ਖੇਤੀ ਵਿੰਭਿਨਤਾ ਲਈ ਸਾਉਣੀ ‘ਚ ਮੱਕੀ ਦੀ ਕਾਸ਼ਤ ਕਰੋ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਝੋਨੇ ਦੀ ਫਸਲ ਲਈ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਣ ਕਾਰਨ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਘੱਟ ਸਮੇਂ ਵਿੱਚ ਤੇ ਘੱਟ ਪਾਣੀ ਨਾਲ ਪੱਕਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ ਮੱਕੀ ਵੀ ਇੱਕ ਅਜਿਹੀ ਫਸਲ ਹੈ ਜੋ ਲਗਭਗ 100 ਦਿਨਾਂ ਵਿੱਚ 4-6 ਪਾਣੀਆਂ ਦੀ ਵਰਤੋਂ ਨਾਲ ਪੱਕ ਜਾਂਦੀ ਹੈ ਇਸ ਦੀ ਕਾਸ਼ਤ ਬਰਾਨੀ ਇਲਾਕਿਆਂ ਵਿੱਚ ਵੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ ਸਾਲ 2018-19 ਦੌਰਾਨ, ਪੰਜਾਬ ਵਿੱਚ ਮੱਕੀ ਕਾਸ਼ਤ 109.2 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਤੇ ਇਸ ਦੀ ਕੁੱਲ ਉਪਜ 395.9 ਹਜ਼ਾਰ ਟਨ ਹੋਈ ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ 36.25 ਕੁਇੰਟਲ ਰਿਹਾ ਇਸ ਨੂੰ ਫ਼ੀਡ, ਭੋਜਨ ਤੇ ਚਾਰੇ ਲਈ ਵਰਤਿਆ ਜਾਂਦਾ ਹੈ ਤੇ
ਇਸ ਤੋਂ ਇਲਾਵਾ ਉਦਯੋਗਿਕ ਵਸਤਾਂ ਜਿਵੇਂ ਕਿ ਸਟਾਰਚ, ਤੇਲ, ਪ੍ਰੋਟੀਨ, ਦਵਾਈਆਂ, ਫ਼ਿਲਮ, ਕੱਪੜਾ ਤੇ ਪੇਪਰ ਤਿਆਰ ਕੀਤਾ ਜਾਂਦਾ ਹੈ ਮੱਕੀ ਦੀ ਕਾਸ਼ਤ ਨੂੰ ਜਿਆਦਾ ਲਾਹੇਵੰਦ ਬਣਾਉਣ ਲਈ ਇਸ ਦੀ ਖਾਸ ਵਰਤੋਂ ਜਿਵੇਂ ਕਿ ਸਵੀਟ ਕੌਰਨ (ਮਿੱਠੀ ਮੱਕੀ), ਪੌਪ ਕੌਰਨ ( ਫੁੱਲਿਆਂ ਵਾਲੀ ਮੱਕੀ) ਤੇ ਬੇਬੀ ਕੌਰਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਇਨ੍ਹਾਂ ਲਈ ਪੀਏਯੂ ਵੱਲੋਂ ਖਾਸ ਕਿਸਮਾਂ ਤੇ ਉਤਪਾਦਨ ਤਕਨੀਕਾਂ ਦੀ ਸਿਫਾਰਸ਼ ਕੀਤੀ ਹੋਈ ਹੈ, ਜਿਨ੍ਹਾਂ ਦਾ ਮਿਆਰ ਹਰ ਕੁਆਲਿਟੀ ਪੱਧਰ ‘ਤੇ ਪੂਰਾ ਹੈ ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜਰੂਰੀ ਹੈ:
ਬਿਜਾਈ ਦਾ ਢੰਗ ਤੇ ਬੀਜ ਦੀ ਮਾਤਰਾ:
ਸਿਫ਼ਾਰਸ਼ ਕੀਤੇ ਕਾਸ਼ਤ ਦੇ ਢੰਗ ਅਪਣਾਉਣ ਨਾਲ ਬੂਟਿਆਂ ਦੀ ਪੂਰੀ ਗਿਣਤੀ ਦੇ ਨਾਲ-ਨਾਲ ਬੂਟਿਆਂ ਦਾ ਵਾਧਾ ਵੀ ਜ਼ਿਆਦਾ ਹੁੰਦਾ ਹੈ, ਕਿਸਾਨਾਂ ਦੇ ਖੇਤਾਂ ਵਿੱਚ ਬੂਟਿਆਂ ਦੀ ਗਿਣਤੀ ਘੱਟ ਹੋਣਾ ਘੱਟ ਝਾੜ ਦਾ ਪ੍ਰਮੁੱਖ ਕਾਰਨ ਹੈ ਕਤਾਰ ਤੋਂ ਕਤਾਰ ਬੂਟਿਆਂ ਦਾ ਫ਼ਾਸਲਾ 60 ਸੈਂਟੀਮੀਟਰ ਰੱਖੋ ਦੋ ਹਫ਼ਤਿਆਂ ਤੋਂ ਬੀਜੀ ਫ਼ਸਲ ਵਿੱਚ ਬੂਟੇ ਵਿਰਲੇ ਕਰ ਦਿਉ ਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ ਬੀਜ ਦੀ ਮਾਤਰਾ ਪਰਲ ਪੌਪ ਕੌਰਨ ਲਈ 7 ਕਿੱਲੋ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 8 ਕਿੱਲੋ ਪ੍ਰਤੀ ਏਕੜ ਵਰਤੋਂ ਜ਼ਿਆਦਾ ਸੰਘਣੀ ਬੀਜੀ ਫ਼ਸਲ ‘ਤੇ ਛੱਲੀਆਂ ਘੱਟ ਲੱਗਦੀਆਂ ਹਨ ਤੇ ਝਾੜ ‘ਤੇ ਮਾੜਾ ਅਸਰ ਪੈਂਦਾ ਹੈ
ਖਾਲ਼ੀਆਂ ਵਿੱਚ ਬਿਜਾਈ:
ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿੱਚ ਕੀਤੀ ਜਾ ਸਕਦੀ ਹੈ ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ‘ਚ ਪਾਣੀ ਘੱਟ ਤੇ ਸੌਖਾ ਲੱਗਦਾ ਹੈ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ
ਬੈੱਡ ਜਾਂ ਵੱਟਾਂ ‘ਤੇ ਬਿਜਾਈ:
ਬੈੱਡ ਜਾਂ ਵੱਟਾਂ ‘ਤੇ ਬਿਜਾਈ ਨਾਲ ਮੱਕੀ ਦੇ ਉੱਗਣ ਸਮੇਂ ਜ਼ਿਆਦਾ ਬਾਰਿਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ‘ਤੇ ਕਰੋ, ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂ.ਮੀ. ਰੱਖੋ ਜਾਂ 60 ਸੈਂਮੀ. ਦੀ ਵਿੱਥ ‘ਤੇ ਵੱਟਾਦੇ ਪਾਸੇ ‘ਤੇ 6-7 ਸੈਂਟੀਮੀਟਰ ਦੀ ਉੱਚਾਈ ‘ਤੇ ਬਿਜਾਈ ਕਰੋ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ, ਬੈੱਡ ਬਨਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ
ਖਾਦਾਂ ਦੀ ਵਰਤੋਂ:
ਖੁਰਾਕੀ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਤੇ ਫ਼ਸਲੀ ਚੱਕਰ ਅਨੁਸਾਰ ਕਰੋ ਚੰਗਾ ਝਾੜ ਲੈਣ ਲਈ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 11, ਪੀ ਐਮ ਐਚ 1, ਜੇ ਸੀ 12, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਨੂੰ 110 ਕਿਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ ਤੇ 20 ਕਿਲੋ ਮਿਉਰੇਟ ਆਫ ਪੋਟਾਸ਼ ਦੀ ਵਰਤੋਂ ਕਰੋ, ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀਐਮਐਚ 2 ਅਤੇ ਪਰਲ ਪੌਪ ਕੌਰਨ ਨੂੰ 75 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀਏਪੀ ਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ ਜੇਕਰ ਖੇਤ ਵਿੱਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ਜੇਕਰ ਡੀਏਪੀ 27 ਕਿਲੋ ਜਾਂ 55 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਅਤੇ 20 ਕਿਲੋ ਕ੍ਰਮਵਾਰ ਘਟਾ ਦਿਉ
ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ ਸਾਰੀ ਫਾਸਫੋਰਸ, ਪੋਟਾਸ਼ ਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ ਬਾਕੀ ਦੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱਸਿਆਂ ਵਿਚ ਪਾਉ ਇੱਕ ਹਿੱਸਾ ਉਸ ਵੇਲੇ ਜਦ ਫਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ ਜੇ ਮੱਕੀ ਨੂੰ 6 ਟਨ ਪ੍ਰਤੀ ਏਕੜ ਤੋਂ ਵੱਧ ਚੰਗੀ ਗਲੀ-ਸੜੀ ਰੂੜੀ ਹਰ ਸਾਲ ਪਾਈ ਜਾਵੇ ਤਾਂ ਬਿਜਾਈ ਸਮੇਂ ਮੱਕੀ ਨੂੰ ਕਿਸੇ ਖਾਦ ਦੀ ਲੋੜ ਨਹੀਂ
ਪੱਤਾ ਰੰਗ ਚਾਰਟ:
ਨਾਈਟ੍ਰੋਜਨ ਖਾਦ ਦੀ ਜ਼ਰੂਰਤ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਊ
-ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਅੰਤਰ ‘ਤੇ ਪੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿੱਚ ਮਿਲਾਉਣਾ ਸ਼ੁਰੂ ਕਰੋ ਹਰ ਵਾਰ ਖੇਤ ‘ਚ 10 ਪੌਦਿਆਂ ਦੇ ਉੱਪਰ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ
-ਜਦੋ ਦਸ ਵਿੱਚੋਂ ਛੇ ਜਾਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦਾ ਛੱਟਾ ਦਿਓ
-ਜੇ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਦੇ ਬਰਾਬਰ ਜਾਂ ਗੂੜ੍ਹਾ ਹੋਵੇ ਹੋਰ ਯੂਰੀਆ ਦੀ ਵਰਤੋਂ ਨਾ ਕਰੋ
-ਮੱਕੀ ਦੇ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅੇ ਹੋਰ ਖਾਦ ਨਹੀਂ ਪਾਉਣੀ ਚਾਹੀਦੀ
-ਪੱਤਾ ਰੰਗ ਚਾਰਟ ਦੀ ਵਰਤੋਂ ਸਮੇਂ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਬੂਟਿਆਂ ਦੇ ਪੱਤਿਆਂ ਦਾ ਰੰਗ ਹੀ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਚਾਹੀਦਾ ਹੈ ਫ਼ਸਲ ਨੂੰ ਪਾਣੀ ਦੀ ਔੜ ਨਹੀਂ ਲੱਗਣੀ ਚਾਹੀਦੀ ਤੇ ਬਾਕੀ ਖੁਰਾਕੀ ਤੱਤਾਂ ਦੀ ਵਰਤੋਂ ਵੀ ਸਿਫਾਰਿਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ਪੱਤਾ ਰੰਗ ਚਾਰਟ ਭੂਮੀ ਵਿਗਿਆਨ ਵਿਭਾਗ, ਲੁਧਿਆਣਾ ਜਾਂ ਪਸਾਰ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖਰੀਦਿਆ ਜਾ ਸਕਦਾ ਹੈ
