਾਦੀ ‘ਤੇ ਹਮਲਾ ਹੈ, ਬਲਕਿ ਵਿਰੋਧੀ ਧਿਰਾਂ ਦੀ ਅਵਾਜ਼ ਦਬਾਉਣ ਦੀ ਵੀ ਕੋਸ਼ਸ਼ ਹੈ।

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਪੱਤਰਕਾਰਾਂ ਦਾ ਕੋਵਿਡ-19 ਟੈਸਟ ਹੋਣਾ ਹੀ ਹੈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਤੈਅ ਮਾਪਦੰਡਾਂ ਤਹਿਤ ਬਿਠਾਉਣ ਦਾ ਕੀ ਹਰਜ਼ ਹੈ? ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਦੀ ਕਵਰੇਜ਼ ਕਰਨ ਵਾਲੇ ਸਾਰੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਸਿਰਫ਼ ਨੈਗੇਟਿਵ ਰਿਪੋਰਟ ਵਾਲੇ ਪੱਤਰਕਾਰ ਨੂੰ ਹੀ ਪੰਜਾਬ ਭਵਨ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.