26 ਜੂਨ ਤੋਂ ਲਗਾਤਾਰ ਚਲਦੇ ਆ ਰਹੇ ਹਨ ਨਰਾਜ਼, 25 ਦਿਨ ਤੋਂ ਬਣਾਈ ਹੋਈ ਸੀ ਸਰਕਾਰ ਤੋਂ ਦੂਰੀ
ਸਟਾਫ਼ ਵੀ ਕੀਤਾ ਰਲੀਜ ਤਾਂ ਸਰਕਾਰੀ ਗੱਡੀ ਸਣੇ ਸੁਰਖਿਆ ਕਰਮਚਾਰੀਆਂ ਨੂੰ ਭੇਜਿਆ ਵਾਪਸ
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਇੱਕ ਵਾਰ ਫਿਰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਵਾਰ ਅਸਤੀਫ਼ਾ ਦੇਣ ਤੋਂ ਬਾਅਦ ਸੁਰੇਸ਼ ਕੁਮਾਰ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਵਾਪਸੀ ਨਹੀਂ ਕਰਨਗੇ, ਜਦੋਂ ਕਿ ਪਹਿਲਾਂ 2 ਵਾਰੀ ਅਸਤੀਫ਼ਾ ਦੇਣ ਤੋਂ ਬਾਅਦ ਉਹ ਅਮਰਿੰਦਰ ਸਿੰਘ ਦੇ ਮਨਾਉਣ ਤੋਂ ਬਾਅਦ ਸਰਕਾਰੀ ਕੰਮਕਾਜ ‘ਤੇ ਵਾਪਸ ਆ ਗਏ ਸਨ। ਇਸ ਵਾਰ ਸੁਰੇਸ਼ ਕੁਮਾਰ ਕਾਫ਼ੀ ਜਿਆਦਾ ਨਰਾਜ਼ ਸਨ ਅਤੇ ਪਿਛਲੇ 25 ਦਿਨ ਤੋਂ ਹੀ ਸਰਕਾਰ ਵਿੱਚ ਕੋਈ ਜਿਆਦਾ ਕੰਮਕਾਜ ਨਹੀਂ ਕਰ ਰਹੇ ਸਨ। ਇਥੋ ਤੱਕ ਕਿ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਵੀ ਮਿਲਣਾ ਬੰਦ ਕੀਤਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਨੇ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਆਪਣੇ ਇਸ ਫੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਨਾਂ ਨੇ ਆਪਣਾ ਅਸਤੀਫ਼ਾ ਭੇਜ ਦਿੱਤਾ।
ਸੁਰੇਸ਼ ਕੁਮਾਰ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਅਚਾਨਕ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵਿੱਚ ਮਾਹੌਲ ਕਾਫ਼ੀ ਜਿਆਦਾ ਗਰਮ ਹੋ ਗਿਆ ਹੈ, ਕਿਉਂਕਿ ਕਈ ਤਰਾਂ ਦੀਆਂ ਚਰਚਾਵਾਂ ਦੇ ਨਾਲ ਹੀ ਵੱਡੇ ਫੇਰਬਦਲ ਦੀ ਸ਼ੰਕਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ 26 ਜੂਨ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਸੁਰੇਸ਼ ਕੁਮਾਰ ਦੇ ਕਰੀਬੀ ਅਧਿਕਾਰੀ ਨੂੰ ਮੁੱਖ ਅਹੁਦੇ ਤੋਂ ਹਟਾਉਂਦੇ ਹੋਏ ਕਿਸੇ ਹੋਰ ਅਧਿਕਾਰੀ ਦੀ ਤੈਨਾਤੀ ਕਰ ਦਿੱਤੀ ਗਈ ਸੀ। ਹਾਲਾਂਕਿ ਇਸ ਮਾਮਲੇ ਵਿੱਚ ਸੁਰੇਸ਼ ਕੁਮਾਰ ਵਲੋਂ ਕਦੇ ਵੀ ਨਰਾਜ਼ਗੀ ਜ਼ਾਹਿਰ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਉਨਾਂ ਦੇ ਕਰੀਬੀ ਅਧਿਕਾਰੀ ਦੀ ਵਿਦਾਇਗੀ ਕੀਤੀ ਗਈ ਸੀ, ਉਸ ਤੋਂ ਉਹ ਖੁਸ਼ ਨਹੀਂ ਸਨ।
ਦੱਸਿਆ ਜਾ ਰਿਹਾ ਹੈ ਕਿ 26 ਜੂਨ ਤੋਂ ਹੀ ਸੁਰੇਸ਼ ਕੁਮਾਰ ਮੁਕੰਮਲ ਤੌਰ ‘ਤੇ ਪੰਜਾਬ ਸਰਕਾਰ ਦੇ ਕੰਮਕਾਜ ਤੋਂ ਦੂਰੀ ਬਣਾ ਚੁੱਕੇ ਸਨ। ਇਸ ਦੌਰਾਨ ਕਈ ਸੀਨੀਅਰ ਅਧਿਕਾਰੀਆਂ ਨੇ ਸੁਰੇਸ਼ ਕੁਮਾਰ ਨਾਲ ਮੁਲਾਕਾਤ ਕਰਨ ਦੀ ਕੋਸ਼ਸ਼ ਵੀ ਕੀਤੀ ਪਰ ਉਨਾਂ ਨੇ ਕਿਸੇ ਨਾਲ ਵੀ ਮੁਲਾਕਾਤ ਨਹੀਂ ਕੀਤੀ। ਸੁਰੇਸ਼ ਕੁਮਾਰ ਅਚਾਨਕ ਇਕਾਂਤਵਾਸ ਵਿੱਚ ਕਿਉਂ ਚਲੇ ਗਏ ਸਨ, ਇਸ ਸਬੰਧੀ ਕੋਈ ਵੀ ਜਿਆਦਾ ਜਾਣਕਾਰੀ ਦੇਣ ਨੂੰ ਹੀ ਤਿਆਰ ਨਹੀਂ ਹੈ।
ਮੰਗਲਵਾਰ ਨੂੰ ਸਵੇਰੇ ਵੇਲੇ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਕਾਫ਼ੀ ਜਿਆਦਾ ਹਲਚਲ ਮੱਚੀ ਹੋਈ ਸੀ ਅਤੇ ਉਥੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੌਰਾਨ ਜਾਣਕਾਰੀ ਮਿਲੀ ਕਿ ਸ਼ੁਰੇਸ ਕੁਮਾਰ ਵਲੋਂ ਆਪਣੇ ਸਾਰੇ ਸਟਾਫ਼ ਨੂੰ ਰਲੀਵ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਗੱਡੀ ਸਣੇ ਸੁਰਖਿਆ ਕਰਮਚਾਰੀਆਂ ਨੂੰ ਵੀ ਵਾਪਸ ਭੇਜ ਦਿੱਤਾ ਹੈ। ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਕੋਸ਼ਸ਼ ਤਾਂ ਕੀਤੀ ਜਾ ਰਹੀਂ ਹੈ ਪਰ ਇਸ ਵਾਰ ਉਹ ਮੰਨਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