ਨਦੀਨਾਂ ਦੀ ਰੋਕਥਾਮ:
ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ ‘ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ ‘ਤੇ ਮਾੜਾ ਅਸਰ ਪੈਂਦਾ ਹੈ ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀ, ਪੌਸ਼ਟਿਕ ਤੱਤ, ਧੁੱਪ, ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ
ਕਾਸ਼ਤਕਾਰੀ ਢੰਗ:
ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੋ ਤੇ ਇਸ ਨੂੰ ਬੀਜਣ ਤੋਂ 35-45 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ ਇਸ ਪਿੱਛੋਂ ਮੱਕੀ ਵਿੱਚ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ
ਦਵਾਈਆਂ ਦੀ ਵਰਤੋਂ:
ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਐਟਰਾਟਾਫ਼ 50 ਡਬਲਯੂ ਪੀ (ਐਟਰਾਜੀਨ) 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ
ਵਰਤੋ
-ਆਮ ਨਦੀਨਾਂ ਦੀ ਰੋਕਥਾਮ ਲਈ 105 ਮਿ.ਲੀ. ਪ੍ਰਤੀ ਏਕੜ ਲੌਡਿਸ 420 ਐਸ ਸੀ (ਟੈਂਬੋਟਰਾਇਨ) ਦਾ ਛਿੜਕਾਅ 150 ਲਿਟਰ ਪ੍ਰਤੀ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ
-ਡੀਲ਼ੇ-ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਐਸ ਐਲ,400 ਮਿ.ਲੀ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ
ਸਿੰਚਾਈ:
ਆਮ ਤੌਰ ‘ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ ‘ਤੇ ਨਿਰਭਰ ਕਰਦੀ ਹੈ ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਖਾਸ ਕਰਕੇ ਨਿੱਸਰਣ ਤੇ ਸੂਤ ਕੱਤਣ ਸਮੇਂ
ਮੁੱਖ ਕੀੜੇ ਮਕੌੜੇ:
ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਮੁੱਖ ਤੌਰ ‘ਤੇ ਨੁਕਸਾਨ ਪਹੁੰਚਾਉਂਦਾ ਹੈ ਇਸ ਤੋਂ ਇਲਾਵਾ ਫ਼ਾਲ ਆਰਮੀਵਰਮ ਜੋ ਕੇ ਅਮਰੀਕੀ ਮਹਾਂਦੀਪ ਦਾ ਇੱਕ ਵਿਨਾਸ਼ਕਾਰੀ ਕੀੜਾ ਹੈ ਤੇ ਹੁਣ ਮੱਕੀ ਦੀ ਫਸਲ ‘ਤੇ ਇਸਦਾ ਹਮਲਾ ਪੰਜਾਬ ਵਿੱਚ ਵੀ ਦੇਖਿਆ ਗਿਆ ਹੈ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਆਪਣੇ ਖੇਤਾਂ ਦਾ ਚੰਗੀ ਤਰ੍ਹਾਂ ਸਰਵੇਖਣ ਕਰਨ
ਮੱਕੀ ਦੇ ਗੜੂੰਏ ਦੀ ਰੋਕਥਾਮ:
