ਪੰਜਾਬ ਵੱਲੋਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਬੇਨਤੀ, ਜਿਆਦਾ ਸਮਾਂ ਘਰ ਵਿੱਚ ਹੀ ਬਿਤਾਇਆ ਜਾਵੇ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਧਦੀ ਹੀ ਜਾ ਰਹੀਂ ਹੈ। ਹੁਣ ਤੱਕ ਪੰਜਾਬ ਵਿੱਚ 13 ਕਰੋਨਾ ਵਾਇਰਸ ਦੇ ਪੀੜਤ ਮਿਲ ਚੁੱਕੇ ਹਨ, ਜਦੋਂ ਕਿ ਇਨਾਂ ਕਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਨਿਗਰਾਨੀ (ਆਈਸੋਲੇਸ਼ਨ) ਵਿੱਚ ਰੱਖਿਆ ਜਾ ਰਿਹਾ ਹੈ। ਇਥੇ ਹੀ ਪੰਜਾਬ ਦੀ ਰਾਜਧਾਨੀ ਵਿਖੇ ਪਹਿਲਾ ਕਰੋਨਾ ਪੀੜਤ ਮਰੀਜ ਮਿਲਿਆ ਹੈ ਜਦੋਂ ਕਿ ਟ੍ਰਾਈਸਿਟੀ, ਜਿਸ ਵਿੱਚ ਚੰਡੀਗੜ ਅਤੇ ਮੁਹਾਲੀ ਸਣੇ ਪੰਚਕੂਲਾ ਆਉਂਦਾ ਹੈ, ਵਿੱਚ ਹੁਣ ਤੱਕ 9 ਕਰੋਨਾ ਪੀੜਤ ਮਿਲ ਚੁੱਕੇ ਹਨ। ਜਿਨਾਂ ਨੂੰ ਇਲਾਜ ਦੇਣ ਲਈ ਹਸਪਤਾਲ ਵਿਖੇ ਦਾਖ਼ਲ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਨਾਂ ਦੇ ਪਰਿਵਾਰਕ ਮੈਂਬਰਾਂ ਸਣੇ ਦੋਸਤਾਂ ਸਣੇ ਮਿਲਣ ਵਾਲੇ ਆਮ ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਹੈ।
ਸੈਕਟਰ 21 ਦੀ ਇੱਕ 23 ਸਾਲਾ ਨੌਜਵਾਨ ਲੜਕੀ ਇਸ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਸਣੇ ਜਿਥੇ ਜਿਥੇ ਉਹ ਗਈ ਸੀ, ਉਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਪੰਚਕੂਲਾਂ ਦੀ ਇੱਕ ਔਰਤ ਨੂੰ ਵੀ ਇਸੇ ਲੜਕੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਰੋਨਾ ਵਾਇਰਸ ਨਾਲ ਪੀੜਤਾਂ ਪਾਇਆ ਗਿਆ ਹੈ, ਜਦੋਂ ਕਿ ਉਸ ਦੇ 3 ਪਰਿਵਾਰਕ ਮੈਂਬਰ ਵੀ ਇਸੇ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਦੇ ਹੋਏ ਇਲਾਜ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਮਿਲੇ 13 ਪੀੜਤ ਮਾਮਲਿਆਂ ਵਿੱਚ ਸਭ ਤੋਂ ਜਿਆਦਾ ਮਾਮਲੇ ਨਵਾਂ ਸ਼ਹਿਰ ਵਿੱਚ ਮਿਲੇ ਹਨ। ਸਰਕਾਰੀ ਅੰਕੜੇ ਅਨੁਸਾਰ 13 ਵਿੱਚੋਂ 8 ਪੀੜਤ ਨਵਾਂ ਸ਼ਹਿਰ, 3 ਮਾਮਲੇ ਮੁਹਾਲੀ ਅਤੇ 1 ਮਾਮਲਾ ਅੰਮ੍ਰਿਤਸਰ ਵਿਖੇ ਮਿਲਿਆ ਹੈ। ਜਦੋਂ ਕਿ ਬਾਕੀ ਥਾਂਵਾਂ ‘ਤੇ ਕੋਈ ਵੀ ਮਾਮਲਾ ਮਿਲਣ ਦੀ ਜਾਣਕਾਰੀ ਨਹੀਂ ਹੈ, ਜਦੋਂ ਕਿ ਕਾਫ਼ੀ ਥਾਂਵਾਂ ‘ਤੇ ਪਰਿਵਾਰਕ ਮੈਂਬਰਾਂ ਸਣੇ ਉਨਾਂ ਨੂੰ ਲੋਕਾਂ ਨੂੰ ਘਰਾਂ ਵਿੱਚ ਨਿਗਰਾਨੀ ‘ਚ ਰੱਖਿਆ ਜਾ ਰਿਹਾ ਹੈ, ਜਿਹੜੇ ਕਿ ਇਨਾਂ ਦੇ ਸੰਪਰਕ ਵਿੱਚ ਆਏ ਸਨ।
ਕਿਥੇ ਅਤੇ ਕਿਵੇਂ ਮਿਲੇ 13 ਮਾਮਲੇ ?
ਪਹਿਲਾ ਮਾਮਲਾ ਇਟਲੀ ਤੋਂ ਆਈ ਇੱਕ ਯਾਤਰੀ ਨੂੰ ਅੰਮ੍ਰਿਤਸਰ ਵਿਖੇ ਦਾਖਲ ਕੀਤਾ ਹੋਇਆ ਹੈ, ਜਿਹੜਾ ਠੀਕ ਹੈ।
ਦੂਜਾ ਮਾਮਲਾ ਨਵਾਂ ਸ਼ਹਿਰ ਤੋਂ ਹੈ, ਜਿਥੇ ਇੱਕ 70 ਸਾਲ ਬਜ਼ੁਰਗ 7 ਮਾਰਚ ਨੂੰ ਇਟਲੀ ਹੁੰਦੇ ਹੋਏ ਜਰਮਨੀ ਤੋਂ ਦਿੱਲੀ ਏਅਰਪੋਰਟ ਰਾਹੀਂ ਪੰਜਾਬ ਵਿੱਚ ਆਇਆ ਸੀ। ਇਸ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਹੈ।
ਤੀਜਾ ਮਾਮਲਾ ਵੀ ਨਵਾਂ ਸ਼ਹਿਰ ਦਾ ਹੀ ਹੈ, ਇਥੇ 69 ਸਾਲਾਂ ਮਹਿਲਾ ਯੂ.ਕੇ. ਤੋਂ 13 ਮਾਰਚ ਨੂੰ ਦਿੱਲੀ ਏਅਰਪੋਰਟ ਰਾਹੀਂ ਆਈ ਸੀ। ਇਸ ਵਿੱਚ 18 ਮਾਰਚ ਨੂੰ ਕਰੋਨਾ ਵਾਇਰਸ ਪਾਇਆ ਗਿਆ ਹੈ। ਹੁਣ ਇਸ ਦੀ ਸਿਹਤ ਸਥਿਰ ਹੈ।