ਪੰਜਾਬ ਵਿੱਚ ਮੱਕੀ ਉੱਪਰ ਇਸ ਦਾ ਹਮਲਾ ਅਪਰੈਲ ਤੋਂ ਜੁਲਾਈ ਵਿੱਚ ਬੀਜੀ ਫ਼ਸਲ ‘ਤੇ ਹੁੰਦਾ ਹੈ ਇਸ ਦੇ ਪਤੰਗੇ 10-15 ਦਿਨ ਦੀ ਫ਼ਸਲ ਉੱਪਰ ਆਂਡੇ ਦੇਣ ਨੂੰ ਤਰਜੀਹ ਦਿੰਦੇ ਹਨ ਨਵ-ਜੰਮੀਆਂ ਸੁੰਡੀਆਂ ਪੱਤਿਆਂ ਉੱਪਰ ਖਰੋਚਾਂ ਬਣਾ ਕੇ ਖਾਂਦੀਆਂ ਹਨ ਹਮਲੇ ਵਾਲੀਆਂ ਗੋਭਾਂ ਵਿੱਚੋਂ ਨਵੇਂ ਨਿੱਕਲੇ ਪੱਤਿਆਂ ਉੱਪਰ ਨਿੱਕੀਆਂ-ਨਿੱਕੀਆਂ ਮੋਰੀਆਂ ਲਾਈਨਾਂ ਵਿੱਚ ਹੁੰਦੀਆਂ ਹਨ ਵੱਡੀਆਂ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ
ਗੜੂੰਏ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਤਰ ਕੀੜੇ ਟਰੀਕੋਗ੍ਰਾਮਾ ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕ੍ਰੋਸਾਈਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦੋ ਵਾਰ ਵਰਤਣ ਦੀ ਸਿਫਾਰਿਸ ਕੀਤੀ ਗਈ ਹੈ
ਪਹਿਲੀ ਵਾਰ 10 ਦਿਨਾਂ ਦੀ ਫ਼ਸਲ ਉੱਪਰ ਤੇ ਦੂਜੀ ਵਾਰ ਇਸ ਤੋਂ ਇੱਕ ਹਫ਼ਤੇ ਬਾਅਦ ਮਿੱਤਰ ਕੀੜੇ ਵਾਲੇ ਟਰਾਈਕੋਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਕੱਟ ਕੇ ਗੋਭ ਦੇ ਪੱਤੇ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇੱਕਸਾਰ ਦੂਰੀ ‘ਤੇ ਪਿੰਨ ਨਾਲ ਨੱਥੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਗੋਡੀ ਵੇਲੇ ਗੜੂੰਏਂ ਦੇ ਗੰਭੀਰ ਹਮਲੇ ਵਾਲੇ ਬੂਹੇ ਪੱਟ ਕੇ ਦੱਬਣ ਨਾਲ ਸੁੰਡੀ ਨੂੰ ਖਤਮ ਕਰ ਦੇਣਾ ਚਾਹੀਦਾ ਗੜੂੰਏਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਬਿਜਾਈ ਤੋਂ 2-3 ਹਫ਼ਤੇ ਵਿੱਚ ਜ਼ਿਆਦਾ ਲਾਹੇਵੰਦ ਹੈ ਪੱਤਿਆਂ ਉੱਪਰ ਕੀੜੇ ਦਾ ਹਮਲਾ ਨਜ਼ਰ ਆਉਂਦੇ ਹੀ 30 ਮਿ.ਲੀ. ਕੋਰਾਜ਼ਨ 18.5 ਐਸ. ਸੀ. (ਕਲੋਰਨਟ੍ਰਾਨੀਲੀਪਰੋਲ) ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ
ਫਾਲ ਅਰਮੀਵਰਮ:
ਸੁੰਡੀ ਮੁੱਖ ਤੌਰ ‘ਤੇ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ
ਰੋਕਥਾਮ:
-ਇਸ ਕੀੜੇ ਦੇ ਵਾਧੇ ਤੇ ਫੈਲਾਅ ਨੂੰ ਸੀਮਿਤ ਕਰਨ ਲਈ ਮੱਕੀ ਦੀ ਬਿਜਾਈ ਸ਼ਿਫਾਰਸ਼ ਸਮੇਂ ਅਨੁਸਾਰ ਕਰੋ ਚਾਰੇ ਵਾਲੀ ਮੱਕੀ ਦੀ ਬਿਜਾਈ ਮਾਰਚ ਤੋਂ ਸਤੰਬਰ ਦੀ ਬਜਾਏ ਅੱਧ ਅਪਰੈਲ ਤੋਂ ਅੱਧ ਅਗਸਤ ਤੱਕ ਕਰਨ ਨੂੰ ਤਰਜੀਹ ਦਿÀ ਨਾਲ ਲੱਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ‘ਤੇ ਨਾ ਕਰੋ ਤਾਂ ਜੋ ਕੀੜੇ ਦਾ ਫੈਲਾਅ ਘਟਾਇਆ ਜਾ ਸਕੇ
-ਚਾਰੇ ਵਾਲੀ ਮੱਕੀ ਵਿਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਬੀਜਣ ਨੂੰ ਤਰਜੀਹ ਦਿਉ
-ਸਿਫ਼ਾਰਸ਼ ਕੀਤੇ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਨਾਲ ਕਤਾਰਾਂ ਵਿੱਚ ਬਿਜਾਈ ਕਰੋ
-ਇਸ ਕੀੜੇ ਦੀ ਰੋਕਥਾਮ ਲਈ 0.4 ਮਿ.ਲੀ. ਕੋਰਾਜਨ 18.5 ਐੱਸ ਸੀ (ਕਲੋਰਐੈਂਟਰਾਨਿਲੀਪਰੋਲ) ਜਾਂ 0.5 ਮਿ.ਲੀ. ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਸੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ
-ਚਾਰੇ ਵਾਲੀ ਫ਼ਸਲ ‘ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿ.ਲੀ. ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਛਿੜਕਾਅ ਉਪਰੰਤ ਮੱਕੀ ਨੂੰ 21 ਦਿਨ ਤੱਕ ਪਸ਼ੂਆਂ ਨੂੰ ਨਾ ਚਾਰੋ
ਮੁੱਖ ਬਿਮਾਰੀਆਂ:
ਰੋਗ ਰਹਿਤ ਬੀਜ ਹੀ ਖੇਤਾਂ ਵਿੱਚ ਬੀਜੋ
ਬੀਜ ਗਲਣਾ ਤੇ ਪੌਦਾ ਝੁਲਸਣਾ:
ਬੀਜ ਘੱਟ ਉੱਗਦਾ ਹੈ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਛੋਟੇ ਪੌਦੇ ਮਰਨੇ ਸ਼ੁਰੂ ਹੋ ਜਾਂਦੇ ਹਨ ਰੋਗ ਰਹਿਤ ਬੀਜ ਦੀ ਵਰਤੋਂ ਕਰੋ
ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ:
ਇਸ ਬਿਮਾਰੀ ਨਾਲ ਟਾਂਡੇ ਅਤੇ ਛੱਲੀਆਂ ਦੁਆਲੇ ਪੱਤਿਆਂ ਉੱਤੇ ਫਿੱਕੇ ਤੇ ਗੂੜ੍ਹੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਬਾਅਦ ਵਿੱਚ ਇਹ ਧੱਬੇ ਇੱਕ-ਦੂਜੇ ਨਾਲ ਮਿਲ ਕੇ ਕੌਡੀਆਂ ਵਰਗੇ ਨਜ਼ਰ ਆਉਣ ਤਾਂ 100 ਮਿ.ਲੀ. ਐਮੀਸਟਾਰ ਟੌਪ 325 ਐਸ ਸੀ (ਐਜ਼ੋਕਸੀਸਟਰੋਬਿਨ+ਡਾਈਫਿਨੋਕੋਨਾਜ਼ੋਲ) ਨੂੰ 200 ਲਿਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ ਲੋੜ ਪੈਣ ‘ਤੇ ਦੂਜਾ ਛਿੜਕਾਅ 15 ਦਿਨ ਦੇ ਵਾਕਫ਼ੇ ‘ਤੇ ਕਰੋ
ਪੱਤਾ ਝੁਲਸ ਰੋਗ:
ਇਸ ਬਿਮਾਰੀ ਨਾਲ ਪੱਤਿਆਂ ‘ਤੇ ਤੱਕਲਿਆਂ ਵਰਗੇ ਧੱਬੇ ਪੈ ਜਾਂਦੇ ਹਨ ਤੇ ਧੱਬਿਆਂ ਦੁਆਲੇ ਪੀਲੇ ਤੋਂ ਭੂਰੇ ਰੰਗ ਦੇ ਘੇਰੇ ਬਣ ਜਾਂਦੇ ਹਨ ਇਹ ਘੇਰੇ ਵੱਡੇ ਹੋ ਕੇ ਇੱਕ-ਦੂਜੇ ਨਾਲ ਮਿਲ ਦੇ ਬੇਢਬੀ ਜਿਹੀ ਸ਼ਕਲ ਬਣਾ ਲੈਂਦੇ ਹਨ ਪਛੇਤੀ ਬਿਜਾਈ ‘ਤੇ ਇਸ ਹਮਲਾ ਵੱਧ ਹੁੰਦਾ ਹੈ , ਜਿਵੇਂ-ਜਿਵੇਂ ਬੂਟਾ ਵਧਦਾ ਹੈ, ਉਸ ਵਿੱਚ ਇਸ ਬਿਮਾਰੀ ਨਾਲ ਟਾਕਰਾ ਕਰਨ ਦੀ ਸਮਰਥਾ ਵੀ ਵਧ ਜਾਂਦੀ ਹੈ ਪੰਜਾਬ ਖੇਤੀਬਾੜੀ ਯੂਨੀਅਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਵਿੱਚ ਇਸ ਬਿਮਾਰੀ ਨਾਲ ਟਾਕਰਾ ਕਰਨ ਦੀ ਸਮਰੱਥਾ ਹੈ