ਚੌਥਾ, ਪੰਜਵਾਂ ਅਤੇ ਛੇਵਾਂ, ਸਤਵਾਂ, ਅੱਠਵਾਂ ਅਤੇ ਨੌਵਾਂ ਮਾਮਲਾ ਵੀ ਨਵਾਂ ਸ਼ਹਿਰ ਦਾ ਹੀ ਹੈ, ਇਸ ਸ਼ਹਿਰ ਵਿੱਚ 3 ਮਹਿਲਾ ਅਤੇ 3 ਪੁਰਸ਼ ਕਰੋਨਾ ਵਾਇਰਸ ਪੀੜਤ ਦੇ ਸੰਪਰਕ ਵਿੱਚ ਆਉਣ ਦੇ ਚਲਦੇ ਇਸ ਨਾਲ ਪੀੜਤ ਹੋ ਗਏ ਹਨ। ਇਨਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਦੇ ਹੋਏ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਸਾਰੇ ਠੀਕ ਅਤੇ ਸਥਿਰ ਹਨ।
ਇਥੇ ਹੀ 10ਵਾ ਮਾਮਲਾ ਮੁਹਾਲੀ ਤੋਂ ਹੈ, ਜਿਥੇ 42 ਸਾਲਾ ਇੱਕ ਵਿਅਕਤੀ ਲੰਦਨ ਤੋਂ 12 ਮਾਰਚ ਨੂੰ ਦਿੱਲੀ ਏਅਰਪੋਰਟ ਰਾਹੀਂ ਆਇਆ ਸੀ, ਜਿਸ ਨੂੰ ਕਿ ਕਰੋਨਾ ਪੀੜਤ ਹੋਣ ਕਾਰਨ ਚੰਡੀਗੜ ਦੇ ਸੈਕਟਰ 16 ਵਿਖੇ ਇਲਾਜ ਅਧੀਨ ਰੱਖਿਆ ਗਿਆ ਹੈ।
11ਵਾਂ ਮਾਮਲਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਤੋਂ 60 ਸਾਲਾ ਪੁਰਸ਼ ਸਾਹਮਣੇ ਆਇਆ ਹੈ, ਜਿਹੜਾ ਕਿ ਨਵਾਂ ਸ਼ਹਿਰ ਦੇ ਇੱਕ ਪੀੜਤ ਦੇ ਸੰਪਰਕ ਵਿੱਚ ਆਇਆ ਸੀ ਅਤੇ ਇਹ ਇਲਾਜ ਅਧੀਨ ਹੈ ਤੇ ਸਟੇਬਲ ਹੈ।
12ਵਾ ਮਾਮਲਾ ਮੁਹਾਲੀ ਦੀ 74 ਸਾਲਾ ਮਹਿਲਾ ਦਾ ਹੈ। ਜਿਹੜੀ ਯੂ.ਕੇ. ਤੋਂ ਆਈ ਆਪਣੀ ਭੈਣ ਦੇ ਸੰਪਰਕ ਵਿੱਚ ਆਈ ਸੀ ਅਤੇ ਹੁਣ ਇਲਾਜ ਅਧੀਨ ਹੋਣ ਦੇ ਨਾਲ ਹੀ ਇਸ ਦੀ ਹਾਲਤ ਸਥਿਰ ਹੈ।
13ਵਾ ਮਾਮਲਾ ਵੀ ਮੁਹਾਲੀ ਦਾ ਹੀ ਹੈ। ਜਿਥੇ ਕਿ 28 ਸਾਲਾਂ ਲੜਕੀ ਚੰਡੀਗੜ ਵਿਖੇ ਕਰਮਚਾਰੀ ਹੈ। ਇਸ ਦੇ ਪੀੜਤ ਹੋਣ ਤੋਂ ਬਾਅਦ ਇਸ ਨੂੰ ਇਲਾਜ ਅਧੀਨ ਰੱਖਿਆ ਗਿਆ ਹੈ।
14ਵਾ ਮਾਮਲਾ ਅੰਮ੍ਰਿਤਸਰ ਦਾ ਹੈ। 19 ਮਾਰਚ ਨੂੰ ਇੱਕ ਯਾਤਰੀ ਦਿੱਲੀ-ਅਮ੍ਰਿਤਸਰ ਸ਼ਤਾਬਦੀ ਵਿੱਚ ਸੀ-2 ਕੋਚ ਰਾਹੀਂ ਅੰਮ੍ਰਿਤਸਰ ਵਿਖੇ ਪੁੱਜਿਆ ਸੀ। ਇਸ ਦੀ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਸ ਨੂੰ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।