ਟਾਂਡੇ ਗਲਣਾ:
ਇਹ ਰੋਗ ਇੱਕ ਜੀਵਾਣੂ ਕਰਕੇ ਹੁੰਦਾ ਹੈ, ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭਰੇ ਨਿਸ਼ਾਨ ਪੈ ਜਾਂਦੇ ਹਨ ਜਿਸਦੇ ਨਾਲ ਇਹ ਹੌਲੀ-ਹੌਲੀ ਗਲਣਾ ਸ਼ੁਰੂ ਹੋ ਜਾਂਦਾ ਹੈ ਅਗਸਤ ਤੇ ਸਤੰਬਰ ਦੇ ਮਹੀਨੇ ਵਿੱਚ ਜ਼ਿਆਦਾ ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ, ਜਿਸ ਨਾਲ ਇਹ ਹੌਲੀ-ਹੌਲੀ ਗਲਣਾ ਸ਼ੁਰੂ ਹੋ ਜਾਂਦਾ ਹੈ ਅਗਸਤ ਤੇ ਸਤੰਬਰ ਦੇ ਮਹੀਨੇ ਵਿੱਚ ਜ਼ਿਆਦਾ ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ ਜਿਸ ਨਾਲ ਇਹ ਬਿਮਾਰੀ ਬਹੁਤ ਜਲਦੀ ਫੈਲਦੀ ਹੈ ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖਤਮ ਹੋਣਾ ਤੇ ਤਣੇ ਵਿੱਚ ਬਦਬੂ ਆਉਣਾ ਇਸ ਬਿਮਾਰੀ ਦੇ ਮੁੱਖ ਚਿੰਨ੍ਹ ਹਨ ਗਲਿਆ ਹੋਇਆ ਤਣਾ ਮੁੱਢ ਤੋਂ ਦੂਜੀ ਜਾਂ ਤੀਜੀ ਗੰਢ ਦੇ ਵਿਚਕਾਰੋਂ ਟੁੱਟ ਜਾਂਦਾ ਹੈ ਤੇ ਸੁੱਕ ਜਾਂਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਖੇਤ ਵਿਚ ਪਾਣੀ ਦਾ ਨਿਕਾਸ ਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰੱਖੋ ਬਿਮਾਰੀ ਵਾਲੇ ਪੌਦਿਆਂ ਦੇ ਮੁੱਢਾਂ ਨੂੰ ਨਸ਼ਟ ਕਰ ਦਿਓ
ਮੱਕੀ ਦੀ ਕਟਾਈ ਅਤੇ ਛੜਾਈ:
ਮੱਕੀ ਦੀ ਕਟਾਈ ਉਸ ਸਮੇਂ ਕਰ ਲਓ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਰਹਿ ਸਕਦੇ ਹਨ ਦਾਣਿਆਂ ਵਿੱਚ ਸਿੱਲ੍ਹ ਦੀ ਮਾਤਰਾ 15-20 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਛੱਲੀਆਂ ਦੇ ਪਰਦੇ ਲਾਹੁਣ ਤੇ ਦਾਣੇ ਕੱਢਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਪਰਦਿਆਂ ਸਮੇਤ ਛੱਲੀਆਂ ‘ਚੋਂ ਦਾਣੇ ਕੱਢੇ ਜਾ ਸਕਦੇ ਹਨ ਮੱਕੀ ਨੂੰ ਸੁਕਾਉਣ ਲਈ ਡ੍ਰਾਇਰ ਕਈ ਮੰਡੀਆਂ ਵਿੱਚ ਉਪਲੱਬਧ ਹਨ ਇਸ ਤੋਂ ਇਲਾਵਾ ਪੀਏਯੂ ਵੱਲੋਂ ਤਿਆਰ ਕੀਤੇ ਮੱਕੀ ਦੇ ਡ੍ਰਾਇਰ (3 ਟਨ ਸਮਰੱਥਾ) ਦੀ ਵਰਤੋਂ ਕੀਤੀ ਜਾ ਸਕਦੀ ਹੈ ਸੁੱਕੇ ਹੋਏ ਦਾਣਿਆਂ ਦਾ ਮੰਡੀ ਵਿੱਚ ਚੰਗਾ ਮੁੱਲ ਮਿਲਦਾ ਹੈ
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।